ਈਡੀ ਅੱਗੇ ਪੇਸ਼ ਨਹੀਂ ਹੋਇਆ ਕਾਰਤੀ ਚਿਦੰਬਰਮ, ਮਾਮਲੇ ਨੂੰ ‘ਸਭ ਤੋਂ ਫ਼ਰਜ਼ੀ’ ਕਰਾਰ ਦਿੱਤਾ
ਨਵੀਂ ਦਿੱਲੀ, 13 ਦਸੰਬਰ
ਕਾਂਗਰਸ ਆਗੂ ਅਤੇ ਸੰਸਦ ਮੈਂਬਰ ਕਾਰਤੀ ਚਿਦੰਬਰਮ 2011 ਵਿੱਚ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਵਿੱਚ ਕਥਿਤ ਬੇਨਿਯਮੀਆਂ ਦੀ ਮਨੀ ਲਾਂਡਰਿੰਗ ਜਾਂਚ ਵਿੱਚ ਪੁੱਛ ਪੜਤਾਲ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਇਸ ਮਾਮਲੇ ਨੂੰ ਸਭ ਤੋਂ ਫਰਜ਼ੀ ਦੱਸਿਆ। ਤਾਮਿਲਨਾਡੂ ਦੀ ਸ਼ਿਵਗੰਗਈ ਲੋਕ ਸਭਾ ਸੀਟ ਤੋਂ 52 ਸਾਲਾ ਸੰਸਦ ਮੈਂਬਰ ਨੂੰ ਕੇਂਦਰੀ ਏਜੰਸੀ ਨੇ ਇਸ ਹਫ਼ਤੇ ਇੱਥੇ ਆਪਣੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਸੀ।
ਕੇਂਦਰੀ ਜਾਂਚ ਬਿਊਰੋ (ਸੀਬੀਈ) ਦੀ ਐੱਫਆਈਆਰ ਅਨੁਸਾਰ ਵੇਦਾਂਤਾ ਸਮੂਹ ਦੀ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਉੱਚ ਅਧਿਕਾਰੀ ਨੇ ਕਾਰਤੀ ਅਤੇ ਉਸ ਦੇ ਨਜ਼ਦੀਕੀ ਸਹਿਯੋਗੀ ਐੱਸ. ਭਾਸਕਰਰਮਨ ਨੂੰ ਰਿਸ਼ਵਤ ਵਜੋਂ 50 ਲੱਖ ਰੁਪਏ ਦਿੱਤੇ ਸਨ। ਐਨਫੋਰਸਮੈਂਟ ਡਾਇਰੈਕਟੋਰੇਟ ਦਾ ਇਹ 2022 ਦਾ ਕੇਸ ਇਨ੍ਹਾਂ ਦੋਸ਼ਾਂ ਨਾਲ ਸਬੰਧਤ ਹੈ। ਕਾਂਗਰਸੀ ਨੇਤਾ ਨੇ ਕਿਹਾ,‘ ਮੇਰੇ ’ਤੇ ਤਿੰਨ ਸ਼੍ਰੇਣੀਆਂ ਦੇ ਕੇਸ ਲਗਾਏ ਗਏ ਹਨ: ਫਰਜ਼ੀ, ਜ਼ਿਆਦਾ ਫਰਜ਼ੀ ਅਤੇ ਸਭ ਤੋਂ ਫਰਜ਼ੀ। ਇਹ ਤੀਜੀ ਸ਼੍ਰੇਣੀ ਹੈ। ਮੇਰੇ ਵਕੀਲ ਇਸ ਨਾਲ ਨਜਿੱਠਣਗੇ।’