For the best experience, open
https://m.punjabitribuneonline.com
on your mobile browser.
Advertisement

ਕਰਤਾਰਪੁਰ: ਸਰਕਾਰ ਲਈ ਕਮਾਊ ਪੁੱਤ ਨਹੀਂ ਬਣ ਸਕਿਆ ਮੈਗਨੋਲੀਆ

07:41 AM Apr 19, 2024 IST
ਕਰਤਾਰਪੁਰ  ਸਰਕਾਰ ਲਈ ਕਮਾਊ ਪੁੱਤ ਨਹੀਂ ਬਣ ਸਕਿਆ ਮੈਗਨੋਲੀਆ
ਕਰਤਾਰਪੁਰ ਵਿੱਚ ਬੰਦ ਪਏ ਮੈਗਨੋਲੀਆ ਦੀ ਬਾਹਰੀ ਝਲਕ।
Advertisement

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 18 ਅਪਰੈਲ
ਕਰਤਾਰਪੁਰ ਵਿੱਚ ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਪ੍ਰੋਤਸਾਹਨ ਬੋਰਡ ਦੀ ਦੇਖ-ਰੇਖ ਹੇਠ ਚਲਦੇ ਰੇਸਤਰਾਂ ‘ਮੈਗਨੋਲੀਆ’ ਉੱਪਰ ਇੱਕ ਕਰੋੜ ਰੁਪਏ ਦੀ ਰਕਮ ਖ਼ਰਚ ਕਰ ਕੇ ਨਵਿਆਉਣ ਉਪਰੰਤ ਵੀ ਸਰਕਾਰ ਲਈ ਕਮਾਊ ਪੁੱਤ ਨਹੀਂ ਬਣ ਸਕਿਆ।
ਇਸ ਨੂੰ ਤਤਕਾਲੀ ਸੂਬਾ ਸਰਕਾਰ ਨੇ ਸਮੇਂ ਦਾ ਹਾਣੀ ਬਣਾਉਣ ਲਈ 2017 ਵਿੱਚ ਕਰੋੜਾਂ ਰੁਪਏ ਖ਼ਰਚ ਕੇ ਪੁਰਾਣੀ ਇਮਾਰਤ ਨੂੰ ਨਵੀਂ ਦਿੱਖ ਦੇਣ ਅਤੇ ਹੋਟਲ ਤੇ ਰੇਸਤਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕੀਤਾ ਸੀ। ਹੋਟਲ ਦੀ ਮੁਰੰਮਤ ਦਾ ਕੰਮ ਹੋਣ ਉਪਰੰਤ 2019 ਵਿੱਚ ਡੇਢ ਲੱਖ ਰੁਪਏ ਮਹੀਨੇ ਦੀ ਲੀਜ਼ ਲਈ 10 ਸਾਲਾਂ ਲਈ ਪ੍ਰਾਈਵੇਟ ਵਿਅਕਤੀ ਨੂੰ ਦਿੱਤਾ ਗਿਆ ਸੀ। ਇਸ ਹੋਟਲ ਵਿੱਚ ਸਾਰੀਆਂ ਸੁੱਖ ਸੁਵਿਧਾਵਾਂ ਦੇਣ ਲਈ ਚਾਰ ਕਮਰੇ, ਇਕ ਹਾਲ, ਇਕ ਬਾਰ, ਇਕ ਰੇਸਤਰਾਂ ਅਤੇ ਰਸੋਈ ਤੋਂ ਇਲਾਵਾ ਪਾਰਕਿੰਗ ਦਾ ਪ੍ਰਬੰਧ ਹੈ।
ਕਰੋਨਾ ਦੌਰਾਨ ਮੈਗਨੋਲੀਆ ਲਗਾਤਾਰ ਘਾਟੇ ਵਿੱਚ ਜਾਣ ਕਾਰਨ ਬੰਦ ਹੋ ਗਿਆ ਸੀ। ਲੀਜ਼ ’ਤੇ ਲੈਣ ਵਾਲੀ ਰੋਇਲ ਪਾਰਕ ਹੋਟਲ ਲਈ ਮੈਨੇਜਮੈਂਟ ਨੇ ਲੀਜ਼ ਰੱਦ ਕਰਵਾਉਣ ਲਈ ਵਿਭਾਗ ਤੱਕ ਪਹੁੰਚ ਕੀਤੀ ਸੀ। ਲੀਜ਼ ਰੱਦ ਕਰਵਾਉਣ ਦਾ ਮਾਮਲਾ ਹਾਲੇ ਤੱਕ ਸਰਕਾਰੀ ਫਾਈਲਾਂ ਵਿੱਚ ਉਲਝਿਆ ਹੋਇਆ ਹੈ।
ਮੈਗਨੋਲੀਆ ਦੇ ਹਾਲਾਤ ਅਜਿਹੇ ਹਨ ਕਿ ਅੰਦਰ ਪਿਆ ਮਹਿੰਗੇ ਮੁੱਲ ਦਾ ਫਰਨੀਚਰ, ਰਸੋਈ ਤੇ ਹੋਰ ਆਧੁਨਿਕ ਸਾਮਾਨ ਕਬਾੜ ਬਣ ਰਿਹਾ ਹੈ। ਸਫ਼ਾਈ ਵੀ ਘਾਟ ਕਾਰਨ ਹੋਟਲ ਦੇ ਅਹਾਤੇ ਵਿੱਚ ਜੰਗਲੀ ਬੂਟੀ ਉੱਗੀ ਹੋਈ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਸ਼ੁਰੂ ਕੀਤੀ ਦਿੱਲੀ-ਲਾਹੌਰ ਬੱਸ ਸਦਾ-ਏ-ਸਰਹਦ ਇੱਥੇ ਯਾਤਰੀਆਂ ਦੇ ਆਰਾਮ ਅਤੇ ਖਾਣ-ਪੀਣ ਲਈ ਰੁਕਦੀ ਸੀ।
ਇਸ ਦੀ ਦੇਖ-ਰੇਖ ਕਰਦੇ ਦੀਪ ਠਾਕੁਰ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਅੰਮ੍ਰਿਤਸਰ ਜਾਣ ਮੌਕੇ ਕਈ ਵਾਰ ਇੱਥੇ ਰੁਕ ਕੇ ਨਿਰੀਖਣ ਕਰਦੇ ਰਹਿੰਦੇ ਹਨ।
ਮੈਗਨੌਲੀਆ ਨੂੰ ਲੀਜ਼ ’ਤੇ ਲੈਣ ਵਾਲੀ ਕੰਪਨੀ ਦੇ ਸੰਚਾਲਕ ਪ੍ਰਿੰਸ ਅਰੋੜਾ ਨੇ ਦੱਸਿਆ ਕਿ ਕਰਤਾਰਪੁਰ ਵਿੱਚ ਬਣੇ ਫਲਾਈ ਓਵਰ ਕਾਰਨ ਹੋਟਲ ਸਨਅਤ ਬੰਦ ਹੋ ਗਈ ਹੈ। ਕਰੋਨਾ ਕਾਲ ਦੌਰਾਨ ਘਾਟੇ ਵਿੱਚ ਗਏ ਹੋਟਲ ਨੂੰ ਨਵੇਂ ਸਿਰੇ ਤੋਂ ਚਲਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਦਿੱਤੀ।

Advertisement

ਨਵੇਂ ਸਿਰੇ ਤੋਂ ਲੀਜ਼ ’ਤੇ ਦੇਣ ਲਈ ਯਤਨ ਜਾਰੀ: ਭਾਟੀਆ

ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਪ੍ਰੋਤਸਾਹਨ ਬੋਰਡ ਚੰਡੀਗੜ੍ਹ ਦੀ ਕਮਰਸ਼ੀਅਲ ਵੈਂਡਰ ਰਿਧੀ ਭਾਟੀਆ ਨੇ ਦੱਸਿਆ ਕਿ ਕਰੋਨਾ ਕਾਲ ਸਮੇਂ ਮੈਗਨੌਲੀਆ ਦਾ ਕੰਮ ਠੱਪ ਹੋਣ ਕਾਰਨ ਲੀਜ਼ ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਲੋੜੀਂਦੀ ਸਰਕਾਰੀ ਪ੍ਰਕਿਰਿਆ ਪੂਰੀ ਕਰ ਕੇ ਨਵੇਂ ਸਿਰੇ ਤੋਂ ਲੀਜ਼ ’ਤੇ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ।

Advertisement
Author Image

joginder kumar

View all posts

Advertisement
Advertisement
×