ਪੰਜ ਦਿਨਾਂ ਮਗਰੋਂ ਖੁੱਲ੍ਹਿਆ ਕਰਤਾਰਪੁਰ ਲਾਂਘਾ
ਡਾ. ਰਜਿੰਦਰ ਸਿੰਘ
ਡੇਰਾ ਬਾਬਾ ਨਾਨਕ, 25 ਜੁਲਾਈ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਪੰਜ ਦਿਨਾਂ ਦੀ ਰੋਕ ਮਗਰੋਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ| ਜ਼ਿਕਰਯੋਗ ਹੈ ਕਿ ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਲਾਂਘੇ ਦੇ ਦੋਵੇਂ ਪਾਸੇ ਪਾਣੀ ਭਰ ਗਿਆ ਸੀ ਅਤੇ ਭਾਰਤ ਵਾਲੇ ਪਾਸੇ ਸੜਕ ਵੀ ਟੁੱਟ ਗਈ ਸੀ। ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਲੈਂਡ ਪੋਰਟ ਅਥਾਰਟੀ ਵੱਲੋਂ ਯਾਤਰਾ ਰੋਕ ਦਿੱਤੀ ਗਈ ਸੀ| ਅੱਜ 106 ਯਾਤਰੀਆਂ ਵੱਲੋਂ ਪਾਕਿਸਤਾਨ ਜਾਣ ਲਈ ਰਜਿਸਟ੍ਰੇਸ਼ਨ ਕਾਰਵਾਈ ਹੋਈ ਸੀ ਜਿਨ੍ਹਾਂ ਵਿੱਚੋਂ ਸਿਰਫ਼ 53 ਯਾਤਰੀ ਅੱਜ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਆਏ| ਕੁਝ ਸ਼ਰਧਾਲੂਆਂ ਨੂੰ ਅੱਜ ਨਿਰਾਸ਼ ਵੀ ਪਰਤਣਾ ਪਿਆ ਹੈ ਕਿਉਂਕਿ ਉਨ੍ਹਾਂ ਕੋਲ 2 ਦਿਨ ਦਿਨ ਪੁਰਾਣੀ ਰਜਿਸਟ੍ਰੇਸ਼ਨ ਸੀ। ਉਨ੍ਹਾਂ ਨੂੰ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ| ਇਸ ਮੌਕੇ ਸ਼ਰਧਾਲੂ ਹਰਜੀਤ ਸਿੰਘ ਨੇ ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਂਘਾ ਖੁੱਲ੍ਹਣ ’ਤੇ ਖੁਸ਼ੀ ਪ੍ਰਗਟਾਈ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਸ਼ਰਧਾਲੂ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 23 ਤਾਰੀਖ਼ ਦੀ ਰਜਿਸਟ੍ਰੇਸ਼ਨ ਸੀ ਪਰ ਉਸ ਦਿਨ ਲਾਂਘਾ ਬੰਦ ਹੋਣ ਕਰਕੇ ਉਹ ਦਰਸ਼ਨ ਲਈ ਨਹੀਂ ਜਾ ਸਕੇ ਸਨ ਅਤੇ ਅੱਜ ਉਹ ਦਰਸ਼ਨਾਂ ਲਈ ਮੁਹਾਲੀ ਤੋਂ ਆਏ ਸਨ ਪਰ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਕਰਤਾਰਪੁਰ ਸਾਹਿਬ ਯਾਤਰਾ ਰੋਕ ਦਿੱਤੀ ਗਈ ਸੀ।
ਯਾਤਰਾ ਤੋਂ ਵਾਂਝੇ ਰਹਿਣ ਵਾਲੇ ਸ਼ਰਧਾਲੂਆਂ ਨੂੰ ਮੁੜ ਕਰਨਾ ਪਵੇਗਾ ਅਪਲਾਈ: ਡੀਸੀ
ਲੰਘੀ 20 ਜੁਲਾਈ ਤੋਂ 24 ਜੁਲਾਈ ਤੱੱਕ 700 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਸਨ। ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਸ਼ਰਧਾਲੂ ਫਿਰ ਤੋਂ ਅਪਲਾਈ ਕਰ ਸਕਦੇ ਹਨ।