For the best experience, open
https://m.punjabitribuneonline.com
on your mobile browser.
Advertisement

ਕਰਤਾਰਪੁਰ ਲਾਂਘਾ: ਗੁਰੂਘਰ ਜਾਣ ਲਈ ਪ੍ਰਕਿਰਿਆ ਸਰਲ ਕਰਨ ਅਤੇ ਵਪਾਰ ਖੋਲ੍ਹਣ ਦੀ ਮੰਗ

08:53 AM Nov 20, 2023 IST
ਕਰਤਾਰਪੁਰ ਲਾਂਘਾ  ਗੁਰੂਘਰ ਜਾਣ ਲਈ ਪ੍ਰਕਿਰਿਆ ਸਰਲ ਕਰਨ ਅਤੇ ਵਪਾਰ ਖੋਲ੍ਹਣ ਦੀ ਮੰਗ
ਡੇਰਾ ਬਾਬਾ ਨਾਨਕ ਵਿੱਚ ਸੈਮੀਨਾਰ ਨੂੰ ਸੰਬੋਧਨ ਕਰਦਾ ਹੋਇਆ ਇੱਕ ਬੁਲਾਰਾ।
Advertisement

ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 19 ਨਵੰਬਰ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਕਰਤਾਰਪੁਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਕਰਤਾਰਪੁਰ ਲਾਂਘੇ ਦੀ ਸਰਹੱਦ ਉੱਤੇ ‘ਗੁਰੂ ਨਾਨਕ ਦੇਵ ਦੇ ਦਰਸ਼ਨ ਅਤੇ ਉਸ ਦੀ ਵਰਤਮਾਨ ਪ੍ਰਸੰਗਿਕਤਾ’ ਵਿਸ਼ੇ ਉੱਤੇ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ।
ਸੈਮੀਨਾਰ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਪ੍ਰਲੇਸ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਦਿਲਬਾਗ ਸਿੰਘ ਸਰਕਾਰੀਆ, ਰਾਜ ਗੁਰਵਿੰਦਰ ਸਿੰਘ ਲਾਡੀ, ਵਿਜੈ ਕੁਮਾਰ ਸੋਨੀ, ਪ੍ਰਿੰਸੀਪਲ ਹਰਜਿੰਦਰ ਕੌਰ ਅਤੇ ਮੈਡਮ ਕਮਲ ਗਿੱਲ ਨੇ ਕੀਤੀ। ਪ੍ਰਲੇਸ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਵੱਲੋਂ ਸੈਮੀਨਾਰ ਦੀ ਭੂਮਿਕਾ ਬੰਨ੍ਹਣ ਤੋਂ ਬਾਅਦ ਪ੍ਰਲੇਸ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸੰਧੂ ਨੇ ਸਭ ਨੂੰ ਜੀ ਆਇਆਂ ਕਿਹਾ। ਮੁੱਖ ਬੁਲਾਰੇ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਉਸਾਰੀ ਦਾ ਬਦਲਵਾਂ ਮਾਡਲ ਦਿੱਤਾ। ਉਨ੍ਹਾਂ ਗੋਲੀਆਂ ਦੀ ਥਾਂ ਸੰਵਾਦ ਦਾ ਫ਼ਲਸਫ਼ਾ ਦਿੱਤਾ ਜਿਸ ਦੀ ਸਰਹੱਦਾਂ ’ਤੇ ਫੈਲਾਏ ਜਾ ਰਹੇ ਤਣਾਅ ਦੇ ਪ੍ਰਸੰਗ ਵਿੱਚ ਵਿਸ਼ੇਸ਼ ਭੂਮਿਕਾ ਹੈ।
ਰਮੇਸ਼ ਯਾਦਵ ਨੇ ਕਿਹਾ ਕਿ ਜੇ ਹਿੰਦ ਪਾਕਿ ਦਾ ਵਪਾਰ ਖੁੱਲ੍ਹਦਾ ਹੈ ਤਾਂ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। ਉਨ੍ਹਾਂ ਕਿਸਾਨਾਂ, ਚਿੰਤਕਾਂ ਅਤੇ ਲੇਖਕਾਂ ਨੂੰ ਇਸ ਕਾਰਜ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਸੁਰਜੀਤ ਜੱਜ ਨੇ ਇਸਲਾਮ ਅਤੇ ਗੁਰਮਤਿ ਦੇ ਹਵਾਲੇ ਨਾਲ ਕਿਹਾ ਕਿ ਗਿਆਨ ਹਮੇਸ਼ਾ ਮਾਨਵੀ ਅਤੇ ਸਰਬਵਿਆਪੀ ਹੁੰਦਾ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਮੁਕਤੀ ਦਾ ਮਾਡਲ ਦਿੱਤਾ। ਉਨ੍ਹਾਂ ਦਾ ਫ਼ਲਸਫ਼ਾ ਜੀਵਨ ਤੋਂ ਭੱਜਣ ਦਾ ਨਹੀਂ, ਜਿਉਂਦਿਆਂ ਮੁਕਤੀ ਪ੍ਰਾਪਤ ਕਰਨ ਦਾ ਹੈ।
ਮੈਡਮ ਕਮਲ ਗਿੱਲ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪਾਸਪੋਰਟ ਦੀ ਸ਼ਰਤ ਹਟਾ ਕੇ ਸਿਰਫ਼ ਪਛਾਣ ਪੱਤਰ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਵੀਹ ਡਾਲਰ ਦੀ ਫੀਸ ਖਤਮ ਕੀਤੀ ਜਾਵੇ, ਕਰਤਾਰਪੁਰ ਲਾਂਘੇ ਤੇ ਅਟਾਰੀ ਸਰਹੱਦ ਨੂੰ ਵਪਾਰਕ ਹੱਬ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇ ਅਤੇ ਗ੍ਰਿਫ਼ਤਾਰ ਕੀਤੇ ਜਾ ਰਹੇ ਪੱਤਰਕਾਰਾਂ ਅਤੇ ਚਿੰਤਕਾਂ ਨੂੰ ਰਿਹਾਅ ਕੀਤਾ ਜਾਵੇ। ਸਭਾ ਨੇ ਫਲਸਤੀਨ ’ਤੇ ਕੀਤੀ ਜਾ ਰਹੀ ਬੰਬਾਰੀ ਦੇ ਖ਼ਿਲਾਫ਼ ਭਾਰਤ ਸਰਕਾਰ ਨੂੰ ਆਵਾਜ਼ ਬੁਲੰਦ ਕਰਨ ਦੀ ਮੰਗ ਕੀਤੀ।
ਕਵੀ ਦਰਬਾਰ ਦੀ ਪ੍ਰਧਾਨਗੀ ਸੁਰਜੀਤ ਜੱਜ, ਪ੍ਰੋ. ਬਲਦੇਵ ਬੱਲੀ, ਡਾ. ਕੁਲਦੀਪ ਸਿੰਘ ਦੀਪ, ਡਾ. ਅਰਵਿੰਦਰ ਕਾਕੜਾ, ਡਾ. ਭੁਪਿੰਦਰ ਕੌਰ ਨੇ ਕੀਤੀ। ਇਸ ਵਿੱਚ ਨਵਤੇਜ ਗੜ੍ਹਦੀਵਾਲਾ, ਡਾ. ਸੰਤੋਖ ਸੁੱਖੀ, ਪ੍ਰੋ. ਕੁਲਦੀਪ ਚੌਹਾਨ, ਜਗਪਾਲ ਚਹਿਲ, ਮੱਖਣ ਮਾਨ, ਡਾ. ਹਰਦੀਪ ਸਿੰਘ, ਨਰਾਇਣ ਸਿੰਘ ਬਾਜਵਾ ਅਫ਼ਰੀਕਾ, ਗੁਰਭੈਅ ਸਿੰਘ ਭਲਾਈਆਣਾ, ਹਰਦਰਸ਼ਨ ਸਿੰਘ ਕਮਲ, ਜਸਵਿੰਦਰ ਢਿੱਲੋਂ, ਸੁਖਬੀਰ ਭੁੱਲਰ, ਰਮੇਸ਼ ਜਾਨੂੰ, ਦੇਵਰਾਜ ਦਾਦਰ, ਗੁਰਬਾਜ ਛੀਨਾ, ਮਨਦੀਪ ਰਾਜਨ, ਗੁਰਮੀਤ ਸਿੰਘ ਜੱਜ, ਜਗਰੂਪ ਸਿੰਘ ਐਮੀ, ਰਾਜਵਿੰਦਰ ਸਿੰਘ ਖਹਿਰਾ, ਸੁੱਚਾ ਸਿੰਘ ਰੰਧਾਵਾ, ਨਰਿੰਜਣ ਗਿੱਲ, ਖਹਿਰਾ ਪ੍ਰਿੰਸ, ਨਵਜੋਤ ਭੁੱਲਰ, ਸਰਬ ਮਜੀਠਾ ਅਤੇ ਕੁਲਦੀਪ ਸਿੰਘ ਕਾਹਲੋਂ ਸ਼ਾਮਲ ਹੋਏ। ਕਵੀ ਦਰਬਾਰ ਦਾ ਸੰਚਾਲਨ ਪ੍ਰਲੇਸ ਅੰਮ੍ਰਿਤਸਰ ਦੇ ਸਕੱਤਰ ਧਰਵਿੰਦਰ ਔਲਖ ਨੇ ਕੀਤਾ।

Advertisement

Advertisement
Author Image

Advertisement
Advertisement
×