ਦੋਗਾਣਾ ਗਾਇਕੀ ਦਾ ਬੇਤਾਜ ਬਾਦਸ਼ਾਹ ਕਰਤਾਰ ਰਮਲਾ
ਸ਼ਮਸ਼ੇਰ ਸਿੰਘ ਸੋਹੀ
ਦੋਗਾਣਾ ਗਾਇਕੀ ’ਚ ਕਰਤਾਰ ਰਮਲਾ ਦਾ ਨਾਂ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਸਰਗਰਮ ਸੀ। ਪੰਜਾਬੀ ਸਰੋਤਿਆਂ ਦੇ ਦਿਲਾਂ ਦੀ ਧੜਕੜ ਇਸ ਮਸ਼ਹੂਰ ਗਵੱਈਏ ਨੂੰ ਸਰੋਤੇ ਬੜੇ ਚਾਅ ਨਾਲ ਅਖਾੜਿਆਂ ’ਚ ਸੁਣਦੇ ਸਨ। ਕਰਤਾਰ ਰਮਲੇ ਦਾ ਜਨਮ ਭਾਰਤ ਪਾਕਿਸਤਾਨ ਵੰਡ ਤੋਂ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਪਿੰਡ ਹੁੰਦਾਲ ਵਿਚ ਪਿਤਾ ਗਿਆਨੀ ਪਿਆਰਾ ਸਿੰਘ ਤੇ ਮਾਤਾ ਕਰਮ ਕੌਰ ਦੇ ਘਰ ਹੋਇਆ। ਉਸਦਾ ਪਰਿਵਾਰ ਇਸ ਦੁਖਾਂਤ ਵੇਲੇ ਪਹਿਲਾਂ ਫ਼ਰੀਦਕੋਟ ਸ਼ਰਣਾਰਥੀ ਕੈਂਪ ’ਚ ਰਿਹਾ ਤੇ ਬਾਅਦ ’ਚ ਬਲਬੀਰ ਬਸਤੀ ਰਹਿਣ ਲੱਗਾ। ਸ਼ੁਰੂਆਤੀ ਪੜ੍ਹਾਈ ਰਮਲੇ ਨੇ ਬਲਬੀਰ ਸਕੂਲ ਤੋਂ ਹੀ ਹਾਸਲ ਕੀਤੀ।
ਬਚਪਨ ’ਚ ਸਕੂਲ ਦੇ ਪ੍ਰੋਗਰਾਮਾਂ ’ਚ ਗਾਉਣ ਤੇ ਗੁਰਦੁਆਰਿਆਂ ’ਚ ਧਾਰਮਿਕ ਗੀਤ ਗਾਉਣ ਨਾਲ ਉਸਦਾ ਝਾਕਾ ਖੁੱਲ੍ਹ ਗਿਆ। ਇਕ ਉੱਚ ਕੋਟੀ ਦਾ ਗਵੱਈਆ ਬਣਨ ਲਈ ਉਸਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ। ਉਸਤਾਦ ਲਾਲ ਚੰਦ ਯਮਲਾ ਜੱਟ ਪਾਸੋਂ ਤੂੰਬੀ ਤੇ ਸੰਗੀਤ ਦੀਆਂ ਬਾਰੀਕੀਆਂ ਸਿੱਖ ਕੇ ਰਮਲਾ ਸ਼ੁਰੂਆਤੀ ਦਨਿਾਂ ’ਚ ਮੁਹੰਮਦ ਸਦੀਕ ਤੇ ਰਾਜਿੰਦਰ ਰਾਜਨ ਨਾਲ ਸਟੇਜਾਂ ’ਤੇ ਜਾਣ ਲੱਗਾ ਜਿੱਥੇ ਉਹ ਸਮਾਂ ਮਿਲਣ ’ਤੇ ਡਾ. ਸੁਰਜੀਤ ਸਿੰਘ ਗਿੱਲ (ਘੋਲੀਆ) ਦੇ ਲਿਖੇ ਗੀਤ ਗਾ ਲੈਂਦਾ ਸੀ। ‘ਇਹ ਜੋਬਨ ਵੇਖਿਆ ਨਹੀਂ ਮੁੱਕਦਾ’ ਅਤੇ ‘ਕਿਉਂ ਮੱਖਣੇ ਤੈਨੂੰ ਪਿਆਰ ਨਹੀਂ ਆਉਂਦਾ’ ਉਸਦੇ ਪਸੰਦੀਦਾ ਗੀਤ ਸਨ।
ਜਸਵੰਤ ਭੰਵਰਾ ਦੇ ਸਹਿਯੋਗ ਨਾਲ ਐੱਚ.ਐੱਮ.ਵੀ. ਵਿਚ ਗਾਉਣ ਵਾਲਾ ਕਮਲਾ ਜਿਹਾ ਰਮਲਾ ਸਭ ਤੋਂ ਛੋਟੀ ਉਮਰ ਦਾ ਪਹਿਲਾ ਕਲਾਕਾਰ ਸੀ। ਸ਼ੁਰੂਆਤੀ ਦਨਿਾਂ ’ਚ ਬਾਬੂ ਸਿੰਘ ਮਾਨ ਦੇ ਲਿਖੇ ਕੁਝ ਸੋਲੋ ਗੀਤ ‘ਤੇਰੇ ਪਿੱਛੇ ਹੋਇਆ ਬਦਨਾਮ ਗੋਰੀਏ’,‘ਤੂੰ ਆਉਣ ਦਾ ਕਰਾਰ ਭੁੱਲ ਗਈ’, ‘ਜਾ ਕੇ ਪੇਕਿਆਂ ਦੇ ਪਿੰਡ ਮੁਟਿਆਰੇ’,‘ਬੱਲੇ ਬੱਲੇ ਸਈਓ ਨੀਂ ਮੇਰਾ ਦਿਲ ਧੜਕੇ’,‘ਤੇਰੀਆਂ ਮੈਂ ਲੱਖ ਮੰਨੀਆਂ ਮੇਰੀ ਇਕ ਜੇ ਮੰਨੇ ਤਾਂ ਜਾਣਾ’ ਗਾਏ। 1966 ਵਿਚ ਕਰਤਾਰ ਰਮਲੇ ਦੀ ਸਭ ਤੋਂ ਪਹਿਲੀ ਦੋਗਾਣਾ ਰਿਕਾਰਡਿੰਗ ਪ੍ਰਸਿੱਧ ਗਾਇਕਾ ਰਾਜਿੰਦਰ ਰਾਜਨ ਨਾਲ ਪੱਥਰ ਦੇ ਰਿਕਾਰਡਾਂ ਵਿਚ ਆਈ, ਪਰ ਉਸਦੀ ਅਸਲ ਪਛਾਣ ਉਦੋਂ ਬਣੀ ਜਦੋਂ ਉਸਦਾ ਸੁਖਵੰਤ ਸੁੱਖੀ ਨਾਲ ਪਹਿਲਾ ਦੋਗਾਣਾ ‘ਚੱਕ ਲੋ ਰੱਬ ਦਾ ਨਾਂ ਲੈ ਕੇ…’ ਰਿਕਾਰਡ ਹੋਇਆ। ਇਹ ਗੀਤ ਬਹੁਤ ਜ਼ਿਆਦਾ ਚੱਲਿਆ, ਪਰ ਬਹੁਤੇ ਵਿਦਵਾਨਾਂ ਨੇ ਇਸ ਦੋਗਾਣੇ ਨੂੰ ਲੱਚਰ ਹੀ ਦੱਸਿਆ ਕਿਉਂਕਿ ਉਨ੍ਹਾਂ ਨੇ ਕੁੜੀ ਦੇ ਬੋਲਾਂ ਵੱਲ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਰਮਲਾ ਤੇ ਸੁੱਖੀ ਦੇ ਕਈ ਮਸ਼ਹੂਰ ਦੋਗਾਣੇ ਰਿਕਾਰਡ ਹੋਏ ਜਨਿ੍ਹਾਂ ਨੂੰ ਸਭ ਤਰ੍ਹਾਂ ਦੇ ਸਰੋਤਾ ਵਰਗ ਨੇ ਰੱਜ ਕੇ ਪਿਆਰ ਦਿੱਤਾ। ਕਿਸੇ ਕਾਰਨ 1983 ’ਚ ਸੁਖਵੰਤ ਕੌਰ ਸੁੱਖੀ ਨਾਲ ਸੈੱਟ ਟੁੱਟਣ ਤੋਂ ਬਾਅਦ ਰਮਲਾ ਨੇ ਹਰਨੀਤ ਨੀਤੂ, ਕੁਲਦੀਪ ਕੌਰ, ਊਸ਼ਾ ਕਿਰਨ ਨਾਲ ਗਾਇਆ ਤੇ ਬਾਅਦ ’ਚ ਪੱਕਾ ਸੈੱਟ ਪਰਮਜੀਤ ਸੰਧੂ ਨਾਲ ਬਣਾ ਕੇ ਉਸਦੇ ਨਾਲ ਦੂਜਾ ਵਿਆਹ ਕਰਵਾ ਲਿਆ। ਸਮੇਂ ਸਮੇਂ ’ਤੇ ਰਮਲੇ ਨੂੰ ਜੋੜੀ ਟੁੱਟਣ ਦੀ ਚਿੰਤਾ ਤੇ 1969 ਵਿਚ ਹੋਏ ਪਹਿਲੇ ਵਿਆਹ ਦੀਆਂ ਉਲਝਣਾਂ ਨੇ ਉਸਦਾ ਅੰਤ ਤਕ ਪਿੱਛਾ ਨਹੀਂ ਛੱਡਿਆ। ਕਈ ਗਾਇਕਾਵਾਂ ਦੀ ਚੜ੍ਹਾਈ ਸਿਰਫ਼ ਰਮਲੇ ਦੇ ਨਾਲ ਗਾਉਣ ਕਰਕੇ ਹੋਈ, ਪਰ ਉਹ ਜੋੜੀ ਟੁੱਟਣ ਦਾ ਕਾਰਨ ਗਾਇਕਾਵਾਂ ਵੱਲੋਂ ਆਪਣੇ ਆਪ ਨੂੰ ਸੋਲੋ ਜਾਂ ਫ਼ਿਲਮਾਂ ’ਚ ਗਾਉਣ ਲਈ ਉਸਨੂੰ ਛੱਡ ਕੇ ਚਲੇ ਜਾਣਾ ਹੀ ਦੱਸਦਾ ਸੀ। ਰਮਲੇ ਨੇ ਜ਼ਿਆਦਾ ਲੰਮਾ ਸਮਾਂ ਆਪਣੀ ਦੂਜੀ ਪਤਨੀ ਪਰਮਜੀਤ ਸੰਧੂ ਨਾਲ ਗਾਇਆ। ਉਸ ਦੀਆਂ ਦੋ ਬੇਟੀਆਂ ਸੈਂਡੀ ਤੇ ਮੈਂਡੀ ਨੇ ਵੀ ਗਾਇਕੀ ’ਚ ਚੰਗਾ ਨਾਂ ਬਣਾਇਆ ਹੈ। ਕਰਤਾਰ ਰਮਲਾ ਦੇ ਗਾਏ ਕੁਝ ਸੋਲੋ ਗੀਤ ਤੇ ਰਿਕਾਰਡ ਦੋਗਾਣਿਆਂ ਵਿਚ ਸ਼ਾਮਲ ਹੈ : ਏ ਜੋਬਨ ਵੇਖਿਆ ਮੁੱਕਦਾ ਨੀਂ, ਨੀਂ ਗੋਰੇ ਰੰਗ ਨੇ ਰਗੜਤਾ, ਮਾਰਲੀ ਟਾਹਲੀ ਵਿਚ ਗੱਡੀ ਨੀਂ, ਲੰਬੜਾਂ ਦੀ ਬੀਹੀ ਵਾਲਾ ਖੋਲ੍ਹਦੇ ਕੁੰਡਾ, ਮੈਂ ਕਮਲੀ ਹੋ ਗਈ ਵੇ, ਮੋੜੀਂ ਬਾਬਾ ਡਾਂਗ ਵਾਲਿਆ, ਬਾਪੂ ਦਾ ਖੂੰਡਾ, ਕਹਿੰਦੀ ਮੇਰਾ ਸਿਰ ਦੁਖਦਾ, ਭਾਬੀ ਕਿਹੜੀ ਦੁਸ਼ਮਣੀ ਕੱਢੀ, ਬੂਥੇ ’ਤੇ ਬੌਕਰ ਮਾਰੀ ਕਿਉਂ, ਮੇਰੇ ਦਿਲ ਵਿਚ ਤੂੰ, ਜੈਤੋ ਵਾਲੇ ਫਾਟਕਾਂ ’ਚ ਖੜ੍ਹੇ ਰਹਿੰਦੇ ਸੀ।
ਰਮਲੇ ਦੇ ਜ਼ਿਆਦਾ ਮਕਬੂਲ ਦੋਗਾਣੇ ਭਾਵੇਂ ਸੁਖਵੰਤ ਸੁੱਖੀ ਨਾਲ ਹੋਏ, ਪਰ ਮਨਜੀਤ ਕੌਰ ਨਾਲ ਰਿਕਾਰਡ ਦੋਗਾਣਾ ‘ਸੁਪਨਾ ਹੋ ਗਈ ਪਾਲੀਏ’ ਨਾਲ ਉਸਦੀ ਇਕ ਵਾਰ ਫਿਰ ਚੜ੍ਹਾਈ ਹੋਈ। ਉਸ ’ਤੇ ਕੁਝ ਲੱਚਰ ਗੀਤ ਗਾਉਣ ਦਾ ਦੋਸ਼ ਵੀ ਲੱਗਾ, ਪਰ ਉਸਨੇ ਆਪਣੇ ਗਾਇਕੀ ਸਫ਼ਰ ਦੌਰਾਨ ਪੰਜਾਬੀ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਹੋਏ ਗੀਤ ਹੀ ਪੇਸ਼ ਕੀਤੇ। ਦੋਗਾਣਿਆਂ ਤੋਂ ਇਲਾਵਾ ਰਮਲੇ ਨੇ ਸੋਲੋ ਤੇ ਧਾਰਮਿਕ ਗੀਤ ਵੀ ਗਾਏ। ਸੰਗੀਤਕਾਰ ਕੇਸਰ ਸਿੰਘ ਨਰੂਲਾ ਨੇ ਜਸਪਿੰਦਰ ਨਰੂਲਾ ਨੂੰ ਸਭ ਤੋਂ ਪਹਿਲਾਂ ਕਰਤਾਰ ਰਮਲੇ ਨਾਲ ਹੀ ਇਕ ਧਾਰਮਿਕ ਗੀਤ ਵਿਚ ਗਵਾਇਆ ਸੀ। ਰਮਲੇ ਨੇ ਕੁਝ ਫ਼ਿਲਮਾਂ ’ਚ ਵੀ ਗੀਤ ਗਾਏ, ਅਦਾਕਾਰੀ ਵੀ ਕੀਤੀ, ਪਰ ਉਹ ਫ਼ਿਲਮਾਂ ਪਿੱਛੇ ਕਦੇ ਨਹੀਂ ਭੱਜਿਆ। ਰਮਲੇ ਵਾਂਗ ਗੀਤ ਤੋਂ ਪਹਿਲਾਂ ਸ਼ੇਅਰ ਕਹਿ ਕੇ ਗੀਤ ਸ਼ੁਰੂ ਕਰਨ ਵਾਲਾ ਕਲਾਕਾਰ ਅਜੇ ਤੀਕ ਪੈਦਾ ਨਹੀਂ ਹੋਇਆ। ਉਹ ਮਾਣਕ ਦਾ ਪੱਕਾ ਯਾਰ ਸੀ। ਸਦੀਕ ਨੂੰ ਤਾਂ ਉਸਨੇ ਤੂੰਬੀ ਤੇ ਤੁਰਲੇ ਵਾਲੀ ਪੱਗ ਬੰਨ੍ਹਣੀ ਵੀ ਸਿਖਾਈ ਸੀ।
ਜ਼ਿੰਦਗੀ ਦੇ ਆਖਰੀ ਕੁਝ ਸਾਲ ਕਰਤਾਰ ਰਮਲਾ ਗਾਇਕਾ ਨਵਜੋਤ ਰਾਣੀ ਨਾਲ ਪੱਕਾ ਸੈੱਟ ਬਣਾ ਕੇ ਲਗਾਤਾਰ ਪਿੰਡਾਂ ਤੇ ਮੇਲਿਆਂ ’ਚ ਅਖਾੜੇ ਲਗਾ ਰਿਹਾ ਸੀ। ਕਰਤਾਰ ਰਮਲਾ ਭਾਵੇਂ ਅੱਜ ਦੁਨੀਆਂ ’ਚ ਨਹੀਂ ਰਿਹਾ, ਪਰ ਉਸਦੀ ਆਵਾਜ਼ ਰਹਿੰਦੀ ਦੁਨੀਆਂ ਤਕ ਜਿਉਂਦੀ ਰਹੇਗੀ।