ਗੁਰਦੁਆਰਾ ਸੀਸਗੰਜ ਸਾਹਿਬ ਦੀ ਕਾਰਸੇਵਾ ਰੋਕੀ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 9 ਅਕਤੂਬਰ
ਇੱਥੋਂ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਪੁਰਾਤਨਤਾ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਰਹੀ ਅਤੇ ਪੁਰਾਤਨ ਪਾਵਨ ਅਸਥਾਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸੀਸਗੰਜ ਸਾਹਿਬ ਦੀ ਕਾਰ-ਸੇਵਾ ਸਬੰਧੀ ਸੰਗਤ ਵਿੱਚ ਪਾਏ ਜਾ ਰਹੇ ਭਰਮ-ਭੁਲੇਖੇ ਬਿਲਕੁਲ ਬੇਬੁਨਿਆਦ ਹਨ ਅਤੇ ਨੌਵੇਂ ਪਾਤਸ਼ਾਹ ਦੇ ਪਾਵਨ ਸੀਸ ਸਸਕਾਰ ਵਾਲੇ ਪੁਰਾਤਨ ਅਸਥਾਨ ਥੜਾ ਸਾਹਿਬ ਦੀ ਸੰਭਾਲ ਤੇ ਸੁਰੱਖਿਆ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਯਤਨਸ਼ੀਲ ਹੈ।
ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਲਗਪਗ 70-75 ਸਾਲ ਪਹਿਲਾਂ ਸਥਾਨਕ ਸੰਗਤ ਵੱਲੋਂ ਪੁਰਾਤਨ ਥੜਾ ਸਾਹਿਬ ਦੇ ਬਾਹਰਵਾਰ ਸੰਗਤ ਦੇ ਬੈਠਣ ਦੀ ਸਹੂਲਤ ਲਈ ਲੈਂਟਰ ਦਾ ਵਾਧਾ ਕਰ ਕੇ ਪੱਥਰ ਅਤੇ ਚੂਨੇ ਨਾਲ ਕੰਧਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੀ ਹਾਲਤ ਇਸ ਵੇਲੇ ਖਸਤਾ ਹੋ ਗਈ ਹੈ। ਇਨ੍ਹਾਂ ਕੰਧਾਂ ਵਿਚੋਂ ਚੂਨਾ ਡਿੱਗ ਰਿਹਾ ਹੈ ਅਤੇ ਛੱਤ ਵਿਚੋਂ ਵੀ ਪਾਣੀ ਦਾ ਰਿਸਾਅ ਹੋ ਰਿਹਾ ਹੈ। ਇਸ ਨੂੰ ਸੁਰੱਖਿਅਤ ਕਰਨ ਦਾ ਕਾਰਜ ਕਾਰ-ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਰਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਲੋਂ ਭਵਨ ਨਿਰਮਾਣ ਅਤੇ ਪੁਰਾਤਤਵ ਮਾਹਿਰਾਂ ਦਾ ਮੁਆਇਨਾ ਕਰਵਾਉਣ ਤੋਂ ਬਾਅਦ ਇਨ੍ਹਾਂ ਕੰਧਾਂ ਦੀ ਸੁਰੱਖਿਆ ਅਤੇ ਲੋੜੀਂਦੀ ਮੁਰੰਮਤ ਕਰਨ ਦੀ ਸੇਵਾ ਕੀਤੀ ਜਾਣੀ ਸੀ। ਪਰ ਸੰਗਤ ਵਿਚ ਪਾਏ ਜਾ ਰਹੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਇਸ ਸੇਵਾ ਸਬੰਧੀ ਪੁਰਾਤਤਵ ਮਾਹਿਰਾਂ ਦੀ ਵਧੇਰੇ ਰਾਇ ਲੈਣ ਅਤੇ ਵਿਚਾਰ-ਵਟਾਂਦਰੇ ਵਾਸਤੇ ਫ਼ਿਲਹਾਲ ਇਹ ਸੇਵਾ ਰੋਕ ਦਿੱਤੀ ਗਈ ਹੈ। ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਸੰਗਤ ਨੂੰ ਇਸ ਸਬੰਧੀ ਕਿਸੇ ਤਰ੍ਹਾਂ ਦੇ ਵੀ ਗੁੰਮਰਾਹਕੁਨ ਪ੍ਰਚਾਰ ਤੋਂ ਚੌਕਸ ਰਹਿਣਾ ਚਾਹੀਦਾ ਹੈ।