ਕਾੜ੍ਹਨੀ ਦਾ ਦੁੱਧ
ਗੁਰਦੀਪ ਢੁੱਡੀ
ਸਮਾਂ ਇੰਨਾ ਬਦਲ ਜਾਵੇਗਾ, ਇਸ ਦਾ ਅੰਦਾਜ਼ਾ ਸਾਡੇ ਪੁਰਖਿਆਂ ਨੇ ਤਾਂ ਕੀ ਲਾਉਣਾ ਸੀ, ਸਾਡੀ ਪੀੜ੍ਹੀ ਨੇ ਵੀ ਨਹੀਂ ਲਾਇਆ ਸੀ। ਇਹ ਗੱਲ ਉਦੋਂ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਦੋਂ ਛੋਟੇ ਜਿਹੇ ਸ਼ਹਿਰ ਫ਼ਰੀਦਕੋਟ ਦੇ ਬਾਜ਼ਾਰ ਵਿਚੋਂ ਲੰਘਣ ਸਮੇਂ ਇਕ ਅੰਮ੍ਰਿਤਧਾਰੀ ਔਰਤ ਨੂੰ ਸਟਾਲ ਲਾਈ ਦੇਖਿਆ। ਇਹ ਤੌੜੀ ’ਚ ਬਣੀ ਦਾਲ਼, ਕਾੜ੍ਹਨੀ ’ਚ ਕਾੜ੍ਹਿਆ ਦੁੱਧ ਅਤੇ ਦੁੱਧ ਤੋਂ ਬਣੀਆਂ ਕੁਝ ਚੀਜ਼ਾਂ ਵੇਚ ਰਹੀ ਸੀ। ਬੜੀ ਹਲੀਮੀ ਨਾਲ ਬੋਲਦੀ ਉਹ ਗੁਰਬਾਣੀ ਦਾ ਪਾਠ ਕਰਦੀ ਜਾਪ ਰਹੀ ਸੀ।... ਮੈਨੂੰ ਆਪਣੇ ਬਚਪਨ, ਜਵਾਨੀ ਅਤੇ ਫਿਰ ਪ੍ਰੌਢ ਉਮਰ ਦਾ ਸਮਾਂ ਯਾਦ ਆ ਗਿਆ ਜਦੋਂ ਪਿੰਡ ਵਿਚ ਮੇਰੀ ਮਾਂ ਦੁੱਧ ਕਾੜ੍ਹਨੀ ਵਿਚ ਪਾ ਕੇ ਕਾੜ੍ਹਦੀ ਹੁੰਦੀ ਸੀ ਅਤੇ ਫਿਰ ਸ਼ਾਮ ਨੂੰ ਇਸੇ ਵਿਚੋਂ ਸਾਨੂੰ ਪੀਣ ਨੂੰ ਦੁੱਧ ਮਿਲਦਾ ਸੀ। ਬਚਦੇ ਦੁੱਧ ਨੂੰ ਜਾਗ ਲਾ ਕੇ ਉਹ ਰਿੜਕਣੇ ਵਿਚ ਪਾ ਦਿੰਦੀ ਸੀ। ਸਵੇਰੇ ਉੱਠ ਕੇ ਲੱਕੜ ਦੀ ਬਣੀ ਮਧਾਣੀ ਨਾਲ ਦੁੱਧ ਰਿੜਕਿਆ ਜਾਂਦਾ। ਵਿਆਹ ਤੋਂ ਵਾਹਵਾ ਸਮਾਂ ਬਾਅਦ ਤੱਕ ਮੇਰੀ ਪਤਨੀ ਵੀ ਇਹ ਕਾਰ-ਕਿੱਤਾ ਕਰਦੀ ਰਹੀ ਪਰ ਹੁਣ ਮੇਰੇ ਵਾਸਤੇ ਇਹ ਵਸਤੂਆਂ ਦੁਰਲੱਭ ਹੋ ਗਈਆਂ ਹਨ; ਬੱਚਿਆਂ ਵਾਸਤੇ ਤਾਂ ਇਹ ਗੱਲ ਦੰਤ ਕਥਾ ਹੋ ਸਕਦੀ ਹੈ।
ਬੀਤੇ ਸਮੇਂ ਦੀ ਗੱਲ ਹੋਣ ਕਰ ਕੇ ਅਜੋਕੀ ਪੀੜ੍ਹੀ ਕਾੜ੍ਹਨੀ ਅਤੇ ਰਿੜਕਣੇ ਨੂੰ ਵੀ ਘੜਾ ਜਾਂ ਤੌੜਾ ਹੀ ਆਖੇਗੀ ਪਰ ਇਨ੍ਹਾਂ ਤਿੰਨਾਂ ਵਿਚ ਫ਼ਰਕ ਹੁੰਦਾ ਸੀ। ਕਾੜ੍ਹਨੀ ਜਾਂ ਰਿੜਕਣੇ ਦੀ ਸ਼ਕਲ ਦੇਖਣ ਨੂੰ ਘੜੇ ਵਰਗੀ ਲੱਗਦੀ ਸੀ; ਇਨ੍ਹਾਂ ਨੂੰ ਬਣਾਉਣ ਵਾਲਿਆਂ ਨੂੰ ਇਨ੍ਹਾਂ ਦੇ ਅੰਤਰ ਦਾ ਪਤਾ ਹੁੰਦਾ ਸੀ। ਉਨ੍ਹਾਂ ਤੋਂ ਜਾ ਕੇ ਘੜਾ, ਕਾੜ੍ਹਨੀ ਜਾਂ ਰਿੜਕਣਾ ਮੰਗਣ ’ਤੇ ਉਹ ਵੱਖ-ਵੱਖ ਥਾਵਾਂ ਤੋਂ ਇਹ ਭਾਂਡੇ ਦਿਖਾਉਂਦੇ ਸਨ। ਕਾੜ੍ਹਨੀ ਦਾ ਥੱਲੇ ਵਾਲਾ ਹਿੱਸਾ ਥੋੜ੍ਹਾ ਚੌੜਾ, ਵਿਚਕਾਰਲਾ ਹਿੱਸਾ ਲੰਬੂਤਰੀ ਸ਼ਕਲ ਵਾਲਾ ਤੇ ਉਪਰਲਾ ਹਿੱਸਾ ਇਕ ਦਮ ਉਪਰ ਵੱਲ ਜਾਂਦਾ ਸੀ। ਇਹ ਦੁੱਧ ਦੇ ਕੜ੍ਹਨ ਦੀਆਂ ਲੋੜਾਂ ਅਨੁਸਾਰ ਇਸ ਤਰ੍ਹਾਂ ਦਾ ਬਣਦਾ ਸੀ। ਰਿੜਕਣਾ ਥੱਲਿਓਂ ਚੌੜਾ ਅਤੇ ਵਿਚਕਾਰ ਤੋਂ ਇਕਦਮ ਬਾਹਰ ਵੱਲ ਵਧ ਜਾਂਦਾ ਸੀ। ਇਸ ਨੂੰ ਚਾਟੀ ਵੀ ਆਖਿਆ ਜਾਂਦਾ ਹੈ। ਇਸ ਦਾ ਮੂੰਹ ਘੜੇ ਅਤੇ ਕਾੜ੍ਹਨੀ ਦੇ ਮੁਕਾਬਲੇ ਵਧੇਰੇ ਚੌੜਾਈ ਵਿਚ ਹੁੰਦਾ ਸੀ। ਸਮੇਂ ਨਾਲ ਕਾੜ੍ਹਨੀ ਦਾ ਰੰਗ ਬਦਲ ਕੇ ਬਾਹਰੋਂ ਕਲਾਹਾਂ ਜਿਹਾ ਜਾਪਣ ਲੱਗ ਜਾਂਦਾ ਸੀ; ਰਿੜਕਣਾ ਅੰਤਾਂ ਦਾ ਥਿੰਧਾ ਹੁੰਦਾ ਜਾਂਦਾ।
ਮੱਝ ਦੇ ਦੁੱਧ ਚੋਣ ਸਮੇਂ ਵਰਤੋਂ ਅਨੁਸਾਰ ਕੁਝ ਦੁੱਧ ਕੱਚਾ ਰੱਖ ਲਿਆ ਜਾਂਦਾ ਸੀ ਅਤੇ ਬਾਕੀ ਨੂੰ ਕਾੜ੍ਹਨੀ ਵਿਚ ਪਾ ਦਿੱਤਾ ਜਾਂਦਾ ਸੀ। ਦੁੱਧ ਵਾਲੀ ਬਾਲਟੀ ਹੰਘਾਲ ਕੇ ਕੁਝ ਪਾਣੀ ਵੀ ਦੁੱਧ ਵਿਚ ਪਾ ਦਿੱਤਾ ਜਾਂਦਾ ਸੀ। ਹਾਰੇ ਵਿਚ ਪਹਿਲਾਂ ਹੀ ਧੁਖਾਈ ਪਾਥੀਆਂ ਦੀ ਅੱਗ ’ਤੇ ਦੁੱਧ ਵਾਲੀ ਕਾੜ੍ਹਨੀ ਨੂੰ ਰੱਖ ਦਿੱਤਾ ਜਾਂਦਾ ਸੀ। ਸਵੇਰ ਦਾ ਰੱਖਿਆ ਦੁੱਧ ਸ਼ਾਮ ਤੱਕ ਕੜ੍ਹ ਕੇ ਤਾਂਬੇ ਰੰਗਾ ਹੋ ਜਾਂਦਾ ਸੀ ਅਤੇ ਤਿਰਬਰਾ ਛੱਡਦੀ ਹੋਈ ਮਲ਼ਾਈ ਦੇਖ ਕੇ ਮੂੰਹ ਵਿਚ ਲਾਲ਼ਾਂ ਆ ਜਾਂਦੀਆਂ।
ਕੜ੍ਹੇ ਹੋਏ ਇਸ ਦੁੱਧ ਵਿਚੋਂ ਘਰ ਦੀ ਮੋਢੀ ਔਰਤ ਲੋੜ ਅਨੁਸਾਰ ਘਰ ਦੇ ਜੀਆਂ ਨੂੰ ਪੀਣ ਲਈ ਦਿੰਦੀ ਅਤੇ ਬਾਕੀ ਬਚਦੇ ਦੁੱਧ ਵਿਚ ਕੁਝ ਤਾਜ਼ਾ ਦੁੱਧ ਪਾ ਕੇ ਇਸ ਨੂੰ ਜਾਗ ਲਾ ਕੇ ਰਿੜਕਣੇ ਵਿਚ ਪਾ ਦਿੱਤਾ ਜਾਂਦਾ। ਸਵੇਰ ਤੱਕ ਇਹ ਦੁੱਧ, ਦਹੀਂ ਵਿਚ ਤਬਦੀਲ ਹੋ ਜਾਂਦਾ। ਘਰ ਦੀਆਂ ਔਰਤਾਂ ਵਿਚੋਂ ਇਕ ਜਣੀ ਇਸ ਦੁੱਧ ਨੂੰ ਰਿੜਕ ਕੇ ਮੱਖਣ ਕੱਢ ਲੈਂਦੀ। ਰਿੜਕਣੇ ਦੀ ਲੱਸੀ ਨੂੰ ਘਰ ਦੇ ਜੀਆਂ ਦੇ ਪੀਣ ਦੇ ਇਲਾਵਾ ਬਲਦਾਂ ਨੂੰ ਪੀਣ ਲਈ ਦਿੱਤੀ ਜਾਂਦੀ ਸੀ। ਇਹ ਮੰਨਿਆ ਜਾਂਦਾ ਹੈ ਕਿ ਲੱਸੀ ਅਤੇ ਦੁੱਧ ਵਿਚ ਕੇਵਲ ਇੰਨਾ ਕੁ ਹੀ ਅੰਤਰ ਹੁੰਦਾ ਹੈ ਕਿ ਲੱਸੀ ਵਿਚੋਂ ਥਿੰਧਾ ਕੱਢਿਆ ਹੁੰਦਾ ਹੈ; ਬਾਕੀ ਦੇ ਤੱਤ ਉਸ ਵਿਚ ਉਵੇਂ ਹੀ ਬਰਕਰਾਰ ਰਹਿੰਦੇ ਹਨ। ਕੁਝ ਥਾਵਾਂ ’ਤੇ ਲੱਸੀ ਵਿਚਲੇ ਗੁਣ ਦੁੱਧ ਨੂੰ ਵੀ ਪਿੱਛੇ ਪਾ ਜਾਂਦੇ ਹਨ।
ਕੀ ਪਤਾ ਸੀ ਕਦੇ ਕਾੜ੍ਹਨੀ ਦਾ ਇਹ ਦੁੱਧ ਛੋਟੀਆਂ-ਛੋਟੀਆਂ ਗਲਾਸੀਆਂ ਵਿਚ ਪੈ ਕੇ ਵਿਕਿਆ ਵੀ ਕਰੇਗਾ! ਉਂਝ, ਇਸ ਗੱਲ ਨੂੰ ਬਦਲੇ ਹੋਏ ਸਮੇਂ ਵਿਚ ਵਧੇਰੇ ਪ੍ਰਸੰਗਿਕ ਆਖਿਆ ਜਾਣਾ ਚਾਹੀਦਾ ਹੈ। ਜਿਵੇਂ ਹਰ ਚੀਜ਼ ਨੂੰ ਕਾਰਪੋਰੇਟ ਘਰਾਣੇ ਪ੍ਰਾਸੈੱਸ ਕਰ ਕੇ ਕਈ ਗੁਣਾ ਵੱਧ ਪੈਸੇ ਕਮਾ ਲੈਂਦੇ ਹਨ, ਇਵੇਂ ਹੀ ਜੇ ਕਿਸਾਨ ਵੀ ਆਪਣੀ ਪੈਦਾਵਾਰ ਨੂੰ ਪ੍ਰਾਸੈੱਸ ਕਰ ਕੇ ਵੇਚਣਾ ਸ਼ੁਰੂ ਕਰ ਦੇਣ ਤਾਂ ਜਿੱਥੇ ਕਾਰਪੋਰੇਟਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਉੱਥੇ ਵਧੇਰੇ ਕਮਾਈ ਵੀ ਹੋ ਸਕਦੀ ਹੈ। ਦੁੱਧ ਨੂੰ ਵੀ ਜੇ ਪ੍ਰਾਸੈੱਸ ਕਰ ਕੇ ਇਸ ਤਰ੍ਹਾਂ ਦੀਆਂ ਵਸਤੂਆਂ ਬਣਾ ਕੇ ਵੇਚੀਆਂ ਜਾਣ ਤਾਂ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਪਰ ਅਫ਼ਸੋਸ! ਕਿਸਾਨ ਤਾਂ ਘਰ ਦੇ ਜੀਆਂ ਵਾਸਤੇ ਸਾਗ ਬਣਾਉਣ ਲਈ ਵੀ ਹੁਣ ਬਾਜ਼ਾਰ ਵਿਚੋਂ ਲੈ ਕੇ ਜਾਂਦੇ ਹਨ।
ਕੀ ਪਤਾ, ਕਾੜ੍ਹਨੀ ਦਾ ਦੁੱਧ ਵੇਚਣ ਵਾਲੀ ਬੀਬੀ ਨੂੰ ਦੇਖ ਕੇ ਹੋਰ ਕਿਸਾਨਾਂ ਨੂੰ ਵੀ ‘ਜਾਗ’ ਲੱਗ ਜਾਵੇ। ਪ੍ਰਾਸੈਸਿੰਗ ਵਿਧੀ ਅਪਣਾ ਕੇ ਕਿਸਾਨੀ, ਮੰਦਹਾਲੀ ’ਚੋਂ ਨਿਜਾਤ ਪਾ ਸਕਦੀ ਹੈ।
ਸੰਪਰਕ: 95010-20731