ਕਰਨਾਟਕ: 19 ਸਾਲਾ ਲੜਕੀ ਨਾਲ ਜਬਰ ਜਨਾਹ ਦੇ ਦੋਸ਼ਾਂ ਹੇਠ ਤਿੰਨ ਗ੍ਰਿਫ਼ਤਾਰ
ਬਿਦਰ, 5 ਸਤੰਬਰ
ਕਰਨਾਂਟਕ ਪੁਲੀਸ ਨੇ ਇਕ ਮੁਟਿਆਰ ਦੀ ਲਾਸ਼ ਮਿਲਣ ਤੋਂ ਬਾਅਦ ਜਬਰ ਜਨਾਹ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਰਨਾਟਕ ਦੇ ਇਸ ਜ਼ਿਲ੍ਹੇ ਦੇ ਗੁਣਾਤੀਰਥਵਾਦੀ ਪਿੰਡ ਵਿੱਚ ਇੱਕ 19 ਸਾਲਾ ਲੜਕੀ ਆਪਣੇ ਘਰ ਤੋਂ ਲਾਪਤਾ ਹੋਣ ਤੋਂ ਕਈ ਦਿਨਾਂ ਬਾਅਦ ਮ੍ਰਿਤਕ ਮਿਲੀ ਸੀ, ਜਿਸ ਦੇ ਸਰੀਰ ਉਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਹਨ।
ਉਨ੍ਹਾਂ ਕਿਹਾ ਕਿ 29 ਅਗਸਤ ਨੂੰ ਕਥਿਤ ਤੌਰ 'ਤੇ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਉਸ ਦੇ ਸਿਰ ’ਤੇ ਪੱਥਰ ਨਾਲ ਮਾਰਿਆ ਗਿਆ ਅਤੇ ਬਾਅਦ ਵਿਚ ਉਸਦੀ ਲਾਸ਼ ਨੂੰ ਝਾੜੀਆਂ ਵਿਚ ਸੁੱਟ ਦਿੱਤਾ ਗਿਆ ਸੀ। ਪੁਲੀਸ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਹਾਲਾਂਕਿ, ਜਾਂਚਕਰਤਾ ਪੁਸ਼ਟੀ ਲਈ ਮੈਡੀਕਲ ਰਿਪੋਰਟਾਂ ਦੀ ਉਡੀਕ ਕਰ ਰਹੇ ਹਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ 29 ਅਗਸਤ ਤੋਂ ਲਾਪਤਾ ਚੱਲ ਰਹੀ ਸੀ ਅਤੇ ਉਸਦੇ ਮਾਪਿਆਂ ਨੇ ਦੋ ਦਿਨ ਬਾਅਦ ਬਸਵਕਲਿਆਣਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਦੌਰਾਨ ਇੱਕ ਸਤੰਬਰ ਨੂੰ ਉਸ ਦੇ ਸਿਰ ਸਮੇਤ ਸਰੀਰ ’ਤੇ ਕਈ ਜ਼ਖ਼ਮਾਂ ਵਾਲੀ ਉਸ ਦੀ ਲਾਸ਼ ਬਰਾਮਦ ਕੀਤੀ ਗਈ।
ਮਾਮਲੇ ਵਿਚ ਤਿੰਨ ਵਿਅਕਤੀ ਗ੍ਰਿਫ਼ਤਾਰ
ਪੁਲੀਸ ਪ੍ਰਸ਼ਾਸਨ ਨੇ ਦੱਸਿਆ ਕਿ ਅਸੀਂ ਸ਼ੁਰੂ ਵਿੱਚ ਕਤਲ ਦਾ ਕੇਸ ਦਰਜ ਕੀਤਾ ਸੀ ਅਤੇ ਦੋਸ਼ੀ ਅਣਪਛਾਤੇ ਸਨ। ਫਿਰ ਅਸੀਂ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ। ਸਾਨੂੰ ਤਿੰਨ ਲੋਕ ਮਿਲੇ ਹਨ ਜੋ ਉਸ ਦੇ ਲਾਪਤਾ ਹੋਣ ਦੇ ਦਿਨ ਉਸ ਦੇ ਸੰਪਰਕ ਵਿਚ ਸਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਵਿੱਚੋਂ ਇੱਕ, ਜੋ ਕਿ ਉਸੇ ਪਿੰਡ ਦਾ ਰਹਿਣ ਵਾਲਾ ਹੈ, ਮ੍ਰਿਤਕ ਲੜਕੀ ਦੇ ਸਿੱਧੇ ਸੰਪਰਕ ਵਿੱਚ ਸੀ।
ਪੁੱਛਗਿੱਛ ਦੌਰਾਨ ਉਸਨੇ ਉਸ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ। ਇਸ ਦੌਰਾਨ ਕਾਬੂ ਕੀਤੇ ਗਏ ਵਿਅਕਤੀ ਨੇ ਕਿਹਾ ਕਿ ਉਹ ਦੋ ਹੋਰ ਵਿਅਕਤੀਆਂ ਨਾਲ ਉਥੇ ਗਿਆ ਸੀ ਜੋ ਘਟਨਾ ਸਮੇਂ ਦੂਰੋਂ ਉਸਦੀ ਰਾਖੀ ਕਰ ਰਹੇ ਸਨ।
ਪੁਲੀਸ ਵੱਲੋਂ ਜਿਨਸੀ ਸ਼ੋਸ਼ਣ ਦੇ ਸ਼ੱਕ ਅਤੇ ਪੁੱਛਗਿੱਛ ਦੇ ਆਧਾਰ ’ਤੇ ਐਫਆਈਆਰ ਵਿੱਚ ਬਲਾਤਕਾਰ ਦੀਆਂ ਧਾਰਾਵਾਂ ਸ਼ਾਮਲ ਕੀਤੀਆਂ ਹਨ। ਪੁਲੀਸ ਨੇ ਕਿਹਾ ਕਿ ਮੁੱਖ ਦੋਸ਼ੀ ਅਤੇ ਪੀੜਤਾ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਪਰ ਮ੍ਰਿਤਕਾ ਦੇ ਮਾਪੇ ਇਸ ਗੱਲੋਂ ਅਣਜਾਣ ਸਨ। -ਪੀਟੀਆਈ