ਕਰਨਾਟਕ: ਮੰਦਰ ਵਿੱਚ ਦਲਿਤ ਦੇ ਦਾਖ਼ਲ ਹੋਣ ’ਤੇ ਤਣਾਅ
ਮਾਂਡਿਆ, 10 ਨਵੰਬਰ
ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੱਜ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਦਲਿਤਾਂ ਨੂੰ ਪਹਿਲੀ ਵਾਰ ‘ਕਾਲਭੈਰਵੇਸ਼ਵਰ’ ਮੰਦਰ ਵਿੱਚ ਦਾਖ਼ਲ ਹੋਣ ਅਤੇ ਪੂਜਾ ਕਰਨ ਦੀ ਮਨਜ਼ੂਰੀ ਦੇ ਦਿੱਤੀ। ਹਨਾਕੇਰੇ ਪਿੰਡ ਵਿੱਚ ਰਹਿਣ ਵਾਲੇ ਉੱਚ ਜਾਤਿ ਦੇ ਲੋਕ ਦਲਿਤਾਂ ਦੇ ਮੰਦਰ ਵਿੱਚ ਦਾਖ਼ਲ ਹੋਣ ਤੋਂ ਨਾਰਾਜ਼ ਹੋ ਕੇ ਮੰਦਰ ਵਿੱਚ ਸਥਾਪਤ ਧਾਤੂ ਵਾਲੀ ‘ਉਤਸਵ ਮੂਰਤੀ’ ਕਥਿਤ ਆਪਣੇ ਨਾਲ ਲੈ ਗਏ। ਪਿੰਡ ਵਿੱਚ ਉੱਚ ਜਾਤਿ ਦੇ ਜ਼ਿਆਦਾਤਰ ਲੋਕ ਵੋਕਾਲਿਗਾ ਜਾਤਿ ਨਾਲ ਸਬੰਧ ਰੱਖਦੇ ਹਨ। ਮੌਜੂਦਾ ਤਣਾਅ ਦੇ ਮੱਦੇਨਜ਼ਰ ਹਨਾਕੇਰੇ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ।
ਸੂਤਰਾਂ ਮੁਤਾਬਕ ਪਿੰਡ ਵਿੱਚ ਇੱਕ ਪੁਰਾਣਾ ਕਾਲਭੈਰਵੇਸ਼ਵਰ ਸਵਾਮੀ ਮੰਦਰ ਹੈ ਅਤੇ ਦਲਿਤਾਂ ਨੂੰ ਕਦੇ ਵੀ ਉਸ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਸੀ।
ਲਗਪਗ ਤਿੰਨ ਸਾਲ ਪਹਿਲਾਂ ਮੰਦਰ ਦੇ ਪੁਰਾਣੇ ਢਾਂਚੇ ਨੂੰ ਢਾਹ ਕੇ ਨਵਾਂ ਮੰਦਰ ਬਣਾਇਆ ਗਿਆ। ਹਾਲ ਹੀ ਵਿੱਚ, ਇਹ ਮੰਦਰ ਸੂਬਾ ਸਰਕਾਰ ਦੇ ਧਾਰਮਿਕ ਬੰਦੋਬਸਤੀ ਵਿਭਾਗ ਦੇ ਅਧੀਨ ਆ ਗਿਆ।
ਇਸ ਤੋਂ ਫੌਰੀ ਮਗਰੋਂ ਦਲਿਤਾਂ ਨੇ ਮੰਦਰ ਵਿੱਚ ਦਾਖ਼ਲ ਹੋਣ ਦਾ ਫ਼ੈਸਲਾ ਕੀਤਾ ਪਰ ਉੱਚ ਜਾਤਿ ਦੇ ਲੋਕ ਇਸ ਗੱਲ ’ਤੇ ਸਹਿਮਤ ਨਹੀਂ ਹੋਏ। ਦਲਿਤਾਂ ਨੇ ਆਪਣੇ ਨਾਲ ਹੋਏ ਭੇਦ-ਭਾਵ ਦੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ। ਇਸ ਮਗਰੋਂ ਦੋ ਸ਼ਾਂਤੀ ਮੀਟਿੰਗਾਂ ਕਰਵਾਈਆਂ ਗਈਆਂ ਜੋ ਅਸਫਲ ਰਹੀਆਂ। ਦਲਿਤ ਅੱਜ ਪੁਲੀਸ ਸੁਰੱਖਿਆ ਦਰਮਿਆਨ ਮੰਦਰ ਵਿੱਚ ਦਾਖ਼ਲ ਹੋਏ। ਇਸ ਘਟਨਾ ਤੋਂ ਨਾਰਾਜ਼ ਉੱਚ ਜਾਤਿ ਦੇ ਲੋਕ ‘ਉਤਸਵ ਮੂਰਤੀ’ ਆਪਣੇ ਨਾਲ ਲੈ ਗਏ। ਉਨ੍ਹਾਂ ਵਿੱਚੋਂ ਇੱਕ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਸੀ, ‘‘ਉਨ੍ਹਾਂ (ਦਲਿਤਾਂ) ਨੂੰ ਮੰਦਰ ਰੱਖਣ ਦਿਓ, ਅਸੀਂ ਮੂਰਤੀ ਆਪਣੇ ਨਾਲ ਲੈ ਜਾਵਾਂਗੇ।’’ -ਪੀਟੀਆਈ