ਕਰਨਾਟਕ: ਸਿੱਧਾਰਮੱਈਆ ਖ਼ਿਲਾਫ਼ ਲੋਕਆਯੁਕਤ ਪੁਲੀਸ ਰਾਹੀਂ ਜਾਂਚ ਦੇ ਹੁਕਮ
ਬੰਗਲੂਰੂ, 25 ਸਤੰਬਰ
Karnataka MUDA case: ਇਥੋਂ ਦੀ ਲੋਕ ਨੁਮਾਇੰਦਿਆਂ ਬਾਰੇ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਖ਼ਿਲਾਫ਼ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਿਟੀ (ਮੁਡਾ) ਦੇ ਇਕ ਜ਼ਮੀਨ ਵੰਡ ਕੇਸ ਵਿਚ ਲੋਕਆਯੁਕਤ ਦੀ ਪੁਲੀਸ ਰਾਹੀਂ ਜਾਂਚ ਦੇ ਹੁਕਮ ਦਿੱਤੇ ਹਨ। ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਜਗਾਨਨ ਭੱਟ ਨੇ ਇਹ ਹੁਕਮ ਮੁੱਖ ਮੰਤਰੀ ਖ਼ਿਲਾਫ਼ ਜਾਂਚ ਕਰਨ ਦੀ ਸੂਬੇ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਵੱਲੋਂ ਦਿੱਤੀ ਗਈ ਮਨਜ਼ੂਰੀ ਵਿਰੁੱਧ ਸਿੱਧਾਰਮੱਈਆ ਵੱਲੋਂ ਦਾਇਰ ਪਟੀਸ਼ਨ ਨੂੰ ਕਰਨਾਟਕ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਜਾਰੀ ਕੀਤੇ ਹਨ।
ਇਹ ਮਾਮਲਾ ਮੁਡਾ ਵੱਲੋਂ ਮੈਸੂਰ ਦੇ ਅਹਿਮ ਇਲਾਕੇ ਵਿਚ ਸਿੱਧਾਰਮੱਈਆ ਦੀ ਪਤਨੀ ਪਾਰਵਤੀ ਨੂੰ 14 ਸਾਈਟਾਂ ਅਲਾਟ ਕੀਤੇ ਜਾਣ ਵਿਚ ਕਥਿਤ ਬੇਨੇਮੀਆਂ ਨਾਲ ਸਬੰਧਤ ਹੈ।
ਹਾਈ ਕੋਰਟ ਨੇ ਬੀਤੇ ਦਿਨ ਸਿੱਧਾਰਮੱਈਆ ਦੀ ਪਟੀਸ਼ਨ ਖ਼ਾਰਜ ਕਰਦਿਆਂ ਨਾਲ ਹੀ ਵਿਸ਼ੇਸ਼ ਅਦਾਲਤ ਉਤੇ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ’ਤੇ ਲਾਈ ਗਈ ਰੋਕ ਵੀ ਹਟਾ ਲਈ ਸੀ, ਜਿਸ ਤੋਂ ਬਾਅਦ ਵਿਸ਼ੇਸ਼ ਅਦਾਲਤ ਨੇ ਇਹ ਹੁਕਮ ਦਿੱਤੇ ਹਨ। -ਪੀਟੀਆਈ