ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰਨਾਟਕ: ਰਾਜਪਾਲ ਦੇ ਫੈਸਲੇ ਖਿਲਾਫ਼ ਕਾਂਗਰਸ ਅੱਜ ਕਰੇਗੀ ਮੁਜ਼ਾਹਰੇ

07:26 AM Aug 19, 2024 IST

ਬੰਗਲੂਰੂ, 18 ਅਗਸਤ
ਕਾਂਗਰਸ ਨੇ ਰਾਜਪਾਲ ਥਾਵਰਚੰਦ ਗਹਿਲੋਤ ਵੱਲੋਂ ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ (ਐੱਮਯੂਡੀਏ) ’ਚ ਕਥਿਤ ਜ਼ਮੀਨ ਅਲਾਟਮੈਂਟ ਘੁਟਾਲੇ ਵਿਚ ਮੁੱਖ ਮੰਤਰੀ ਸਿੱਧਾਰਮੱਈਆ ਖਿਲਾਫ਼ ਮੁਕੱਦਮਾ ਚਲਾਉਣ ਦੀ ਦਿੱਤੀ ਪ੍ਰਵਾਨਗੀ ਖਿਲਾਫ਼ 19 ਅਗਸਤ ਨੂੰ ਪੂਰੇ ਸੂੁਬੇ ਵਿਚ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਹੈ। ਉਪ ਮੁੱਖ ਮੰਤਰੀ ਤੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਭਲਕ ਦੇ ਰੋਸ ਮੁਜ਼ਾਹਰਿਆਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਧਰ ਮੁੱਖ ਮੰਤਰੀ ਸਿੱਧਾਰਮੱਈਆ ਨੇ ਰਾਜਪਾਲ ਦੇ ਫੈਸਲੇ ਖਿਲਾਫ਼ 22 ਅਗਸਤ ਨੂੰ ਕਾਂਗਰਸ ਵਿਧਾਇਕ ਦਲ (ਸੀਐੱਲਪੀ) ਦੀ ਬੈਠਕ ਸੱਦ ਲਈ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਬੈਠਕ ਵਿਧਾਨ ਸੌਦਾ ਦੇ ਕਾਨਫਰੰਸ ਹਾਲ ਵਿਚ ਹੋਵੇਗੀ।
ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ, ‘‘ਸੂਬੇ ਵਿਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਤੇ ਰੈਲੀਆਂ ਕੀਤੀਆਂ ਜਾਣਗੀਆਂ, ਜਿਸ ਵਿਚ ਸਾਰੇ ਪਾਰਟੀ ਆਗੂ ਤੇ ਵਰਕਰ ਸ਼ਾਮਲ ਹੋਣਗੇ।’’ ਸਦਾਸ਼ਿਵਨਗਰ ਵਿਚਲੀ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵਕੁਮਾਰ ਨੇ ਕਿਹਾ ਕਿ ਰਾਜਪਾਲ ਵੱਲੋਂ ਬੇਵਜ੍ਹਾ ਕੇਸ ਬਣਾਇਆ ਜਾ ਰਿਹਾ ਹੈ। ਇਹ ‘ਜਮਹੂਰੀਅਤ ਦਾ ਕਤਲ’ ਹੈ ਤੇ ਕਾਂਗਰਸ ਇਸ ਖਿਲਾਫ਼ ਰੋਸ ਪ੍ਰਦਰਸ਼ਨ ਕਰੇਗੀ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਾਰਟੀ ਆਗੂਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰੇ ਕਰਨ ਤੇ ਇਹ ਯਕੀਨੀ ਬਣਾਉਣ ਕਿ ਸਮਾਜ ਵਿਰੋਧੀ ਅਨਸਰ ਇਨ੍ਹਾਂ ਰੈਲੀਆਂ ਵਿਚ ਘੁਸਪੈਠ ਕਰਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਨਾ ਕਰਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਬੈਠਕ ਬਾਰੇ ਪੁੱਛਣ ’ਤੇੇ ਸ਼ਿਵਕੁਮਾਰ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਮੌਜੂਦਾ ਘਟਨਾਕ੍ਰਮ ਬਾਰੇ ਸੰਖੇਪ ਜਾਣਕਾਰੀ ਦੇ ਦਿੱਤੀ ਹੈ।’’ ਰਾਜਪਾਲ ਦੇ ਫੈਸਲੇ ਖਿਲਾਫ਼ ਦੇਸ਼-ਪੱਧਰੀ ਰੋਸ ਮੁਜ਼ਾਹਰਿਆਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਆਲ ਇੰਡੀਆ ਕਾਂਗਰਸ ਕਮੇਟੀ ਲਵੇਗੀ। ਸ਼ਿਵਕੁਮਾਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਜਪਾ ਤੇ ਜੇਡੀ(ਐੱਸ) ਵੱਲੋਂ ਮੁੱਖ ਮੰਤਰੀ ਸਿੱਧਾਰਮੱਈਆ ਖਿਲਾਫ਼ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਖਿਲਾਫ਼ ਲੜੀਏ।’’ ਉਧਰ ਕਰਨਾਟਕ ਦੇ ਸੂਚਨਾ ਤਕਨੀਕ ਤੇ ਬਾਇਓ ਤਕਨੀਕ ਮੰਤਰੀ ਪ੍ਰਿਯਾਂਕ ਖੜਗੇੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਰਾਜਪਾਲ ਦੀ ਭੂਮਿਕਾ ਬਾਰੇ ਪਏ ਰੌਲੇ-ਰੱਪੇ ਮਗਰੋਂ ਸਾਨੂੰ ਲੋਕਾਂ ਨੂੰ ਇਸ ਬਾਰੇ ਦੱਸਣਾ ਹੋਵੇਗਾ। ਅਖੀਰ ਨੂੰ ਉਹ ਲੋਕ ਨੁਮਾਇੰਦੇ ਹਨ: 136 ਵਿਧਾਇਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਹੈ।’’ ਸੀਐੱਮ ਹਾਊਸ ਵਿਚਲੇ ਇਕ ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਬੈਠਕ ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ ਬਾਰੇ ਹੈ। ਮੁੱਖ ਮੰਤਰੀ ਕਾਂਗਰਸੀ ਵਿਧਾਇਕਾਂ ਨੂੰ ਕੇਸ ਦੇ ਤੱਥਾਂ ਬਾਰੇ ਸੰਖੇਪ ਜਾਣਕਾਰੀ ਦੇਣਗੇ ਅਤੇ ਕਾਨੂੰਨੀ ਤੇ ਸਿਆਸੀ ਤਰੀਕੇ ਨਾਲ ਕੇਸ ਲੜਨ ਬਾਰੇ ਰਣਨੀਤੀ ਘੜੀ ਜਾਵੇਗੀ।’’ਕਾਬਿਲੇਗੌਰ ਹੈ ਕਿ ਗਹਿਲੋਤ ਨੇ ਤਿੰਨ ਨਿੱਜੀ ਵਿਅਕਤੀਆਂ-ਟੀਜੇ ਅਬਰਾਹਮ, ਪ੍ਰਦੀਪ ਕੁਮਾਰ ਐੱਸਪੀ ਤੇ ਸਨੇਹਾਮਈ ਕ੍ਰਿਸ਼ਨਾ ਦੀਆਂ ਸ਼ਿਕਾਇਤਾਂ ’ਤੇ ਸਿੱਧਾਰਮੱਈਆ ਖਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਸ਼ਿਕਾਇਤਕਰਤਾਵਾਂ ਨੇ ਦਾਅਵਾ ਕੀਤਾ ਸੀ ਕਿ ਸਿੱਧਾਰਮੱਈਆ ਦੀ ਪਤਨੀ ਪਾਰਵਤੀ ਨੂੰ ਮੁਆਵਜ਼ੇ ਵਜੋਂ ਮੈਸੂਰੂ ਦੇ ਉੁਸ ਇਲਾਕੇ ਵਿਚ ਜ਼ਮੀਨਾਂ ਅਲਾਟ ਕੀਤੀਆਂ ਗਈਆਂ, ਜਿੱਥੇ ਜਾਇਦਾਦ ਦਾ ਮੁੱਲ ਐੱਮਯੂਡੀਏ ਵੱਲੋਂ ਐਕੁਆਇਰ ਕੀਤੀ ਜ਼ਮੀਨ ਨਾਲੋਂ ਕਿਤੇ ਵੱਧ ਸੀ। ਅਥਾਰਿਟੀ ਨੇ ਪਾਰਵਤੀ ਨੂੰ ਉਸ ਦੀ 3 ਏਕੜ ਤੇ 16 ਗੁੰਟਾਂ (ਇਕ ਗੁੰਟਾ 121 ਗਜ਼ ਦੇ ਬਰਾਬਰ) ਜ਼ਮੀਨ ਬਦਲੇ 50:50 ਦੇ ਅਨੁਪਾਤ ਨਾਲ 14 ਸਾਈਟਾਂ ਅਲਾਟ ਕੀਤੀਆਂ ਸਨ। ਇਸ ਵਿਵਾਦਿਤ ਸਕੀਮ ਤਹਿਤ ਐੱਮਯੂਡੀਏ ਨੇ ਗੈਰ-ਵਿਕਸਤ ਜ਼ਮੀਨ ਐਕੁਆਇਰ ਕਰਨ ਬਦਲੇ ਕਈ ਵਿਅਕਤੀਆਂ ਨੂੰ 50 ਫੀਸਦ ਵਿਕਸਤ ਜ਼ਮੀਨ ਅਲਾਟ ਕੀਤੀ ਸੀ। -ਪੀਟੀਆਈ

Advertisement

ਸਿੰਘਵੀ ਤੇ ਸਿੱਬਲ ਅੱਜ ਪਹੁੰਚਣਗੇ ਬੰਗਲੂਰੂ

ਬੰਗਲੂਰੂ: ਰਾਜਪਾਲ ਵੱਲੋਂ ਮੁੱਖ ਮੰਤਰੀ ਸਿੱਧਾਰਮੱਈਆ ਖਿਲਾਫ਼ ਮੁਕੱਦਮਾ ਚਲਾਉਣ ਦੀ ਦਿੱਤੀ ਪ੍ਰਵਾਨਗੀ ਮਗਰੋਂ ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂ ਸਿੰਘਵੀ ਤੇ ਕਪਿਲ ਸਿੱਬਲ ਸੋਮਵਾਰ ਨੂੰ ਬੰਗਲੂਰੂ ਪਹੁੰਚ ਰਹੇ ਹਨ। ਸੂਤਰਾਂ ਮੁਤਾਬਕ ਸੁਪਰੀਮ ਕੋਰਟ ਦੇ ਇਹ ਦੋਵੇਂ ਸੀਨੀਅਰ ਵਕੀਲ ਲੋਕ ਨੁਮਾਇੰਦਿਆਂ ਲਈ ਵਿਸ਼ੇਸ਼ ਕੋਰਟ ਵਿਚ ਮੁੱਖ ਮੰਤਰੀ ਵੱਲੋਂ ਪੇਸ਼ ਹੋ ਸਕਦੇ ਹਨ। ਕਰਨਾਟਕ ਸਰਕਾਰ ’ਚ ਮੰਤਰੀ ਪ੍ਰਿਯਾਂਕ ਖੜਗੇ ਨੇ ਮੁੱਖ ਮੰਤਰੀ ਵੱਲੋਂ ਪੇਸ਼ ਹੋਣ ਵਾਲੇ ਵਕੀਲਾਂ ਦੇ ਨਾਮ ਦੱਸਣ ਬਾਰੇ ਭਾਵੇਂ ਨਾਂਹ ਕਰ ਦਿੱਤੀ, ਪਰ ਉਨ੍ਹਾਂ ਸੰਕੇਤ ਦਿੱਤਾ ਕਿ ਸੰਵਿਧਾਨਕ ਮਾਹਿਰ ਜਲਦੀ ਬੰਗਲੂਰੂ ਪਹੁੰਚ ਰਹੇ ਹਨ। -ਪੀਟੀਆਈ

Advertisement
Advertisement