ਕਰਨੈਲ ਸਿੰਘ ਕਲਸੀ ਗਲੋਬਲ ਸਿੱਖ ਐਵਾਰਡ ਨਾਲ ਸਨਮਾਨਿਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜਨਵਰੀ
ਡਾ. ਕਰਨੈਲ ਸਿੰਘ ਕਲਸੀ ਨੂੰ ਵੱਕਾਰੀ ਸਿੱਖ ਐਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਪਲਾਨ-ਬੀ ਅਤੇ ਅਡਾਨੀ ਗਰੁਪ ਦੇ ਸਹਿਯੋਗ ਨਾਲ ਦੁਬਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਦੁਨੀਆ ਭਰ ਤੋਂ 400 ਤੋਂ ਵੱਧ ਮਹਿਮਾਨ ਸ਼ਾਮਲ ਹੋਏ ਸਨ। ਇਸ ਐਵਾਰਡ ਲਈ ਨਾਮਜ਼ਦਗੀਆਂ ਆਉਣ ਤੋਂ ਬਾਅਦ ਜਿਊਰੀ ਨੇ ਵਿਸ਼ਲੇਸ਼ਣ ਕਰ ਕੇ ਗਲੋਬਲ ਸਿੱਖ ਐਵਾਰਡ ਵਾਸਤੇ 13 ਸ਼ਖ਼ਸੀਅਤਾਂ ਦੀ ਚੋਣ ਕੀਤੀ ਜਿਨ੍ਹਾਂ ਵਿੱਚ ਡਾ. ਕਰਨੈਲ ਸਿੰਘ ਕਲਸੀ ਦਾ ਨਾਮ ਵੀ ਸ਼ਾਮਲ ਸੀ। ਇਹ ਵੱਕਾਰੀ ਐਵਾਰਡ ਨਿਸ਼ਕਾਮ ਸੇਵਾ, ਸਿੱਖਿਆ, ਵਪਾਰ, ਖੇਡਾਂ, ਮੀਡੀਆ ਤੇ ਮਨੋਰੰਜਨ ਸਮੇਤ ਕਈ ਸ਼੍ਰੇਣੀਆਂ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਲਈ ਦਿੱਤਾ ਜਾਂਦਾ ਹੈ। ਸਮਾਗਮ ਵਿੱਚ ਭਾਰਤ, ਯੂਕੇ, ਯੂਐੱਸਏ, ਕੈਨੇਡਾ, ਕੀਨੀਆ ਅਤੇ ਅਸਟਰੇਲੀਆ ਆਦਿ ਤੋਂ ਉਦਯੋਗਪਤੀਆਂ ਤੇ ਭਾਈਚਾਰੇ ਦੇ ਆਗੂਆਂ ਸਮੇਤ ਸਾਰੇ ਧਰਮਾਂ ਦੇ ਮਹਿਮਾਨ ਸ਼ਾਮਲ ਹੋਏ। ਸਿੱਖ ਐਵਾਰਡ ਅਤੇ ਪਲਾਨ ਬੀ ਗਰੁਪ ਦੇ ਸੰਸਥਾਪਕਾਂ ਨੇ ਸਾਂਝੇ ਤੌਰ ’ਤੇ ਦੁੱਬਈ ਪੁਲੀਸ ਦੇ ਕਮਾਂਡਰ ਇਨ ਚੀਫ਼ ਅਬਦੁੱਲਾ ਖ਼ਲੀਫ਼ਾ ਅਲ ਮਾਰੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।