ਕਰਿੰਦੇ ਦੇ ਕਤਲ ਦਾ ਮਾਮਲਾ: ਦੋਸਤ ਨੇ 3600 ਪਿੱਛੇ ਕੀਤੀ ਸੀ ਹੱਤਿਆ
ਸਰਬਜੀਤ ਸਿੰਘ ਭੰਗੂ/ਗੁਰਨਾਮ ਚੌਹਾਨ
ਪਟਿਆਲਾ/ਪਾਤੜਾਂ, 20 ਜਨਵਰੀ
ਜ਼ਿਲ੍ਹੇ ਦੇ ਥਾਣਾ ਸ਼ੁਤਰਾਣਾ ਦੇ ਪਿੰਡ ਚਿੱਚੜਵਾਲ ਵਿੱਚ ਸ਼ਰਾਬ ਦੇ ਠੇਕੇ ਦੇ ਕਰਿੰਦੇ ਦੇ ਕਤਲ ਦੀ ਗੁੱਥੀ ਪੁਲੀਸ ਨੇ 18 ਘੰਟਿਆਂ ਵਿੱਚ ਸੁਲਝਾ ਲਈ। ਇਹ ਕਤਲ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਦੇ ਕਰਿੰਦੇ ਦੇ ਹੀ ਇੱਕ ਦੋਸਤ ਨੇ ਮਹਿਜ਼ 3600 ਰੁਪਏ ਦੇ ਲੈਣ-ਦੇਣ ਪਿੱਛੇ ਕੀਤਾ। ਇਹ ਜਾਣਕਾਰੀ ਅੱਜ ਇੱਥੇ ਪੁਲੀਸ ਲਾਈਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪਟਿਆਲਾ ਦੇ ਐੱਸਪੀ (ਅਪਰੇਸ਼ਨ) ਸੌਰਵ ਜਿੰਦਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਚਿੱਚੜਵਾਲ ਥਾਣਾ ਪਾਤੜਾਂ ਵਜੋਂ ਹੋਈ ਹੈ। ਉਸ ਨੂੰ ਪਾਤੜਾਂ ਦੇ ਡੀਐੱਸਪੀ ਦਲਜੀਤ ਵਿਰਕ ਦੀ ਨਿਗਰਾਨੀ ਹੇਠ ਥਾਣਾ ਸ਼ੁਤਰਾਨਾ ਦੇ ਐੱਸਐੱਚਓ ਯਸ਼ਪਾਲ ਸ਼ਰਮਾ ਤੇ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਐੱਸਪੀ ਨੇ ਹੋਰ ਦੱਸਿਆ ਕਿ ਬਿਹਾਰ ਦਾ ਮੂਲ ਨਿਵਾਸੀ ਅਨੀਕੇਤ ਪਿੰਡ ਚਿੱਚੜਵਾਲ ਵਿੱਚ ਸਥਿਤ ਸ਼ਰਾਬ ਦੇ ਠੇਕੇ ਵਿੱਚ ਕਰਿੰਦੇ ਵਜੋਂ ਕੰਮ ਕਰਦਾ ਸੀ ਜਿਸ ਦੌਰਾਨ ਇਸੇ ਹੀ ਪਿੰਡ ਦੇ ਅਸ਼ੋਕ ਕੁਮਾਰ ਨਾਲ ਉਸ ਦੀ ਦੋਸਤੀ ਹੋ ਗਈ। ਕਰਿੰਦੇ ਨੇ ਅਸ਼ੋਕ ਕੁਮਾਰ ਰਾਹੀਂ 3600 ਰੁਪਏ ਦੇ ਕੱਪੜੇ ਉਧਾਰੇ ਖਰੀਦੇ ਸਨ ਪਰ ਕੁਝ ਸਮਾਂ ਲੰਘ ਜਾਣ ਦੇ ਬਾਵਜੂਦ ਜਦੋਂ ਅਦਾਇਗੀ ਨਾ ਕੀਤੀ ਤਾਂ ਅਸ਼ੋਕ ਕੁਮਾਰ ਪੈਸੇ ਦੇਣ ਲਈ ਟੋਕਣ ਲੱਗਿਆ ਜਿਸ ਕਾਰਨ ਦੋਵਾਂ ਦਰਮਿਆਨ ਕਹਾ ਸੁਣੀ ਹੋ ਗਾਈ। ਇਸ ਨੂੰ ਲੈ ਕੇ ਹੀ ਅਸ਼ੋਕ ਕੁਮਾਰ ਨੇ ਅਨੀਕੇਤ ਦੀ ਹੱਤਿਆ ਕਰਨ ਦਾ ਮਨ ਬਣਾ ਲਿਆ। 17 ਜਨਵਰੀ ਦੀ ਸ਼ਾਮ ਨੂੰ ਉਸ ਨੇ ਹੇਅਰ ਡਰੈੱਸਰ ਦੀ ਦੁਕਾਨ ਵਿੱਚੋਂ ਅੱਖ ਬਚਾਅ ਕੇ ਕਟਿੰਗ ਵਾਲੀ ਇੱਕ ਕੈਂਚੀ ਚੁਰਾ ਲਈ। ਫੇਰ ਉਸ ਨੇ ਸ਼ਰਾਬ ਪੀਤੀ ਅਤੇ ਠੇਕੇ ’ਚ ਬੈਠੇ ਅਨੀਕੇਤ ਦੀ ਗਰਦਣ ’ਚ ਕੈਂਚੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਠੇਕੇ ਵਿੱਚੋਂ ਬਾਹਰ ਕੱਢਣ ਮਗਰੋਂ ਉਹ ਉਸ ਨੂੰ ਘਸੀਟ ਕੇ ਠੇਕੇ ਦੇ ਪਿੱਛੇ ਲੈ ਗਿਆ ਅਤੇ ਉੱਥੇ ਕੈਂਚੀ ਦੇ ਕਈ ਵਾਰ ਕਰਕੇ ਅਨੀਕੇਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇੱਕ ਦਿਨ ਤਾਂ ਕਤਲ ਦੀ ਇਸ ਘਟਨਾ ਬਾਰੇ ਕਿਸੇ ਨੂੰ ਵੀ ਪਤਾ ਨਾ ਲੱਗਾ ਅਤੇ ਧੁੰਦ ਕਾਰਨ ਲਾਸ਼ ਵੀ ਕਿਸੇ ਨੇ ਨਾ ਦੇਖੀ ਪਰ ਅਗਲੇ ਦਿਨ ਲਾਸ਼ ਨੂੰ ਕੁੱਤੇ ਨੋਚਣ ਲੱਗੇ ਤੇ ਕੁੱਤਿਆਂ ਦਾ ਝੁੰਡ ਦੇਖਣ ਮਗਰੋਂ ਹੀ ਕਿਸੇ ਰਾਹਗੀਰ ਨੇ ਪੁਲੀਸ ਨੂੰ ਇਤਲਾਹ ਦਿੱਤੀ।
ਐੱਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਡੀਐੱਸਪੀ ਦਲਜੀਤ ਵਿਰਕ ਦੀ ਅਗਵਾਈ ਹੇਠਾਂ ਥਾਣਾ ਸ਼ੁਤਰਾਣਾ ਦੇ ਮੁਖੀ ਯਸ਼ਪਾਲ ਸ਼ਰਮਾ ਨੇ ਤੁਰੰਤ ਤਹਿਕੀਕਾਤ ਸ਼ੁਰੂ ਕੀਤੀ ਅਤੇ ਸਖਤ ਮਿਹਨਤ ਕਰਦਿਆਂ ਇਤਲਾਹ ਮਿਲਣ ਤੋਂ 18 ਘੰਟਿਆਂ ਦੇ ਅੰਦਰ ਹੀ ਸੁਰਾਗ ਲਾ ਕੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ। ਕਾਤਲ ਲਈ ਵਰਤੀ ਗਈ ਕੈਂਚੀ ਵੀ ਬਰਾਮਦ ਕਰ ਲਈ ਗਈ ਹੈ। ਉੱਧਰ ਡੀਐੱਸਪੀ ਦਲਜੀਤ ਵਿਰਕ ਨੇ ਦੱਸਿਆ ਕਿ ਮੁਲਜ਼ਮ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਪੁੱਛ-ਗਿੱਛ ਕੀਤੀ ਜਾ ਸਕੇ।