ਭਿਸੀਆਣਾ ਸਟੇਸ਼ਨ ਵਿੱਚ ਕਾਰਗਿਲ ਵਿਜੈ ਦਿਵਸ ਮਨਾਇਆ
ਪੱਤਰ ਪ੍ਰੇਰਕ
ਬਠਿੰਡਾ, 19 ਜੁਲਾਈ
ਕਾਰਗਿੱਲ ਵਿਜੈ ਦਿਵਸ ਰਜਤ ਜੈਅੰਤੀ 2024 ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿੱਚ ਮਨਾਈ ਗਈ। ਇਸ ਮੌਕੇ ਰਾਸ਼ਟਰ ਲਈ ਕੁਰਬਾਨੀ ਦੇਣ ਵਾਲੇ ਯੋਧਿਆਂ ਦੀ ਵਿਰਾਸਤ ਦਾ ਸਨਮਾਨ ਕਰਨ ਅਤੇ ਯੁੱਧ ਅਪਰੇਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਜਵਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਵੱਲੋਂ ਦੇਸ਼ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਭਾਰਤੀ ਹਵਾਈ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ 17 ਸਕੁਐਡਰਨ, ਜਿਸ ਨੂੰ ‘ਗੋਲਡਨ ਐਰੋਜ਼’ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਉਸ ਸਮੇਂ ਭਿਸੀਆਣਾ ਏਅਰਫੀਲਡ ਵਿੱਚ ਮੌਜੂਦ ਸੀ। ਉਨ੍ਹਾਂ ਦੱਸਿਆ ਉਕਤ ਹਵਾਈ ਟੀਮ ਵੱਲੋਂ ਓਪਰੇਸ਼ਨ ਸਫੇਦ ਸਾਗਰ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਦੁਸ਼ਮਣ ਦੀਆਂ ਫੌਜਾਂ ਨੂੰ ਬਾਹਰ ਕੱਢਣ ਲਈ ਕਈ ਖੋਜ ਮਿਸ਼ਨਾਂ ਨੂੰ ਅਪਣੀ ਪ੍ਰਾਪਤੀ ਦਾ ਹਿੱਸਾ ਬਣਾਇਆ। ਇਸ ਮੌਕੇ ਸਕੁਐਡਰਨ ਨੂੰ ਅਪਰੇਸ਼ਨਾਂ ਦੌਰਾਨ ਸ਼ਾਨਦਾਰ ਸੇਵਾਵਾਂ ਲਈ ‘ਬੈਟਲ ਆਨਰਜ਼’ ਨਾਲ ਸਨਮਾਨਿਤ ਕੀਤਾ ਗਿਆ। ਅਪਰੇਸ਼ਨਾਂ ਦੌਰਾਨ ਉਕਤ ਏਅਰ ਸਟੇਸ਼ਨ ਦੇ ਸ਼ਹੀਦ ਸਕੁਐਡਰਨ ਲੀਡਰ ਅਜੇ ਆਹੂਜਾ ਨੇ ਮਿੱਗ 21 ਜਹਾਜ਼ ਨੂੰ ਉਡਾਉਂਦੇ ਹੋਏ ਸਰਵਉੱਚ ਬਲੀਦਾਨ ਦਿੱਤਾ ਅਤੇ ਉਸ ਦੇ ਬਹਾਦਰੀ ਕਾਰਜ ਲਈ ਮਰਨ ਉਪਰੰਤ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਯੂ ਸੈਨਿਕ ਮਿਲਣੀ ਕਰਵਾਈ ਗਈ ਜਿਨ੍ਹਾਂ ਨੇ ਅਪਰੇਸ਼ਨਾਂ ਦੌਰਾਨ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ।