ਵੱਖ-ਵੱਖ ਥਾਈਂ ਕਾਰਗਿਲ ਵਿਜੇੈ ਦਿਵਸ ਮਨਾਇਆ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 26 ਜੁਲਾਈ
ਕਾਰਗਿਲ ਵਿਜੇੈ ਦਿਵਸ ਦਾ ਮੁੱਖ ਸਮਾਗਮ ਸਬ ਡਵੀਜ਼ਨ ਅਹਿਮਦਗੜ੍ਹ ਦੇ ਰੋਟਰੀ ਕਲੱਬ ਵੱਲੋਂ ਗਾਂਧੀ ਸਕੂਲ ਵਿਖੇ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਅਨਿਲ ਜੈਨ ਨੇ ਕੀਤੀ ਅਤੇ ਮੁੱਖ ਮਹਿਮਾਨ ਏ ਡੀ ਸੀ ਮਾਲੇਰਕੋਟਲਾ ਫਲਾਇਟ ਲੈਫਟੀਨੈਂਟ ਸੁਰਿੰਦਰ ਸਿੰਘ ਸਨ। ਜੰਗ ਦੌਰਾਨ ਸ਼ਹੀਦ ਹੋਏ ਸਮੂਹ ਭਾਰਤੀ ਸੈਨਿਕਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਬਾਅਦ ਵਿੱਚ ਮਾਲੇਰਕੋਟਲਾ ਅਤੇ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਕਰੀਬ ਦੋ ਦਰਜਨ ਸਾਬਕਾ ਸੈਨਿਕਾਂ ਦਾ ਕਾਰਗਿਲ ਜੰਗ ਦੌਰਾਨ ਪਾਏ ਗਏ ਯੋਗਦਾਨ ਲਈ ਸਨਮਾਨ ਕੀਤਾ ਗਿਆ।
ਮੁੱਖ ਭਾਸ਼ਣ ਦੌਰਾਨ ਬੋਲਦਿਆਂ ਫਲਾਈਟ ਲੈਫਟੀਨੈਂਟ ਸੁਰਿੰਦਰ ਸਿੰਘ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਯਾਦ ਕਰਵਾਇਆ ਕਿ ਭਾਵੇਂ ਸਿੱਧੇ ਤੌਰ ‘ਤੇ ਕਾਰਗਿਲ ਵਿਖੇ ਤਾਇਨਾਤ ਸੈਨਿਕਾਂ ਦਾ ਆਪਰੇਸ਼ਨ ਵਿਜੇ ਦੀ ਸਫਲਤਾ ਵਿੱਚ ਬਹੁਤ ਵੱਡਾ ਯੋਗਦਾਨ ਸੀ ਪਰ ਸਮਾਜ ਦੇ ਹਰ ਵਰਗ ਨੇ ਹੋਰਨਾਂ ਜੰਗਾਂ ਦੀ ਤਰਾਂ ਸੀਮਾ ‘ਤੇ ਤਾਇਨਾਤ ਸੈਨਿਕਾਂ ਦਾ ਮਨੋਬਲ ਵਧਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਸ਼ਹਿਰ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਵਿੱਚ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ ਨਾਲ ਜਿੱਤ ਦੇ ਜਸ਼ਨ ਵੀ ਮਨਾਏ ਗਏ। ਸਥਾਨਕ ਸਪਰਿੰਗ ਡੇਲ ਪਬੁਲਿਕ ਸਕੂਲ ਵਿਖੇ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਾਰਗਿਲ ਦਿਵਸ ਮਨਾਇਆ ਗਿਆ। ਚੇਅਰਪਰਸਨ ਅਵਨਿਾਸ਼ ਕੌਰ ਵਾਲੀਆ, ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਯਾਦਾਂ ਨੂੰ ਹਮੇਸ਼ਾਂ ਚੇਤੇ ਰੱਖਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਇੰਟਰਨਲ ਕੁਆਲਿਟੀ ਅਸ਼ੈਰੋਂਸ ਸੈੱਲ ਦੀ ਅਗਵਾਈ ਹੇਠ ਐਨਸੀਸੀ ਵਿੰਗ ਨੇ ਕਾਲਜ ਕੈਂਪਸ ਵਿੱਚ 24ਵਾਂ ਕਾਰਗਿਲ ਵਿਜੇੈ ਦਿਵਸ ਮਨਾਇਆ। ਇਸ ਸਬੰਧੀ ਕੈਂਪਸ ਵਿੱਚ ਕਈ ਗਤੀਵਿਧੀਆਂ ਕਰਵਾਈਆਂ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਰਾਏਕੋਟ ਮਾਰਗ ਸਥਿਤ ਮਹਾਪ੍ਰਗਿਆ ਸਕੂਲ ਵਿਖੇ ਅੱਜ 24ਵਾਂ ਕਾਰਗਿਲ ਵਿਜੇੈ ਦਿਵਸ ਮਨਾਇਆ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ੍ਰੀਮਤੀ ਜਸਵੰਤੀ ਦੇਵੀ ਜੈਨ ਯਾਦਗਾਰੀ ਹਾਲ ਵਿਖੇ ਦੇਸ਼ਭਗਤੀ ਦੇ ਗੀਤਾਂ ਨਾਲ ਸ਼ੁਰੂ ਹੋਏ ਸਮਾਗਮ ਦੌਰਾਨ ਐੱਨਸੀਸੀ ਕੈਡਿਟਾਂ ਨੇ ਲੈਫਟੀਨੈਂਟ ਕਰਨਲ ਦਵਿੰਦਰ ਡਡਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਗਾਰਡ ਆਫ ਆਨਰ ਪੇਸ਼ ਕੀਤਾ।