ਹਿਮਾਲੀਅਨ ਫ਼ਿਲਮ ਮੇਲੇ ’ਚ ਦਿਖਾਈ ਜਾਵੇਗੀ ਕਰੀਨਾ ਦੀ ਫ਼ਿਲਮ ‘ਜਾਨੇ ਜਾਂ’
ਮੁੰਬਈ: ਬੌਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਈ ਪਹਿਲੀ ਫਿਲਮ ‘ਜਾਨੇ ਜਾਂ’ ਹਿਮਾਲੀਅਨ ਫਿਲਮ ਫੈਸਟੀਵਲ 2023 ਦੇ ਆਗਾਜ਼ ਮੌਕੇ ਦਿਖਾਈ ਜਾਵੇਗੀ। ਦੂਜੇ ਪਾਸੇ ਲਘੂ ਫਿਲਮ ਵਰਗ ਵਿਚ ਸਟੇਨਜ਼ਿਨ ਟੈਂਕੌਂਗ ਵਲੋਂ ਨਿਰਦੇਸ਼ਿਤ ਫਿਲਮ ‘ਲਾਸਟ ਡੇਜ਼ ਆਫ ਸਮਰ’ ਵੀ ਫਿਲਮ ਮੇਲੇ ਦੀ ਸ਼ੁਰੂਆਤ ਲਈ ਚੁਣਿਆ ਗਿਆ ਹੈ। ਫਿਲਮ ‘ਜਾਨੇ ਜਾਂ’ ਦਾ ਨਿਰਦੇਸ਼ਨ ਸੁਜੋਏ ਘੋਸ਼ ਨੇ ਕੀਤਾ ਹੈ ਜਿਸ ਵਿੱਚ ਵਿਜੈ ਵਰਮਾ ਅਤੇ ਜੈਦੀਪ ਅਹਿਲਾਵਤ ਵੀ ਹਨ। ਇਹ ਫਿਲਮ ਕਲਿਮਪੌਂਗ ਵਿੱਚ ਫਿਲਮਾਈ ਗਈ ਹੈ ਅਤੇ ਕੀਗੋ ਹਿਗਾਸ਼ਿਨੋ ਦੇ ਸਭ ਤੋਂ ਵੱਧ ਵਿਕਣ ਵਾਲੇ ਨਾਵਲ ‘ਡਿਵੋਸ਼ਨ ਆਫ਼ ਸਸਪੈਕਟ ਐਕਸ’ ਦਾ ਅਧਿਕਾਰਤ ਰੂਪਾਂਤਰਣ ਹੈ। ਆਪਣੀ ਫਿਲਮ ਨੂੰ ਫੈਸਟੀਵਲ ਵਿੱਚ ਲਿਆਉਣ ਲਈ ਉਤਸ਼ਾਹਿਤ ਸੁਜੋਏ ਘੋਸ਼ ਨੇ ਕਿਹਾ, ‘ਦਿ ਹਿਮਾਲੀਅਨ ਫਿਲਮ ਫੈਸਟੀਵਲ 2023 ਦਾ ਹਿੱਸਾ ਬਣਨਾ ਇੱਕ ਸਨਮਾਨ ਵਾਲੀ ਗੱਲ ਹੈ। ਸਾਨੂੰ ਸਾਰਿਆਂ ਨੂੰ ਫਿਲਮ ਮੇਲੇ ਦੇ ਯਤਨਾਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਜੋ ਫਿਲਮਾਂ ਨੂੰ ਦੁਨੀਆ ਦੇ ਹਰ ਹਿੱਸੇ ਵਿੱਚ ਲਿਜਾਂਦੇ ਹਨ।’ ਕਰੀਨਾ ਕਪੂਰ ਖਾਨ ਨੇ ਕਿਹਾ, ‘ਮੈਂ ‘ਜਾਨੇ ਜਾਂ’ ਨੂੰ ਲੈ ਕੇ ਬਹੁਤ ਖੁਸ਼ ਹਾਂ। ਨੈਟਫਲਿਕਸ ਲੱਦਾਖ ਵਿੱਚ ਹਿਮਾਲੀਅਨ ਫਿਲਮ ਮੇਲਾ ਕਰਵਾਉਣ ਜਾ ਰਿਹਾ ਹੈ, ਜੋ ਮੇਰੇ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹੈ। -ਏਐੱਨਆਈ
43 ਸਾਲਾਂ ਦੀ ਹੋਈ ਕਰੀਨਾ ਕਪੂਰ ਖਾਨ
ਕਰੀਨਾ ਕਪੂਰ ਖਾਨ ਅੱਜ 43 ਸਾਲਾਂ ਦੀ ਹੋ ਗਈ ਹੈ। ਉਸ ਦੀ ਭੈਣ ਕ੍ਰਿਸ਼ਮਾ ਕਪੂਰ ਨੇ ਕਰੀਨਾ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਸੋਸ਼ਲ ਮੀਡੀਆ ’ਤੇ ਜਨਮ ਦਿਨ ਮਨਾਉਂਦਿਆਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ। ਇਸ ਤੋਂ ਇਲਾਵਾ ਆਲੀਆ ਭੱਟ ਤੇ ਸੋਹਾ ਅਲੀ ਖਾਨ ਨੇ ਵੀ ਕਰੀਨਾ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਅਪਲੋਡ ਕਰਦਿਆਂ ਜਨਮ ਦਿਨ ਮੁਬਾਰਕ ਕਿਹਾ ਹੈ।