ਸੈਫ਼ ’ਤੇ ਹਮਲੇ ਤੋਂ ਬਾਅਦ ਕੰਮ ’ਤੇ ਪਰਤੀ ਕਰੀਨਾ
ਮੁੰਬਈ:
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਹਾਲ ਹੀ ਵਿਚ ਆਪਣੇ ਪਤੀ ਤੇ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲੇ ਤੋਂ ਬਾਅਦ ਕਈ ਦਿਨਾਂ ਤੋਂ ਘਰ ਵਿਚ ਹੀ ਸੀ ਤੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਸੀ। ਲੰਮੇ ਸਮੇਂ ਤੋਂ ਬਾਅਦ ਕਰੀਨਾ ਅੱਜ ਕੰਮ ’ਤੇ ਪਰਤੀ ਹੈ। ਉਸ ਨੂੰ ਅੱਜ ਮੁੰਬਈ ਵਿਚ ਇਕ ਫਿਲਮ ਦੇ ਸੈੱਟ ’ਤੇ ਦੇਖਿਆ ਗਿਆ। ਇਸ ਸਬੰਧੀ ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਹਨ ਜਿਨ੍ਹਾਂ ਵਿਚ ਕਰੀਨਾ ਨੂੰ ਆਪਣੀ ਵੈਨਿਟੀ ਵੈਨ ਵੱਲ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਉਸ ਨੇ ਵੈਨ ਅੰਦਰ ਜਾਣ ਤੋਂ ਪਹਿਲਾਂ ਹੱਥ ਜੋੜੇ ਤੇ ਫੋਟੋਆਂ ਖਿੱਚਣ ਵਾਲਿਆਂ ਵੱਲ ਮੁਸਕਰਾ ਕੇ ਦੇਖਿਆ। ਇਸ ਮੌਕੇ ਕਰੀਨਾ ਨੇ ਸਲੇਟੀ ਰੰਗ ਦੀ ਸਵੈੱਟ ਸ਼ਰਟ, ਕਾਲੇ ਜੌਗਰਸ ਅਤੇ ਚਿੱਟੇ ਸਨੀਕਰਸ ਪਾਏ ਹੋਏ ਸਨ। ਇਸ ਮੌਕੇ ਉਸ ਨੇ ਮੇਕਅੱਪ ਨਹੀਂ ਸੀ ਕੀਤਾ ਹੋਇਆ। ਜ਼ਿਕਰਯੋਗ ਹੈ ਕਿ ਸੈਫ ਅਲੀ ਖਾਨ ’ਤੇ ਉਸ ਦੀ ਬਾਂਦਰਾ ਸਥਿਤ ਰਿਹਾਇਸ਼ ’ਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਰੀਨਾ ਅਤੇ ਉਸ ਦੇ ਪਰਿਵਾਰ ਨੂੰ ਚੁਣੌਤੀਪੂਰਨ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਮਲੇ ਵਿਚ ਸੈਫ ਗੰਭੀਰ ਜ਼ਖਮੀ ਹੋ ਗਿਆ ਸੀ। ਇਸ ਤੋਂ ਕੁਝ ਦਿਨ ਪਹਿਲਾਂ ‘ਵੀਰੇ ਦੀ ਵੈਡਿੰਗ’ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਕ ਨੋਟ ਸਾਂਝਾ ਕੀਤਾ ਸੀ ਜਿਸ ਵਿਚ ਮੀਡੀਆ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਲੋੜੀਂਦੀ ਥਾਂ ਦੇਣ ਦੀ ਅਪੀਲ ਕੀਤੀ ਗਈ ਸੀ। -ਆਈਏਐੱਨਐੱਸ