ਤੂੰਬੇ ਤੇ ਅਲਗੋਜ਼ੇ ਦੀ ਗਾਇਕੀ ਦੀ ਨਵੀਂ ਪੌਦ ਕਰਨਵੀਰ ਸਿੰਘ
ਹਰਦਿਆਲ ਸਿੰਘ ਥੂਹੀ
ਆਮ ਤੌਰ ’ਤੇ ਲੋਕ ਸੰਗੀਤ ਦੀਆਂ ਪਰੰਪਰਿਕ ਵੰਨਗੀਆਂ ਤੋਂ ਨਵੀਂ ਪੀੜ੍ਹੀ ਦੂਰ ਹੀ ਰਹਿੰਦੀ ਹੈ। ਇਨ੍ਹਾਂ ਨਾਲ ਜੁੜਨਾ ਤਾਂ ਕੀ, ਇਨ੍ਹਾਂ ਨੂੰ ਸੁਣਨ ਨੂੰ ਵੀ ਤਿਆਰ ਨਹੀਂ, ਪਰ ਕਈ ਵਾਰ ਇਹ ਧਾਰਨਾ ਉਸ ਸਮੇਂ ਗ਼ਲਤ ਹੋ ਜਾਂਦੀ ਹੈ, ਜਦੋਂ ਅਸੀਂ ਕਿਸੇ ਕਿਸੇ ਨੌਜਵਾਨ ਨੂੰ ਇਸ ਤਰ੍ਹਾਂ ਦੀ ਕਲਾ ਨਾਲ ਜੁੜਿਆ ਦੇਖਦੇ ਹਾਂ। ਅਜਿਹਾ ਹੀ ਇਕ ਨੌਜਵਾਨ ਹੈ ਕਰਨਵੀਰ ਸਿੰਘ ਜੋ ਤੂੰਬੇ ਅਲਗੋਜ਼ੇ ਦੀ ਗਾਇਕੀ ਨਾਲ ਜੁੜਿਆ ਹੋਇਆ ਹੈ। ਉਹ ਵੀ ਕੈਨੇਡਾ ਰਹਿੰਦਾ ਹੋਇਆ।
ਕਰਨਵੀਰ ਦਾ ਜਨਮ ਪਿੰਡ ਨੁੱਸੀ (ਜਲੰਧਰ) ਵਿਖੇ 28 ਅਗਸਤ 1992 ਨੂੰ ਪਤਿਾ ਹਰਪਾਲ ਸਿੰਘ ਤੇ ਮਾਤਾ ਰਜਿੰਦਰ ਕੌਰ ਦੇ ਘਰ ਹੋਇਆ। ਉਸ ਦੇ ਮਾਤਾ-ਪਤਿਾ ਦੋਵੇਂ ਸਰਕਾਰੀ ਮੁਲਾਜ਼ਮ ਹਨ। ਪਤਿਾ ਪੰਚਾਇਤ ਅਫ਼ਸਰ ਅਤੇ ਮਾਤਾ ਸਕੂਲ ਅਧਿਆਪਕਾ। ਦੋਵੇਂ ਚਾਹੁੰਦੇ ਸਨ ਕਿ ਪੁੱਤਰ ਚੰਗਾ ਪੜ੍ਹ ਲਿਖ ਕੇ ਵੱਡਾ ਅਫ਼ਸਰ ਬਣੇ। ਕਰਨਵੀਰ ਪੜ੍ਹਾਈ ਵਿਚ ਹੁਸ਼ਿਆਰ ਸੀ ਤੇ ਹਮੇਸ਼ਾਂ ਆਪਣੀ ਜਮਾਤ ਵਿਚੋਂ ਅੱਵਲ ਆਉਂਦਾ ਸੀ। ਜਮਾਤ ਦਰ ਜਮਾਤ ਚੜ੍ਹ ਕੇ ਉਸ ਨੇ 2011 ਵਿਚ ਬਾਰ੍ਹਵੀਂ ਮੈਡੀਕਲ ਗਰੁੱਪ ਵਿਚ ਡੀ.ਏ.ਵੀ. ਕਾਲਜ ਜਲੰਧਰ ਤੋਂ ਕਾਲਜ ਵਿਚੋਂ ਫਸਟ ਰਹਿ ਕੇ ਅੱਵਲ ਦਰਜੇ ਵਿਚ ਪਾਸ ਕੀਤੀ। ਇਸੇ ਕਾਲਜ ਵਿਚ ਬੀਐੱਸ.ਸੀ. ਕਰਨ ਲੱਗ ਪਿਆ। ਫਿਰ ਉਹ ਬੀਐੱਸ.ਸੀ. ਦੀ ਪੜ੍ਹਾਈ ਵਿਚੇ ਛੱਡ ਕੇ 2012 ਵਿਚ ਕੈਨੇਡਾ ਪਹੁੰਚ ਗਿਆ।
ਪਰਿਵਾਰ ਵਿਚੋਂ ਕਿਸੇ ਦਾ ਵੀ ਗਾਇਕੀ ਵੱਲ ਕੋਈ ਰੁਝਾਨ ਨਹੀਂ ਸੀ, ਨਾ ਦਾਦਕਿਆਂ ਵਿਚੋਂ ਤੇ ਨਾ ਨਾਨਕਿਆਂ ਵਿਚੋਂ। ਪਿੰਡ ਵਿਚ ਅਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਲੱਗਦੇ ਮੇਲਿਆਂ ਅਤੇ ਛਿੰਝਾਂ ’ਤੇ ਤੂੰਬੇ ਅਲਗੋਜ਼ੇ ਵਾਲੇ ਰਾਗੀ ਆਮ ਹੀ ਆਉਂਦੇ ਰਹਿੰਦੇ ਸਨ, ਜਿਨ੍ਹਾਂ ਨੂੰ ਬਚਪਨ ਤੋਂ ਹੀ ਕਰਨਵੀਰ ਬੜੇ ਚਾਅ ਨਾਲ ਸੁਣਦਾ ਸੀ। ਇਨ੍ਹਾਂ ਵਿਚ ਰਾਗੀ ਰਾਮ ਲਾਲ ਜੌਹਲਾਂ ਵਾਲਾ, ਜੀਤ ਰਾਗੀ ਅੰਬੀਆਂ ਤੋਹਫ਼ਾ, ਰਾਗੀ ਮਾਸਟਰ ਬਖ਼ਸ਼ੀ ਕਰਤਾਰਪੁਰ, ਅਰਜਨ ਕੁੱਦੇਵਾਲ ਜੋੜੀਵਾਦਕ, ਨਾਮਾ ਹਸਣ ਮੁੰਡਾ ਜੋੜੀ ਵਾਦਕ, ਕਰਤਾਰ ਸਰਾਏ ਖਾਸ ਅਤੇ ਹੋਰ ਕਈ ਸ਼ਾਮਲ ਸਨ। ਇਨ੍ਹਾਂ ਨੂੰ ਸੁਣ ਸੁਣ ਕੇ ਦਸ ਗਿਆਰਾਂ ਸਾਲ ਦੀ ਉਮਰ ਵਿਚ ਹੀ ਕਰਨਵੀਰ ਨੂੰ ਇਸ ਗਾਇਕੀ ਦੀ ਚੇਟਕ ਲੱਗ ਗਈ। ਘਰਦਿਆਂ ਨੇ ਉਸ ਨੂੰ ਇਨ੍ਹਾਂ ਪੁੱਠੇ ਕੰਮਾਂ ਤੋਂ ਬਥੇਰਾ ਵਰਜਿਆ, ਪਰ ਉਹ ਨਾ ਹਟਿਆ। ਅਖ਼ੀਰ ਪਰਿਵਾਰ ਨੂੰ ਉਸ ਦੀ ਜ਼ਿੱਦ ਅੱਗੇ ਝੁਕਣਾ ਪਿਆ। ਆਪਣੀ ਲਗਨ ਅਤੇ ਦ੍ਰਿੜ ਇਰਾਦੇ ਕਾਰਨ ਸਤਾਰਾਂ ਅਠਾਰਾਂ ਸਾਲ ਦੀ ਉਮਰ ਤੱਕ ਉਸ ਨੇ ਬਹੁਤ ਸਾਰਾ ਗੌਣ ਕੰਠ ਕਰ ਲਿਆ ਅਤੇ ਤੂੰਬਾ ਵਜਾਉਣਾ ਵੀ ਸਿੱਖ ਲਿਆ। ਪੜ੍ਹਾਈ ਦੇ ਨਾਲ ਨਾਲ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ।
ਕੈਨੇਡਾ ਜਾ ਕੇ ਉਹ ਟਰੱਕ ਡਰਾਈਵਰੀ ਕਰਨ ਲੱਗ ਪਿਆ। ਤੂੰਬਾ ਜਿਹੜਾ ਉਹ ਏਧਰੋਂ ਆਪਣੇ ਨਾਲ ਹੀ ਲੈ ਗਿਆ ਸੀ, ਉਸ ਨੇ ਟਰੱਕ ਵਿਚ ਹੀ ਰੱਖ ਲਿਆ। ਉਸ ਨੂੰ ਸੈਂਕੜੇ ਮੀਲ ਏਧਰੋਂ ਓਧਰ ਤੇ ਓਧਰੋਂ ਏਧਰ ਆਉਣਾ ਜਾਣਾ ਪੈਂਦਾ। ਰਾਹ ਵਿਚ ਜਿੱਥੇ ਵੀ ਉਸ ਨੂੰ ਰੁਕਣਾ ਪੈਂਦਾ ਹੈ, ਉਹ ਤੂੰਬਾ ਵਜਾ ਕੇ ਆਪਣਾ ਝੱਸ ਪੂਰਾ ਕਰ ਲੈਂਦਾ। ਉੱਥੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਡਰਾਈਵਰਾਂ ਨਾਲ ਉਸ ਦਾ ਵਾਹ ਵਾਸਤਾ ਵਧਦਾ ਗਿਆ। ਉਹ ਘੰਟਿਆਂ ਬੱਧੀ ਉਸ ਤੋਂ ‘ਗੌਣ’ ਸੁਣਦੇ ਰਹਿੰਦੇ। 2014 ਵਿਚ ਉਸ ਨੇ ਵਾਪਸ ਪੰਜਾਬ ਫੇਰੀ ਪਾਈ ਤੇ ਜਿੰਨਾ ਸਮਾਂ ਏਧਰ ਰਿਹਾ, ਰਾਗੀਆਂ/ਗਵੰਤਰੀਆਂ ਦੇ ਨਾਲ ਹੀ ਵਿਚਰਦਾ ਰਿਹਾ। ਉਸ ਦੀ ਹਰ ਪੰਜਾਬ ਫੇਰੀ ਸਮੇਂ ਏਹੀ ਵਰਤਾਰਾ ਹੁੰਦਾ। ਇਸ ਸਮੇਂ ਤੱਕ ਭਾਵੇਂ ਉਹ ਵਧੀਆ ਗਾਉਣ/ਵਜਾਉਣ ਲੱਗ ਪਿਆ ਸੀ, ਪ੍ਰੰਤੂ ਕਿਸੇ ਕਾਮਲ ਮੁਰਸ਼ਦ ਦੇ ਥਾਪੜੇ ਬਿਨਾਂ ਉਹ ਆਪਣੇ ਆਪ ਨੂੰ ਅਧੂਰਾ ਸਮਝਦਾ ਸੀ। ਇਸ ਅਧੂਰੇਪਣ ਨੂੰ ਪੂਰਾ ਕਰਨ ਲਈ ਉਹ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਅਦਾਲਤ ਚੱਕ ਵਾਲੇ ਰਾਗੀ ਈਸ਼ਰ ਸਿੰਘ ਦੇ ਚਰਨੀਂ ਜਾ ਪਿਆ। ਜੋ ਨਸੀਬੂ ਹਰੀਪੁਰ ਦਾ ਸ਼ਾਗਿਰਦ ਸੀ। ਇਹ 2017 ਦੀ ਫੇਰੀ ਸਮੇਂ ਦੀ ਗੱਲ ਹੈ। ਉਸਤਾਦ ਨੇ ਥਾਪੜਾ ਦਿੱਤਾ ਅਤੇ ਇਸ ਗਾਇਕੀ ਦੀਆਂ ਗੁੱਝੀਆਂ ਰਮਜ਼ਾਂ ਸਮਝਾਈਆਂ। ਇਸ ਦੇ ਨਾਲ ਨਾਲ ਕਰਨਵੀਰ ਨੇ ਬਜ਼ੁਰਗ ਰਾਗੀ ਜੀਤ ਅੰਬੀਆਂ ਤੋਹਫਾ ਵਾਲੇ ਤੋਂ ਬਹੁਤ ਕੁੱਝ ਸਿੱਖਿਆ। ਅਸਲ ਵਿਚ ਇਸ ਗਾਇਕੀ ਦੀਆਂ ਬਾਰੀਕੀਆਂ ਉਸ ਨੇ ਜੀਤ ਰਾਗੀ ਤੋਂ ਹੀ ਸਿੱਖੀਆਂ।
ਉਸ ਨੂੰ ਕੌਲਾਂ, ਪੂਰਨ, ਦੁੱਲਾ, ਮਿਰਜ਼ਾ ਆਦਿ ਲੜੀਆਂ ਕੰਠ ਹਨ। ਇਸ ਦੇ ਨਾਲ ਨਾਲ ਬਹੁਤ ਸਾਰੇ ਵਿਕੋਲਤਿਰੇ ਰੰਗ ਵੀ। ਉਹ ਆਗੂ ਪਾਛੂ ਦੋਵੇਂ ਤਰ੍ਹਾਂ ਗਾ ਲੈਂਦਾ ਹੈ। ਦੁਆਬੇ, ਮਾਲਵੇ ਤੇ ਪੁਆਧ ਵਾਲੇ ਬਹੁਤ ਸਾਰੇ ਰਾਗੀਆਂ ਦਾ ਸਾਥ ਬਾਖੂਬੀ ਨਿਭਾ ਚੁੱਕਿਆ ਹੈ, ਜਿਨ੍ਹਾਂ ਵਿਚ ਗੁਰਮੀਤ ਕਾਲਾ ਬਾਜੜੇ ਵਾਲਾ, ਹਰਬੰਸ ਬੰਸਾ ਨੰਗਲ ਵਾਲਾ, ਸੁਖਦੇਵ ਮੱਦੋਕਿਆਂ ਵਾਲਾ, ਈਸ਼ਰ ਅਦਾਲਤ ਚੱਕ, ਬੂਟਾ ਢੱਕ ਮਜਾਰੇ ਵਾਲਾ, ਕੁੱਕੂ ਭਾਰ ਸਿੰਘ ਪੁਰੇਵਾਲ, ਮਨਪ੍ਰੀਤ ਮੰਨਾ, ਜੰਗੀਰ ਸਿੰਘ, ਗੁਰਤੇਜ ਸੋਹੀਆਂ, ਹਰਮਿੰਦਰ ਜਲਾਲ ਵਾਲਾ, ਮੋਹਣ ਲਾਲ ਫਰਾਲਾ, ਪਾਲਾ ਰਾਗੀ ਮਾਣਕਪੁਰ ਸ਼ਰੀਫ ਆਦਿ ਸ਼ਾਮਲ ਹਨ। ਨਿਮਨ ਲਿਖਤ ‘ਰੰਗ’ ਉਸ ਨੂੰ ਬਹੁਤ ਪਸੰਦ ਹਨ:
* ਮੂੰਹ ਵੇਖਣ ਆਈਆਂ ਕੁੜੀਆਂ ਨਵੀਂ ਵਿਆਹੀ ਦਾ।
ਝੱਲਿਆ ਨਾ ਜਾਵੇ ਨਖ਼ਰਾ, ਸਹੁਰੇ ਆਈ ਦਾ।
ਰੰਗਪੁਰ ਦੀਆਂ ਮੁਟਿਆਰਾਂ, ਨਾਜ਼ੁਕ ਜਿਉਂ ਪਰੀਆਂ।
ਹੁਸਨ ਚੰਬੇ ਦਾ ਖਿੜਿਆ ਖਿੜੀਆਂ ਫੁੱਲਝੜੀਆਂ।
ਬਜਿਲੀ ਦਾ ਚਮਕਾਰਾ ਲਾਲਾਂ ਲਾਲੜੀਆਂ।
ਇਕ ਤੋਂ ਇਕ ਚੜ੍ਹੇਂਦੀ ਗਹਿਣੇ ਪਾ ਖੜ੍ਹੀਆਂ।
ਸਭ ਤੋਂ ਰੂਪ ਅਨੋਖਾ ਚੂਚਕ ਜਾਈ ਦਾ।
ਝੱਲਿਆ ਨਾ ਜਾਵੇ ਨਖ਼ਰਾ ਸਹੁਰੇ ਆਈ ਦਾ।
* ਲੱਗੀ ਵਾਲੇ ਨਾ ਜ਼ਰਾ ਵੀ ਅੱਖ ਲਾਉਂਦੇ,
ਨੀਂ ਤੇਰੀ ਕਿਵੇਂ ਅੱਖ ਲੱਗ ਗਈ।
ਰਹਿਣ ਜਾਗਦੇ ਤੇ ਹੋਰਾਂ ਨੂੰ ਜਗਾਉਂਦੇ,
ਨੀਂ ਤੇਰੀ ਕਿਵੇਂ ਅੱਖ ਲੱਗ ਗਈ।
ਕਰਨਵੀਰ ਹਰ ਸਾਲ ਦਸੰਬਰ ਵਿਚ ਏਧਰ ਗੇੜਾ ਮਾਰਦਾ ਹੈ ਅਤੇ ਮਾਰਚ ਤੱਕ ਰਹਿੰਦਾ ਹੈ। ਏਧਰ ਫੇਰ ਉਹ ਬਹੁਤਾ ਸਮਾਂ ਗਵੰਤਰੀਆਂ ਨਾਲ ਆਪਣੀ ਹਾਜ਼ਰੀ ਲੁਆਉਂਦਾ ਹੈ। ਏਧਰ ਹੁਣ ਉਸ ਦੀ ਪਛਾਣ ‘ਕਨੇਡਾ ਆਲਾ ਰਾਗੀ’ ਬਣ ਚੁੱਕੀ ਹੈ। ਫਰਵਰੀ 2020 ਵਿਚ ਉਸ ਦਾ ਵਿਆਹ ਹੋਇਆ। ਉਸ ਦੀ ਹਮਸਫ਼ਰ ਬਣੀ ਰਣਦੀਪ ਕੌਰ। ਅੱਜਕੱਲ੍ਹ ਉਹ ਦੋਵੇਂ ਕੈਨੇਡਾ ਵਿਖੇ ਰਹਿ ਰਹੇ ਹਨ। ਓਧਰ ਉਸ ਨੇ ਅੰਮ੍ਰਤਿਸਰ ਜ਼ਿਲ੍ਹੇ ਦੇ ਪਿੰਡ ਮੁੱਛਲ ਦੇ ਨੌਜਵਾਨ ਜ਼ੋਰਾਵਰ ਸਿੰਘ ਨੂੰ ਇਸ ਗਾਇਕੀ ਦੀ ਸਿਖਲਾਈ ਦਿੱਤੀ ਹੈ। ਉਹ ਕਰਨਵੀਰ ਨਾਲ ਬਤੌਰ ਪਾਛੂ ਵਧੀਆ ਗਾ ਲੈਂਦਾ ਹੈ। ਏਧਰ ਵੀ ਨੌਜਵਾਨ ਢਾਡੀ ਨਵਜੋਤ ਸਿੰਘ ਮੰਡੇਰ ਪਿੰਡ ਜਰਗ ਦੇ ਦੋ ਬੇਟਿਆਂ ਜਸਕੰਵਰ ਸਿੰਘ ਤੇ ਨਵਕੰਵਰ ਸਿੰਘ ਨੂੰ ਸਿਖਾ ਰਿਹਾ ਹੈ। ਅੱਜ ਦੇ ਤਕਨੀਕੀ ਯੁੱਗ ਵਿਚ ਵੀਡੀਓ ਕਾਲ ਰਾਹੀਂ ਉਸਤਾਦ ਤੇ ਸ਼ਾਗਿਰਦਾਂ ਦਾ ਆਪਸੀ ਤਾਲਮੇਲ ਬਣਿਆ ਰਹਿੰਦਾ ਹੈ। ਇਸ ਗਾਇਕੀ ਦੇ ਸਰੋਤਿਆਂ ਨੂੰ ਇਨ੍ਹਾਂ ਤੋਂ ਵੱਡੀਆਂ ਆਸਾਂ ਹਨ।
ਸੰਪਰਕ : 84271-00341