ਫਰੀਦਕੋਟ ਅਤੇ ਕੋਟਕਪੂਰਾ ਵਿਧਾਨ ਸਭਾ ਹਲਕਿਆਂ ’ਚ ਕਰਮਜੀਤ ਅਨਮੋਲ ਜੇਤੂ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 4 ਜੂਨ
ਫਰੀਦਕੋਟ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 7 ਵਿਧਾਨ ਸਭਾ ਹਲਕਿਆਂ ਵਿੱਚ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ ਜਦੋਂਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਹਲਕਾ ਕੋਟਕਪੂਰਾ ਵਿੱਚ ਕਰਮਜੀਤ ਅਨਮੋਲ 2477 ਵੋਟਾਂ ਨਾਲ ਜੇਤੂ ਰਹੇ ਹਨ। ਇਸੇ ਤਰ੍ਹਾਂ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਹਲਕੇ ਵਿੱਚੋਂ ਕਰਮਜੀਤ ਅਨਮੋਲ 790 ਵੋਟਾਂ ਨਾਲ ਜੇਤੂ ਰਹੇ ਹਨ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਹਸਪਤਾਲ ਦੇ ਨਵੀਨੀਕਰਨ, ਆਧੁਨਿਕ ਮਸ਼ੀਨਾਂ, ਇਮਾਰਤਾਂ ਅਤੇ ਸ਼ਹਿਰ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਦੋ ਸਾਲਾਂ ਵਿੱਚ 300 ਕਰੋੜ ਤੋਂ ਵੱਧ ਦੀ ਰਾਸ਼ੀ ਭੇਜੀ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੰਮਾਂ ਕਰਕੇ ਹੀ ਫਰੀਦਕੋਟ ਤੇ ਕੋਟਕਪੂਰਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਸਾਂਝੇ ਕੰਮਾਂ ਲਈ ਪਹਿਲ ਕਦਮੀ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਰਹਿੰਦੇ ਕੰਮ ਵੀ ਪੂਰੇ ਹੋ ਜਾਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦਾ ਵਿਕਾਸ ਲਗਾਤਾਰ ਜਾਰੀ ਹੈ ਅਤੇ ਪੰਜਾਬ ਸਰਕਾਰ ਨੇ ਇਸ ਜ਼ਿਲ੍ਹੇ ਵਿੱਚ ਲੋੜੀਂਦੇ ਫੰਡ ਬਿਨਾਂ ਕਿਸੇ ਸੰਕੋਚ ਤੋਂ ਭੇਜੇ ਹਨ ਜਿਨ੍ਹਾਂ ਨੂੰ ਜ਼ਿਲ੍ਹੇ ਵਿੱਚ ਪਾਰਦਰਸ਼ੀ ਤਰੀਕੇ ਨਾਲ ਖਰਚਿਆ ਜਾ ਰਿਹਾ ਹੈ।