ਬਾਬਾ ਬੰਦਾ ਸਿੰਘ ਬਹਾਦਰ ਦੀ ਪੁਰਾਤਨ ਗੜ੍ਹੀ ਦੇ ਨਿਰਮਾਣ ਲਈ ਕਾਰ ਸੇਵਾ ਸ਼ੁਰੂ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 3 ਫਰਵਰੀ
ਗੁਰਦਾਸ ਨੰਗਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਂਕੜੇ ਸਿੰਘਾਂ ਸਣੇ ਗ੍ਰਿਫ਼ਤਾਰੀ ਦੇ ਅਦੁੱਤੀ ਇਤਿਹਾਸ ਨੂੰ ਦਰਸਾਉਂਦੀ ਪੁਰਾਤਨ ਗੜ੍ਹੀ ਦੇ ਨਿਰਮਾਣ ਲਈ ਅੱਜ ਧਾਰਮਿਕ ਸ਼ਖ਼ਸੀਅਤਾਂ ਨੇ ਟੱਕ ਲਗਾ ਕੇ ਕਾਰ ਸੇਵਾ ਦੀ ਆਰੰਭਤਾ ਕਰਵਾਈ। ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਪ੍ਰੇਮ ਸਿੰਘ ਨੇ ਅਰਦਾਸ ਕੀਤੀ ਅਤੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਮੁੱਖਵਾਕ ਲਿਆ।
ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਪੁਰਾਤਨ ਗੜ੍ਹੀ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਨੂੰ ਸੌਂਪੀ ਗਈ ਹੈ। ਕਾਰ ਸੇਵਾ ਲਈ ਨੀਂਹ ਪੱਥਰ ਤੋਂ ਪਰਦਾ ਹਟਾਉਣ ਅਤੇ ਟੱਕ ਲਗਾਉਣ ਦੀ ਸੇਵਾ ਗਿਆਨੀ ਕੇਵਲ ਸਿੰਘ, ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਗੁਰਨਾਮ ਸਿੰਘ ਜੱਸਲ, ਬੀਬੀ ਜਸਬੀਰ ਕੌਰ ਜਫਰਵਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਦਰਬਾਰ ਸਾਹਿਬ ਦੇ ਜਰਨਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਨਿਭਾਈ। ਇਸ ਮੌਕੇ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਉਸਾਰੀ ਜਾਣ ਵਾਲੀ ਪੁਰਾਤਨ ਦਿੱਖ ਵਾਲੀ ਗੜ੍ਹੀ ਸੰਗਤ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਪਹਿਲੇ ਸਿੱਖ ਰਾਜ ਦੇ ਉਸਰੱਈਏ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਅਦੁੱਤੀ ਕੁਰਬਾਨੀ ਅਤੇ ਗੁਰਦਾਸ ਨੰਗਲ ਵਿੱਚ 8 ਮਹੀਨੇ ਦੇ ਲਗਪਗ ਮੁਗਲਾਂ ਦੇ ਘੇਰੇ ਵਿੱਚ ਭੁੱਖਣ-ਭਾਣੇ ਰਹਿ ਕੇ ਸਿਦਕ ਨਾਲ ਜੂਝਣ ਵਾਲੇ ਸ਼ਹੀਦਾਂ ਦੇ ਇਤਿਹਾਸ ਨੂੰ ਆਪਣੇ ਅਹਿਸਾਸ ਦਾ ਹਿੱਸਾ ਬਣਾਉਣ ਵਿੱਚ ਸਹਾਈ ਹੋਵੇਗੀ। ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਇਸ ਸਬੰਧੀ ਯਤਨ ਕਰਦੇ ਰਹੇ ਹਨ। ਅੰਤ੍ਰਿਗ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਅਤੇ ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਪੁਰਾਤਨ ਇਤਿਹਾਸ ਨੂੰ ਰੂਪਮਾਨ ਕਰਨ ਲਈ ਵਿਰਾਸਤੀ ਦਿੱਖ ਵਾਲੀ ਵਿਸ਼ਾਲ ਗੜ੍ਹੀ ਦੇ ਨਾਲ ਦਰਬਾਰ ਸਾਹਿਬ ਅਤੇ ਲੰਗਰ ਹਾਲ ਦੀ ਸੁੰਦਰ ਇਮਾਰਤ ਵੀ ਉਸਾਰੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਅੱਜ ਕਾਰ ਸੇਵਾ ਦੀ ਆਰੰਭਤਾ ਦੇ ਇਤਿਹਾਸਕ ਸਮਾਗਮ ਵਿੱਚ ਪੁੱਜੀਆਂ ਸਖਸੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ।