ਕਪੂਰਥਲਾ: ਇੰਪਰੂਵਮੈਂਟ ਟਰੱਸਟ ਨੇ ਮਸੀਤ ਚੌਕ ਨੇੜਿਓਂ ਨਾਜਾਇਜ਼ ਕਬਜ਼ੇ ਛੁਡਵਾਏ
ਧਿਆਨ ਸਿੰਘ ਭਗਤ
ਕਪੂਰਥਲਾ, 14 ਜੁਲਾਈ
ਇੰਪਰੂਵਮੈਂਟ ਟਰੱਸਟ ਕਪੂਰਥਲਾ ਵੱਲੋਂ ਸਥਾਨਕ ਮਸੀਤ ਚੌਕ ਨਜ਼ਦੀਕ ਬਣੀ ਮਾਰਕੀਟ ਵਿੱਚ ਸਵੇਰੇ ਟਰੱਸਟ ਦੇ ਈਓ ਪਰਮਜੀਤ ਸਿੰਘ ’ਤੇ ਅਧਾਰਿਤ ਟੀਮ ਨੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ। ਇਸ ਮੌਕੇ ਥਾਣਾ ਸਿਟੀ ਪੁਲੀਸ ਅਤੇ ਪੀਸੀਆਰ ਟੀਮ ਦੇ ਜਵਾਨ ਮੌਜੂਦ ਸਨ। ਇਸ ਕਾਰਵਾਈ ਸਮੇਂ ਕੁਝ ਦੁਕਾਨਦਾਰਾਂ ਵੱਲੋਂ ਈਓ ਪਰਮਜੀਤ ਸਿੰਘ ਨਾਲ ਤਿੱਖੀ ਬਹਿਸ ਕਰਦਿਆਂ ਉਨ੍ਹਾਂ ਉੱਤੇ ਪੱਖਪਾਤ ਦੇ ਦੋਸ਼ ਲਾਏ। ਦੱਸਣਯੋਗ ਹੈ ਕਿ ਸ਼ਹਿਰ ਦੀ ਮਸੀਤ ਚੌਕ ਨੇੜੇ ਬਣੇ ਇੰਪਰੂਵਮੈਂਟ ਟਰੱਸਟ ਮਾਰਕੀਟ ਵਿੱਚ ਕਾਫ਼ੀ ਲੰਮੇ ਸਮੇਂ ਤੋਂ ਕੁਝ ਦੁਕਾਨਦਾਰਾਂ ਨੇ ਪੱਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ।
ਇਨ੍ਹਾਂ ਨੂੰ ਟਰੱਸਟ ਵੱਲੋਂ ਕਈ ਵਾਰ ਪਹਿਲਾਂ ਨੋਟਿਸ ਵੀ ਦਿੱਤੇ ਜਾ ਚੁੱਕੇ ਸਨ, ਪਰ ਇਨ੍ਹਾਂ ਦੇ ਕਬਜ਼ੇ ਜਾਰੀ ਰਹੇ। ਈਓ ਪਰਮਜੀਤ ਸਿੰਘ ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਉਨ੍ਹਾਂ ਨੇ ਮੁਨਿਆਦੀ ਵੀ ਕਰਵਾਈ ਸੀ, ਪਰ ਕਬਜ਼ਾਧਾਰੀ ਟਰੱਸਟ ਦੀਆਂ ਸਾਰੀਆਂ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰਦੇ ਰਹੇ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਅੱਜ ਮਾਰਕੀਟ ਵਿੱਚ ਪਾਰਕਿੰਗ ਵਾਲਾ ਸਥਾਨ ਅਤੇ ਰਾਹ ਖਾਲੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਸੁਵਿਧਾਵਾਂ ਦੇਣ ਲਈ ਬਾਥਰੂਮ ਬਣਵਾਏ ਜਾਣਗੇ।
ਸ੍ਰੀ ਰਾਮ ਲੀਲਾ ਗਰਾਊਂਡ ਦੀ ਸਟੇਜ ਤੋੜਨ ’ਤੇ ਮੁਜ਼ਾਹਰਾ
ਨਗਰ ਸੁਧਾਰ ਟਰੱਸਟ ਕਪੂਰਥਲਾ ਵੱਲੋਂ ਅੱਜ ਸਵੇਰੇ ਟਰੱਸਟ ਦੀ ਮਾਰਕੀਟ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਦੌਰਾਨ ਸ੍ਰੀ ਰਾਮ ਲੀਲਾ ਗਰਾਊਂਡ ਵਿੱਚ ਬਣੀ ਸਟੇਜ ਨੂੰ ਤੋੜ ਦਿੱਤਾ ਗਿਆ ਜਿਸ ਕਾਰਨ ਰਾਮਲੀਲਾ ਕਮੇਟੀ ਦੇ ਮੈਂਬਰ ਅਤੇ ਵੱਖ ਵੱਖ ਹਿੰਦੂ ਸੰਗਠਨਾਂ ਦੇ ਨਾਲ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮਸੀਤ ਚੌਕ ਵਿੱਚ ਇਕੱਠੇ ਹੋ ਗਏ। ਉਨ੍ਹਾਂ ਮਸੀਤ ਚੌਕ ਵਿੱਚ ਜਾਮ ਲਾ ਕੇ ਧਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ 4 ਘੰਟੇ ਚੱਲੇ ਧਰਨੇ ਉਪਰੰਤ ਈਓ ਦੇ ਮੁਆਫ਼ੀ ਮੰਗਣ ’ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਈ ਓ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਦੀ ਪਾਰਕਿੰਗ ਵਾਲੇ ਸਥਾਨ ’ਤੇ ਹੀ ਕਥਿਤ ਤੌਰ ’ਤੇ ਰਾਮਲੀਲਾ ਸਟੇਜ ਬਣਾਈ ਗਈ ਸੀ ਜਿਸ ਨੂੰ ਉੱਥੋਂ ਹਟਾਇਆ ਗਿਆ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਜਨਤਕ ਤੌਰ ’ਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਵਿਸ਼ਵਾਸ ਦਿੱਤਾ ਕਿ ਉਹ ਸ੍ਰੀ ਰਾਮਲੀਲਾ ਦੀ ਸਟੇਜ ਨੂੰ ਦੁਬਾਰਾ ਬਣਵਾ ਦੇਣਗੇ।