ਗਰੈਂਡਮਾਸਟਰ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਕਪਿਲ
ਭੁਬਨੇਸ਼ਵਰ, 9 ਦਸੰਬਰ
ਦਿੱਲੀ ਦਾ ਨੌਂ ਸਾਲਾ ਆਰਿਤ ਕਪਿਲ ਇੱਥੇ ਕੇਆਈਆਈਟੀ ਇੰਟਰਨੈਸ਼ਨਲ ਓਪਨ ਟੂਰਨਾਮੈਂਟ ਦੇ ਨੌਵੇਂ ਅਤੇ ਆਖਰੀ ਗੇੜ ਵਿੱਚ ਅਮਰੀਕਾ ਦੇ ਰਾਸੇਟ ਜ਼ਿਆਤਦੀਨੋਵ ਨੂੰ ਹਰਾ ਕੇ ਸ਼ਤਰੰਜ ਦੇ ਗਰੈਂਡਮਾਸਟਰ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਖਿਡਾਰੀ ਬਣ ਗਿਆ ਹੈ। ਕਪਿਲ ਨੇ ਇਹ ਪ੍ਰਾਪਤੀ 9 ਸਾਲ, 2 ਮਹੀਨੇ ਅਤੇ 18 ਦਿਨ ਦੀ ਉਮਰ ’ਚ ਹਾਸਲ ਕੀਤੀ। ਉਹ ਕਲਾਸੀਕਲ ਟਾਈਮ ਕੰਟਰੋਲ ਵਿੱਚ ਕਿਸੇ ਗਰੈਂਡਮਾਸਟਰ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਅਤੇ ਦੁਨੀਆ ਦਾ ਤੀਜਾ ਖਿਡਾਰੀ ਹੈ। ਕਿਸੇ ਗਰੈਂਡਮਾਸਟਰ ਨੂੰ ਹਰਾਉਣ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਸਿੰਗਾਪੁਰ ਦਾ ਭਾਰਤੀ ਮੂਲ ਦਾ ਅਸ਼ਵਤ ਕੌਸ਼ਿਕ ਹੈ। ਉਸ ਨੇ ਇਸ ਸਾਲ ਦੇ ਸ਼ੁਰੂ ਵਿਚ ਪੋਲੈਂਡ ਦੇ ਜੈਸੇਕ ਸਤੂਪਾ ਖ਼ਿਲਾਫ਼ ਜਿੱਤ ਦਰਜ ਕਰਕੇ ਇਹ ਪ੍ਰਾਪਤੀ ਹਾਸਲ ਕੀਤੀ ਸੀ। ਉਦੋਂ ਉਸ ਦੀ ਉਮਰ ਸਿਰਫ਼ ਅੱਠ ਸਾਲ ਅਤੇ ਛੇ ਮਹੀਨੇ ਸੀ।
ਜ਼ਿਆਤਦੀਨੋਵ 66 ਸਾਲ ਦਾ ਹੈ ਅਤੇ ਯਕੀਨੀ ਤੌਰ ’ਤੇ ਲੈਅ ਵਿੱਚ ਨਹੀਂ ਹੈ ਪਰ ਉਸ ਨੇ ਚਿੱਟੇ ਮੋਹਰਿਆਂ ਨਾਲ ਖੇਡ ਰਹੇ ਕਪਿਲ ਨੂੰ ਸਖ਼ਤ ਚੁਣੌਤੀ ਦਿੱਤੀ। ਭਾਰਤੀ ਖਿਡਾਰੀ ਨੇ ਉਸ ਦੀ ਹਰ ਚਾਲ ਦਾ ਸ਼ਾਨਦਾਰ ਜਵਾਬ ਦਿੱਤਾ ਅਤੇ 63 ਚਾਲਾਂ ਵਿੱਚ ਜਿੱਤ ਦਰਜ ਕਰਕੇ ਭਾਰਤੀ ਸ਼ਤਰੰਜ ਦੇ ਇਤਿਹਾਸ ਵਿੱਚ ਨਵਾਂ ਪੰਨਾ ਜੋੜ ਦਿੱਤਾ। ਇਸ ਟੂਰਨਾਮੈਂਟ ਵਿੱਚ ਆਰਿਤ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਇਹ ਦੇਖਣਾ ਹਾਲੇ ਬਾਕੀ ਹੈ ਕਿ ਉਹ ਆਉਣ ਵਾਲੇ ਟੂਰਨਾਮੈਂਟਾਂ ਵਿੱਚ ਕਿਵੇਂ ਪ੍ਰਦਰਸ਼ਨ ਕਰਦਾ ਹੈ। ਆਉਂਦੇ ਦਿਨੀਂ ਉਹ ਦੁਰਗਾਪੁਰ ’ਚ ਹੋਣ ਵਾਲੀ ਅੰਡਰ-13 ਕੌਮੀ ਚੈਂਪੀਅਨਸ਼ਿਪ ਅਤੇ ਪੁਣੇ ਵਿੱਚ ਆਪਣੇ ਉਮਰ ਵਰਗ ਦੇ ਅੰਡਰ-9 ਕੌਮੀ ਮੁਕਾਬਲੇ ਵਿੱਚ ਹਿੱਸਾ ਲਵੇਗਾ। -ਪੀਟੀਆਈ