ਕੇਏਪੀ ਸਿਨਹਾ ਪੰਜਾਬ ਦੇ ਨਵੇਂ ਮੁੱਖ ਸਕੱਤਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਕਤੂਬਰ
ਪੰਜਾਬ ਸਰਕਾਰ ਨੇ ਅੱਜ ਅਚਨਚੇਤ ਵੱਡਾ ਫੇਰਬਦਲ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਹੁਣ 1992 ਬੈਚ ਦੇ ਆਈਏਐੱਸ ਅਧਿਕਾਰੀ ਕੇਏਪੀ ਸਿਨਹਾ ਸੂਬੇ ਦੇ ਨਵੇਂ ਮੁੱਖ ਸਕੱਤਰ ਹੋਣਗੇ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਸਿਨਹਾ ਚੌਥੇ ਮੁੱਖ ਸਕੱਤਰ ਹਨ। ਇਹ ਫੇਰਬਦਲ ਅੱਜ ਬਾਅਦ ਦੁਪਹਿਰ ਨੂੰ ਹੋਇਆ। ਨਵੇਂ ਮੁੱਖ ਸਕੱਤਰ ਕੋਲ ਪਰਸੋਨਲ, ਆਮ ਰਾਜ ਪ੍ਰਬੰਧ ਅਤੇ ਵਿਜੀਲੈਂਸ ਦੇ ਚਾਰਜ ਰਹਿਣਗੇ। ਅਨੁਰਾਗ ਵਰਮਾ ਨੂੰ ਹੁਣ ਵਧੀਕ ਮੁੱਖ ਸਕੱਤਰ ਵਜੋਂ ਮਾਲ ਅਤੇ ਮੁੜ ਵਸੇਬਾ, ਖੇਤੀ ਤੇ ਕਿਸਾਨ ਭਲਾਈ ਤੋਂ ਇਲਾਵਾ ਬਾਗ਼ਬਾਨੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਂਝ ਸਿਨਹਾ, ਵਰਮਾ ਨਾਲੋਂ ਸੀਨੀਅਰ ਹਨ। ਆਮ ਆਦਮੀ ਪਾਰਟੀ ਦੀ ਹਾਈਕਮਾਨ ਵੱਲੋਂ ਪਿਛਲੇ ਦਿਨਾਂ ਤੋਂ ਕਈ ਅਹਿਮ ਸਿਆਸੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਿਚ ਅੱਜ ਹਾਈਕਮਾਨ ਦੇ ਦਖ਼ਲ ’ਤੇ ਮੁੱਖ ਸਕੱਤਰ ਨੂੰ ਤਬਦੀਲ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਹਾਈਕਮਾਨ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਅਤੇ ਫ਼ੈਸਲੇ ਲੈਣ ਵਿਚ ਹੋ ਰਹੀ ਦੇਰੀ ਤੋਂ ਨਾਖ਼ੁਸ਼ ਸੀ। ਪੰਜਾਬ ਦੇ ਕੁਝ ਵਿਧਾਇਕਾਂ ਤੇ ਵਜ਼ੀਰਾਂ ਨੇ ਦਿੱਲੀ ਵਿੱਚ ਪਾਰਟੀ ਹਾਈਕਮਾਨ ਨਾਲ ਮੀਟਿੰਗਾਂ ਦੌਰਾਨ ਅਨੁਰਾਗ ਵਰਮਾ ਦੇ ਕੰਮਕਾਜ ’ਤੇ ਉਂਗਲ ਉਠਾਈ ਸੀ। ਹਾਲੇ ਕੁਝ ਦਿਨ ਪਹਿਲਾਂ ਹੀ ਅਨੁਰਾਗ ਵਰਮਾ ਦਿੱਲੀ ਗਏ ਸਨ ਅਤੇ ਉਨ੍ਹਾਂ ਨੂੰ ਅਹਿਮ ਸਕੀਮਾਂ ਸੁਚਾਰੂ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਮਿਲੇ ਸਨ। ਪਿਛਲੇ ਦਿਨਾਂ ਵਿਚ ਅਨੁਰਾਗ ਵਰਮਾ ਨੇ ਝੋਨੇ ਦੀ ਸਰਕਾਰੀ ਖ਼ਰੀਦ ਵਿਚਲੇ ਅੜਿੱਕੇ ਦੂਰ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਸਨ। ਦੋ ਸਾਲ ਪਹਿਲਾਂ ‘ਆਪ’ ਦੇ ਸੱਤਾ ਵਿਚ ਆਉਣ ਮੌਕੇ ਸੂਬੇ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਸਨ, ਜਿਨ੍ਹਾਂ ਨੂੰ ਹਟਾ ਕੇ ਵੀਕੇ ਜੰਜੂਆਂ ਨੂੰ ਮੁੱਖ ਸਕੱਤਰ ਤਾਇਨਾਤ ਕੀਤਾ ਗਿਆ ਸੀ। ਜੂਨ 2023 ਵਿਚ ਜੰਜੂਆ ਦੀ ਸੇਵਾ ਮੁਕਤੀ ਮਗਰੋਂ ਅਨੁਰਾਗ ਵਰਮਾ ਨੂੰ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਸੀ।