ਕਾਂਵੜ ਯਾਤਰਾ : ਢਾਬਿਆਂ ਬਾਰੇ ਹੁਕਮ ਸਾਰੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਲਾਗੂ ਕਰਨ ਦਾ ਫੈਸਲਾ
* ਕਿਸੇ ਨੂੰ ਆਪਣੀ ਪਛਾਣ ਦੱਸਣ ਤੋਂ ਦਿੱਕਤ ਕਿਉਂ: ਧਾਮੀ
ਲਖਨਊ/ਦੇਹਰਾਦੂਨ, 19 ਜੁਲਾਈ
ਮੁਜ਼ੱਫਰਨਗਰ ਪੁਲੀਸ ਵੱਲੋਂ ਕਾਂਵੜ ਯਾਤਰਾ ਦੇ ਰੂਟ ਨਾਲ ਲੱਗਦੇ ਸਾਰੇ ਢਾਬਿਆਂ ਤੇ ਹੋਟਲਾਂ ਦੇ ਮਾਲਕਾਂ ਨੂੰ ਆਪਣੇ ਨਾਮ ਪ੍ਰਦਰਸ਼ਿਤ ਕਰਨ ਦੇ ਜਾਰੀ ਕੀਤੇ ਗਏ ਹੁਕਮਾਂ ਕਾਰਨ ਪੈਦਾ ਹੋਏ ਵਿਵਾਦ ਦੇ ਬਾਵਜੂਦ ਅੱਜ ਉੱਤਰ ਪ੍ਰਦੇਸ਼ ਸਰਕਾਰ ਨੇ ਇਨ੍ਹਾਂ ਵਿਵਾਦਤ ਹੁਕਮਾਂ ਨੂੰ ਸੂਬੇ ਭਰ ਵਿੱਚ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸੇ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਇਸੇ ਤਰ੍ਹਾਂ ਦੀਆਂ ਹਦਾਇਤਾਂ ਇਸ ਪਹਾੜੀ ਸੂਬੇ ਵਿੱਚ ਵੀ ਜਾਰੀ ਕੀਤੀਆਂ ਹੋਈਆਂ ਹਨ।
ਮੁਜ਼ੱਫਰਨਗਰ ਪੁਲੀਸ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਜਾਰੀ ਕੀਤੇ ਗਏ ਉਕਤ ਹੁਕਮਾਂ ਦੀ ਵਿਰੋਧੀ ਪਾਰਟੀਆਂ ਤੋਂ ਇਲਾਵਾ ਹਾਕਮ ਗੱਠਜੋੜ ਦੇ ਕੁਝ ਆਗੂਆਂ ਨੇ ਵੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਹੁਕਮਾਂ ਰਾਹੀਂ ਮੁਸਲਮਾਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਇਕ ਤਰਜਮਾਨ ਨੇ ਅੱਜ ਕਿਹਾ ਕਿ ਸੂਬੇ ਭਰ ਵਿੱਚ ਕਾਂਵੜ ਯਾਤਰਾ ਰੂਟ ਦੇ ਨਾਲ ਲੱਗਦੇ ਸਾਰੇ ਢਾਬਿਆਂ ਤੇ ਹੋਟਲਾਂ ਲਈ ਅਜਿਹਾ ਰਸਮੀ ਆਦੇਸ਼ ਜਲਦੀ ਹੀ ਜਾਰੀ ਹੋਵੇਗਾ।
ਇਸੇ ਤਰ੍ਹਾਂ ਦੇਹਰਾਦੂਨ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਕਾਂਵੜ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਲਈ 12 ਜੁਲਾਈ ਨੂੰ ਹੋਈ ਇਕ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ। ਮੁਜ਼ੱਫਰਨਗਰ ਵਾਂਗ ਉੱਤਰਾਖੰਡ ਵਿੱਚ ਵੀ ਯਾਤਰਾ ਦੇ ਰੂਟ ਦੇ ਨਾਲ ਸੜਕ ਕੰਢੇ ਸਥਿਤ ਹੋਟਲਾਂ, ਢਾਬਿਆਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਪਣਾ ਨਾਮ, ਪਤਾ ਤੇ ਮੋਬਾਈਲ ਫੋਨ ਨੰਬਰ ਪ੍ਰਦਰਸ਼ਿਤ ਕਰਨ ਲਈ ਕਿਹਾ ਗਿਆ ਹੈ। ਉੱਤਰਾਖੰਡ ਸਰਕਾਰ ਦਾ ਇਹ ਫੈਸਲਾ ਜ਼ਿਆਦਾਤਰ ਹਰਿਦੁਆਰ ਵਿੱਚ ਲਾਗੂ ਹੋਵੇਗਾ ਪਰ ਕੁਝ ਕਾਂਵੜੀਏ 22 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਇਸ ਯਾਤਰਾ ਤਹਿਤ ਰਿਸ਼ੀਕੇਸ਼, ਨੀਲਕੰਠ ਅਤੇ ਗੰਗੋਤਰੀ ਵੀ ਜਾਣਗੇ। ਧਾਮੀ ਨੇ ਕਿਹਾ ਕਿ ਇਸ ਫੈਸਲੇ ਦਾ ਮਕਸਦ ਕਿਸੇ ਨੂੰ ਨਿਸ਼ਾਨਾ ਬਣਾਉਣਾ ਜਾਂ ਮੁਸ਼ਕਿਲ ਵਿੱਚ ਪਾਉਣਾ ਨਹੀਂ ਹੈ। ਉਨ੍ਹਾਂ ਕਿਹਾ, ‘‘ਆਪਣੀ ਪਛਾਣ ਦੱਸਣ ਵਿੱਚ ਕਿਸੇ ਨੂੰ ਦਿੱਕਤ ਕਿਉਂ ਹੈ?’’ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਵੀ ਹਰਿਦੁਆਰ ਵਿੱਚ ਹਰਿ ਕੀ ਪੌੜੀ ’ਤੇ ਕੁਝ ਹੋਟਲਾਂ ਤੇ ਢਾਬਿਆਂ ਦੇ ਮਾਲਕਾਂ ਵੱਲੋਂ ਪਛਾਣ ਛੁਪਾਏ ਜਾਣ ਕਾਰਨ ਤਣਾਅ ਪੈਦਾ ਹੁੰਦਾ ਰਿਹਾ ਹੈ, ਇਸ ਵਾਸਤੇ ਅਜਿਹੇ ਹਾਲਾਤ ਨੂੰ ਟਾਲਣ ਲਈ ਹੀ ਇਹ ਫੈਸਲਾ ਲਿਆ ਗਿਆ ਹੈ। ਉੱਧਰ, ਉੱਤਰਾਖੰਡ ਵਿੱਚ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਕਿਹਾ ਕਿ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਸਰਕਾਰਾਂ ਵੱਲੋਂ ਲਿਆ ਗਿਆ ਇਹ ਫੈਸਲਾ ਮੰਦਭਾਗਾ ਤੇ ਦਰਦਨਾਕ ਹੈ। ਇਸ ਨਾਲ ਫਿਰਕਿਆਂ ਵਿਚਾਲੇ ਦੁਸ਼ਮਣੀ ਪੈਦਾ ਹੋਵੇਗੀ ਅਤੇ ਦੇਸ਼ ਦਾ ਅਕਸ ਵਿਗੜੇਗਾ। -ਪੀਟੀਆਈ
ਜਾਤੀ ਤੇ ਧਰਮ ਦੇ ਨਾਂ ’ਤੇ ਵੰਡਣ ਵਾਲੇ ਹੁਕਮਾਂ ਨੂੰ ਕਦੇ ਕੋਈ ਸਮਰਥਨ ਨਹੀਂ: ਚਿਰਾਗ ਪਾਸਵਾਨ
ਨਵੀਂ ਦਿੱਲੀ: ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਢਾਬਿਆਂ ਤੇ ਹੋਟਲਾਂ ਦੇ ਮਾਲਕਾਂ ਲਈ ਨਾਮ ਪ੍ਰਦਰਸ਼ਿਤ ਕਰਨ ਸਬੰਧੀ ਮੁਜ਼ੱਫਰਨਗਰ ਪੁਲੀਸ ਵੱਲੋਂ ਜਾਰੀ ਸੇਧ ਦਾ ਸਪੱਸ਼ਟ ਤੌਰ ’ਤੇ ਵਿਰੋਧ ਕਰਦਿਆਂ ਕਿਹਾ ਕਿ ਉਹ ਧਰਮ ਜਾਂ ਜਾਤੀ ਦੇ ਨਾਮ ’ਤੇ ਵੰਡੀਆਂ ਪਾਉਣ ਨੂੰ ਕਦੇ ਸਮਰਥਨ ਨਹੀਂ ਦੇਣਗੇ। ਇਹ ਪੁੱਛੇ ਜਾਣ ’ਤੇ ਕਿ ਉਹ ਐਡਵਾਈਜ਼ਰੀ ਦਾ ਸਮਰਥਨ ਕਰਦੇ ਹਨ ਤਾਂ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਨੇ ਕਿਹਾ, ‘‘ਨਹੀਂ, ਮੈਂ ਨਹੀਂ ਕਰਦਾ।’’ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਦੋ ਜਮਾਤਾਂ ਵਿੱਚ ਹੀ ਵਿਸ਼ਵਾਸ ਕਰਦੇ ਹਨ - ਅਮੀਰ ਤੇ ਗ਼ਰੀਬ। ਇਨ੍ਹਾਂ ਦੋਵੇਂ ਵਰਗਾਂ ਵਿੱਚ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕ ਆਉਂਦੇ ਹਨ। ਉਨ੍ਹਾਂ ਕਿਹਾ, ‘‘ਸਾਨੂੰ ਇਨ੍ਹਾਂ ਦੋਵੇਂ ਵਰਗਾਂ ਦੇ ਲੋਕਾਂ ਵਿਚਲਾ ਪਾੜਾ ਪੂਰਨ ਦੀ ਲੋੜ ਹੈ। ਗ਼ਰੀਬਾਂ ਲਈ ਕੰਮ ਕਰਨਾ ਹਰੇਕ ਸਰਕਾਰ ਦੀ ਜ਼ਿੰਮੇਵਾਰੀ ਹੈ। ਗ਼ਰੀਬਾਂ ਵਿੱਚ ਸਮਾਜ ਦੇ ਹਰੇਕ ਵਰਗ ਜਿਵੇਂ ਕਿ ਦਲਿਤਾਂ, ਪੱਛੜਿਆਂ, ਉੱਚੀਆਂ ਜਾਤਾਂ ਅਤੇ ਮੁਸਲਿਮ ਵਰਗ ਦੇ ਲੋਕ ਆਉਂਦੇ ਹਨ।’’ -ਪੀਟੀਆਈ
ਯੂਪੀ ਸਰਕਾਰ ਦੇ ਹੁਕਮ ‘ਸੰਵਿਧਾਨ ’ਤੇ ਹਮਲਾ’: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਨੇ ਮੁਜ਼ੱਫਰਨਗਰ ਪ੍ਰਸ਼ਾਸਨ ਦੇ ਹੁਕਮਾਂ ਨੂੰ ਸਾਰੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਲਾਗੂ ਕੀਤੇ ਜਾਣ ਨੂੰ ਸ਼ਰਾਰਤ ਤੇ ਕੱਟੜਤਾ ਕਰਾਰ ਦਿੱਤਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਹ ਕਦਮ ‘ਸੰਵਿਧਾਨ ’ਤੇ ਹਮਲਾ’ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਹੁਕਮ ਵਾਪਸ ਲਏ ਜਾਣੇ ਚਾਹੀਦੇ ਹਨ ਅਤੇ ਅਜਿਹਾ ਹੁਕਮ ਜਾਰੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਵੀ ਇਨ੍ਹਾਂ ਹੁਕਮਾਂ ਨੂੰ ਸ਼ਰਾਰਤ ਤੇ ਕੱਟੜਤਾ ਕਰਾਰ ਦਿੱਤਾ। -ਪੀਟੀਆਈ