ਕਾਂਵੜ ਯਾਤਰਾ: ਯੂਪੀ ’ਚ ਢਾਬੇ ਤੇ ਹੋਟਲ ਮਾਲਕਾਂ ਨੂੰ ਨਾਂ ਪ੍ਰਦਰਸ਼ਿਤ ਕਰਨ ਦੇ ਹੁਕਮਾਂ ਤੋਂ ਵਿਵਾਦ
* ਵਿਰੋਧੀ ਧਿਰ ਵੱਲੋਂ ਮੁਜ਼ੱਫਰਨਗਰ ਪ੍ਰਸ਼ਾਸਨ ਦੇ ਹੁਕਮ ਸਰਕਾਰ ਦੀ ਸ਼ਹਿ ਪ੍ਰਾਪਤ ਕੱਟੜਵਾਦ ਕਰਾਰ
* ਪੁਲੀਸ ਨੇ ਦਿੱਤਾ ਸਪੱਸ਼ਟੀਕਰਨ
ਨਵੀਂ ਦਿੱਲੀ, 18 ਜੁਲਾਈ
ਮੁਜ਼ੱਫਰਨਗਰ ਪ੍ਰਸ਼ਾਸਨ ਵੱਲੋਂ ਕਾਂਵੜ ਯਾਤਰਾ ਦੇ ਰੂਟ ਦੇ ਨਾਲ ਲੱਗਦੀਆਂ ਖਾਣ-ਪੀਣ ਦੀਆਂ ਵਸਤਾਂ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਪੋ-ਆਪਣੇ ਨਾਂ ਪ੍ਰਦਰਸ਼ਿਤ ਕਰਨ ਦੇ ਜਾਰੀ ਕੀਤੇ ਗਏ ਹੁਕਮਾਂ ਕਾਰਨ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਉੱਧਰ, ਸਥਾਨਕ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਕਾਂਵੜ ਲੈ ਕੇ ਜਾਣ ਵਾਲੇ ਯਾਤਰੀਆਂ ਨੂੰ ਕਿਸੇ ਵੀ ਕਿਸਮ ਦੀ ਉਲਝਣ ਤੋਂ ਬਚਾਉਣ ਲਈ ਦੁਕਾਨਾਂ ਦੇ ਮਾਲਕਾਂ ਨੂੰ ਆਪਣੀ ਮਨਮਰਜ਼ੀ ਨਾਲ ਨਾਂ ਪ੍ਰਦਰਸ਼ਿਤ ਕਰਨ ਦੀ ਅਪੀਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਸਬੰਧੀ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਅਜਿਹੇ ਹੁਕਮਾਂ ਨਾਲ ਸ਼ਾਂਤਮਈ ਵਾਤਾਵਰਨ ਭੰਗ ਹੋਵੇਗਾ। ਉਨ੍ਹਾਂ ਅਜਿਹੇ ਹੁਕਮਾਂ ਪਿੱਛੇ ਇਕ ਖ਼ਾਸ ਫਿਰਕੇ ਖ਼ਿਲਾਫ਼ ਸਾਜ਼ਿਸ਼ ਦੀ ਬਦਬੂ ਆਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅਦਾਲਤ ਨੂੰ ਇਨ੍ਹਾਂ ਹੁਕਮਾਂ ਦਾ ਨੋਟਿਸ ਲੈਣਾ ਚਾਹੀਦਾ ਹੈ। ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਵੀ ਹੁਕਮਾਂ ਦੀ ਆਲੋਚਨਾ ਕਰਦਿਆਂ, ਇਨ੍ਹਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ, ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਗੁੱਸਾ ਜ਼ਾਹਿਰ ਕਰਦਿਆਂ ਇਨ੍ਹਾਂ ਹੁਕਮਾਂ ਨੂੰ ‘ਪੱਖਪਾਤੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹਿਟਲਰ ਦੇ ਜਰਮਨੀ ਵਿੱਚ ਯਹੂਦੀਆਂ ਦੇ ਕਾਰੋਬਾਰਾਂ ਦਾ ਬਾਈਕਾਟ ਕਰਨ ਵਰਗਾ ਹੈ।
ਉੱਧਰ, ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਇਨ੍ਹਾਂ ਹੁਕਮਾਂ ਲਈ ਮੁਜ਼ੱਫਰਨਗਰ ਪੁਲੀਸ ਨੂੰ ਲੰਬੇ ਹੱਥੀਂ ਲੈਂਦਿਆਂ ਹੁਕਮਾਂ ਨੂੰ ਸਰਕਾਰ ਵੱਲੋਂ ਸਪਾਂਸਰਡ ਕੱਟੜਵਾਦ ਕਰਾਰ ਦਿੱਤਾ। ਉਨ੍ਹਾਂ ‘ਐਕਸ’ ਉੱਤੇ ਸਿਆਸੀ ਪਾਰਟੀਆਂ ਨੂੰ ਹੀ ਨਹੀਂ ਬਲਕਿ ਸਹੀ ਸੋਚ ਵਾਲੇ ਹਰੇਕ ਵਿਅਕਤੀ ਅਤੇ ਮੀਡੀਆ ਨੂੰ ਸਰਕਾਰ ਦੀ ਸ਼ਹਿ ਵਾਲੀ ਕੱਟੜਤਾ ਆਧਾਰਤ ਇਨ੍ਹਾਂ ਹੁਕਮਾਂ ਖ਼ਿਲਾਫ਼ ਖੜ੍ਹੇ ਹੋਣ ਦਾ ਸੱਦਾ ਦਿੱਤਾ।
ਮੁਜ਼ੱਫਰਨਗਰ ਦੇ ਐੱਸਐੱਸਪੀ ਵੱਲੋਂ ਸਾਉਣ ਮਹੀਨੇ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਸਨ। ਉੱਧਰ, ਇਨ੍ਹਾਂ ਹੁਕਮਾਂ ਤੋਂ ਬਾਅਦ ਵਿਵਾਦ ਖੜ੍ਹਾ ਹੋਣ ’ਤੇ ਮੁਜ਼ੱਫਰਨਗਰ ਦੀ ਪੁਲੀਸ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਪਣੀ ਮਨਮਰਜ਼ੀ ਨਾਲ ਆਪਣਾ ਤੇ ਮੁਲਾਜ਼ਮਾਂ ਦਾ ਨਾਂ ਪ੍ਰਦਰਸ਼ਿਤ ਕਰਨ ਦੀ ਅਪੀਲ ਕੀਤੀ ਸੀ। ਪੁਲੀਸ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦਾ ਮਕਸਦ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਪੱਖਪਾਤ ਕਰਨਾ ਨਹੀਂ ਸੀ ਬਲਕਿ ਸਿਰਫ਼ ਤੇ ਸਿਰਫ਼ ਕਾਂਵੜ ਯਾਤਰੀਆਂ ਦੀ ਸਹੂਲਤ ਲਈ ਸੀ। -ਆਈਏਐੱਨਐੱਸ