Kannauj ਕੰਨੌਜ ਰੇਲਵੇ ਸਟੇਸ਼ਨ ਹਾਦਸਾ: ਮਲਬੇ ਹੇਠੋਂ 28 ਵਰਕਰ ਸੁਰੱਖਿਅਤ ਕੱਢੇ
ਕੰਨੌਜ(ਯੂਪੀ), 12 ਜਨਵਰੀ
ਕੰਨੌਜ ਰੇਲਵੇ ਸਟੇਸ਼ਨ ਉੱਤੇ ਲੰਘੇ ਦਿਨ ਉਸਾਰੀ ਅਧੀਨ ਇਮਾਰਤ ਦੀ ਛੱਤ ਡਿੱਗਣ ਮਗਰੋਂ ਪਿਛਲੇ 16 ਘੰਟਿਆਂ ਤੋਂ ਜਾਰੀ ਰਾਹਤ ਤੇ ਬਚਾਅ ਕਾਰਜਾਂ ਤੋਂ ਬਾਅਦ 28 ਵਰਕਰਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਕੱਢਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਕਾਮਿਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਚੇਤੇ ਰਹੇ ਕਿ ਸ਼ਨਿੱਚਰਵਾਰ ਬਾਅਦ ਦੁਪਹਿਰ ਰੇਲਵੇ ਸਟੇਸ਼ਨ ਉੱਤੇ ਉਸਾਰੀ ਅਧੀਨ ਇਮਾਰਤ ਦੀ ਛੱਤ ਡਿੱਗਣ ਕਰਕੇ ਕਈ ਵਰਕਰ ਮਲਬੇ ਹੇਠ ਦੱਬ ਗਏ ਸਨ। ਰਾਹਤ ਕਾਰਜਾਂ ਵਿਚ ਲੱਗੀਆਂ ਟੀਮਾਂ, ਜਿਨ੍ਹਾਂ ਵਿਚ ਨੈਸ਼ਨਲ ਤੇ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਦੇ ਮੈਂਬਰ ਵੀ ਸ਼ਾਮਲ ਸਨ, ਨੇ ਪੂਰੀ ਰਾਤ ਚੱਲੇ ਆਪ੍ਰੇਸ਼ਨ ਦੌਰਾਨ ਮਲਬੇ ਹੇਠ ਫਸੇ ਵਰਕਰਾਂ ਨੂੰ ਬਾਹਰ ਕੱਢਿਆ।
ਇਸ ਤੋਂ ਪਹਿਲਾਂ ਅੱਜ ਦਿਨੇ ਜ਼ਿਲ੍ਹਾ ਮੈਜਿਸਟਰੇਟ ਸ਼ੁਭਰਾਂਤ ਕੁਮਾਰ ਸ਼ੁਕਲ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ। ਉੱਤਰ ਪੂਰਬੀ ਰੇਲਵੇ ਨੇ ਸ਼ਨਿੱਚਰਵਾਰ ਨੂੰ ਹਾਦਸੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਵਿਚ ਚੀਫ਼ ਇੰਜਨੀਅਰਜ਼ ਪਲਾਨਿੰਗ ਐਂਡ ਡਿਜ਼ਾਈਨ, ਵਧੀਕ ਡਿਵੀਜ਼ਨਲ ਰੇਲਵੇ ਮੈਨੇਜਰ (ਇੱਜ਼ਤਨਗਰ) ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਮੁੱਖ ਸੁਰੱਖਿਆ ਕਮਿਸ਼ਨਰ ਸ਼ਾਮਲ ਹਨ। ਉੱਤਰ ਪੂਰਬੀ ਰੇਲਵੇ ਨੇ ਮਾਮੂਲੀ ਜ਼ਖ਼ਮੀਆਂ ਲਈ 50,000 ਤੇ ਗੰਭੀਰ ਜ਼ਖ਼ਮੀਆਂ ਲਈ ਢਾਈ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੀਟੀਆਈ