For the best experience, open
https://m.punjabitribuneonline.com
on your mobile browser.
Advertisement

ਕਨਿਸ਼ਕ ਕਾਂਡ ਇਤਿਹਾਸ ’ਚ ਸਭ ਤੋਂ ਘਿਨਾਉਣੀ ਅਤਿਵਾਦੀ ਕਾਰਵਾਈ: ਜੈਸ਼ੰਕਰ

07:50 AM Jun 24, 2024 IST
ਕਨਿਸ਼ਕ ਕਾਂਡ ਇਤਿਹਾਸ ’ਚ ਸਭ ਤੋਂ ਘਿਨਾਉਣੀ ਅਤਿਵਾਦੀ ਕਾਰਵਾਈ  ਜੈਸ਼ੰਕਰ
ਅਬੂ ਧਾਬੀ ਦੇ ਬੈਪਸ ਮੰਦਰ ’ਚ ਪੁਜਾਰੀਆਂ ਨੂੰ ਮਿਲਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 23 ਜੂਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ 1985 ਵਿੱਚ ਏਅਰ ਇੰਡੀਆ ਦੀ ਕਨਿਸ਼ਕ ਉਡਾਣ ਵਿੱਚ ਹੋਇਆ ਬੰਬ ਧਮਾਕਾ ਇਤਿਹਾਸ ਦੀ ਸਭ ਤੋਂ ਘਿਨਾਉਣੀ ਅਤਿਵਾਦੀ ਕਾਰਵਾਈ ਹੈ। ਕੈਨੇਡਾ ਦੀ ਧਰਤੀ ’ਤੇ ਵਧ ਰਹੀਆਂ ਖਾਲਿਸਤਾਨੀ ਗਤੀਵਿਧੀਆਂ ਕਾਰਨ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿੱਚ ਪੈਦਾ ਹੋਏ ਤਣਾਅ ਵਿਚਾਲੇ ਕਨਿਸ਼ਕ ਕਾਂਡ ਦੀ 39ਵੀਂ ਬਰਸੀ ਮੌਕੇ ਵਿਦੇਸ਼ ਮੰਤਰੀ ਨੇ ਇਹ ਟਿੱਪਣੀ ਕੀਤੀ।
ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ਉਡਾਣ 182 ਵਿੱਚ ਹੋਏ ਇਸ ਬੰਬ ਧਮਾਕੇ ਦਾ ਦੋਸ਼ ਸਿੱਖ ਅਤਿਵਾਦੀਆਂ ਸਿਰ ਆਇਆ ਸੀ। ਇਹ ਕਿਹਾ ਜਾਂਦਾ ਹੈ ਕਿ ਸਾਕਾ ਨੀਲਾ ਤਾਰਾ ਦਾ ਜਵਾਬ ਦੇਣ ਲਈ ਸਿੱਖ ਅਤਿਵਾਦੀਆਂ ਨੇ ਇਹ ਬੰਬ ਧਮਾਕਾ ਕੀਤਾ ਸੀ। ਵਿਦੇਸ਼ ਮੰਤਰੀ ਨੇ ਕਿਹਾ, ‘‘ਕਨਿਸ਼ਕ ਕਾਂਡ ਦੀ ਬਰਸੀ ਸਾਨੂੰ ਚੇਤੇ ਕਰਵਾਉਂਦੀ ਹੈ ਕਿ ਕਿਉਂ ਅਤਿਵਾਦ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ।’’ ਉਨ੍ਹਾਂ ਕਿਹਾ, ‘‘1985 ਵਿੱਚ ਏਅਰ ਇੰਡੀਆ 182 ਕਨਿਸ਼ਕ ਉਡਾਣ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲੇ 329 ਵਿਅਕਤੀਆਂ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।’’
ਇਸੇ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਨਿਸ਼ਕ ਕਾਂਡ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ‘ਐਕਸ’ ਉੱਤੇ ਲਿਖਿਆ, ‘‘23 ਜੂਨ 1985 ਨੂੰ ਹੋਇਆ ਘਿਨਾਉਣਾ ਬੰਬ ਧਮਾਕਾ ਭਾਰਤ ਖ਼ਿਲਾਫ਼ ਸਭ ਤੋਂ ਨਿੰਦਣਯੋਗ ਅਤਿਵਾਦੀ ਕਾਰਵਾਈ ਹੈ। ਇਕ ਸਮਝਦਾਰ ਤੇ ਸਭਿਅਕ ਸਮਾਜ ਵਿੱਚ ਅਜਿਹੀਆਂ ਕੱਟੜਵਾਦੀ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ।’’ -ਪੀਟੀਆਈ

Advertisement

ਦੁਵੱਲੀ ਗੱਲਬਾਤ ਲਈ ਦੁਬਈ ਪਹੁੰਚੇ ਜੈਸ਼ੰਕਰ

ਅਬੂ ਧਾਬੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਹਮਰੁਤਬਾ ਅਬਦੁੱਲਾ ਬਿਨ ਜ਼ਾਇਦ ਨਾਹਯਾਨ ਨਾਲ ਵਿਆਪਕ ਪੱਧਰ ਦੀ ਗੱਲਬਾਤ ਕਰਨ ਲਈ ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਪਹੁੰਚ ਗਏ। ਜੈਸ਼ੰਕਰ ਨੇ ਅਲ ਨਾਹਯਾਨ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਅਬੂ ਧਾਬੀ ਵਿੱਚ ਸਥਿਤ ਬੋਚਾਸਨਵਾਸੀ ਅਕਸ਼ਰ ਪੁਰੂਸ਼ੋਤਮ ਸਵਾਮੀਨਾਰਾਇਣ (ਬੈਪਸ) ਹਿੰਦੂ ਮੰਦਰ ਵਿੱਚ ਮੱਥਾ ਟੇਕਿਆ। ਅਬੂ ਧਾਬੀ ਵਿੱਚ ਦੋਵੇਂ ਆਗੂਆਂ ਵੱਲੋਂ ਦੁਵੱਲੇ ਸਬੰਧਾਂ ਦੇ ਨਾਲ ਗਾਜ਼ਾ ਵਿੱਚ ਸਮੁੱਚੇ ਹਾਲਾਤ ਬਾਰੇ ਗੱਲਬਾਤ ਕੀਤੇ ਜਾਣ ਦੀ ਆਸ ਹੈ। ਇਸੇ ਸਾਲ 14 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੰਦਰ ਦਾ ਉਦਘਾਟਨ ਕੀਤਾ ਸੀ। ਮੰਦਰ ਵਿੱਚ ਮੱਥਾ ਟੇਕਣ ਤੋਂ ਤੁਰੰਤ ਬਾਅਦ ਜੈਸ਼ੰਕਰ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਅਬੂ ਧਾਬੀ ਵਿੱਚ ਅੱਜ ਬੈਪਸ ਹਿੰਦੂ ਮੰਦਰ ’ਚ ਮੱਥਾ ਟੇਕ ਕੇ ਖ਼ੁਦ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ। ਇਹ ਭਾਰਤ-ਯੂਏਈ ਦੋਸਤੀ ਦਾ ਪ੍ਰਤੀਕ ਹੈ। ਇਹ ਵਿਸ਼ਵ ਨੂੰ ਇਕ ਹਾਂਦਰੂ ਸੁਨੇਹਾ ਦਿੰਦਾ ਹੈ ਅਤੇ ਦੋਵੇਂ ਦੇਸ਼ਾਂ ਵਿਚਾਲੇ ਇਕ ਸੱਚਾ ਸਭਿਆਚਾਰਕ ਪੁਲ ਹੈ।’’ ਇਸ ਦੌਰਾਨ ਉਨ੍ਹਾਂ ਮੰਦਰ ਦੇ ਪੁਜਾਰੀਆਂ ਨਾਲ ਗੱਲਬਾਤ ਵੀ ਕੀਤੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×