ਕਨਿਕਾ ਕਪੂਰ ਤੇ ਹੋਰਾਂ ਦਾ ‘ਏਸ਼ੀਅਨ ਅਚੀਵਰਜ਼ ਐਵਾਰਡ’ ਨਾਲ ਸਨਮਾਨ
ਲੰਡਨ, 16 ਸਤੰਬਰ
ਮਸ਼ਹੂਰ ਭਾਰਤੀ ਗਾਇਕਾ ਕਨਿਕਾ ਕਪੂਰ, ਬਰਤਾਨੀਆ ਦੀ ਸਰਕਾਰੀ ਸਿਹਤ ਸੇਵਾ ਐੱਨਐਚਐੱਸ ਦੇ ਪੇਸ਼ੇਵਰਾਂ ਅਤੇ ਭਾਰਤੀ ਮੂਲ ਦੇ ਕਈ ਹੋਰਾਂ ਨੂੰ ਲੰਡਨ ਵਿਚ ‘ਏਸ਼ੀਅਨ ਅਚੀਵਰਜ਼ ਐਵਾਰਡਜ਼’ ਨਾਲ ਸਨਮਾਨਿਤ ਕੀਤਾ ਗਿਆ ਹੈ।
ਕਪੂਰ ਨੂੰ ਗਾਇਕਾ ਵਜੋਂ ਸੰਗੀਤ ਜਗਤ ਵਿਚ ਦਿੱਤੇ ਯੋਗਦਾਨ ਲਈ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਐੱਨਐਚਐੱਸ ਬੇਕਸਲੇ ਦੀ ਮੁੱਖ ਕਲੀਨਿਕਲ ਅਧਿਕਾਰੀ ਡਾ. ਨਿੱਕੀ ਕਨਾਨੀ ਤੇ ਉਨ੍ਹਾਂ ਦੇ ਸਾਥੀ ਸਿਹਤ ਖੇਤਰ ਦੇ ਹੀ ਪੇਸ਼ੇਵਰ ਸਲਮਾਨ ਦੇਸਾਈ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਡਾ. ਲਲਿਤਾ ਅਈਅਰ ਨੂੰ ਕੋਵਿਡ ਦੌਰਾਨ ਨਿਭਾਈਆਂ ਸੇਵਾਵਾਂ ਲਈ ਪੁਰਸਕਾਰ ਦਿੱਤਾ ਗਿਆ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇਕ ਸੁਨੇਹੇ ਵਿਚ ਕਿਹਾ, ‘ਏਸ਼ੀਅਨ ਅਚੀਵਰਜ਼ ਐਵਾਰਡਜ਼ ਸਾਨੂੰ ਬਰਤਾਨੀਆ ਵਿਚਲੇ ਬਰਤਾਨਵੀ-ਏਸ਼ਿਆਈ ਲੋਕਾਂ ਦੀਆਂ ਗੈਰ-ਸਾਧਾਰਨ ਪ੍ਰਾਪਤੀਆਂ ਨੂੰ ਮਾਨਤਾ ਦੇਣ ਦਾ ਮੌਕਾ ਦਿੰਦੇ ਹਨ।’ ਕਲਾ ਤੇ ਸਭਿਆਚਾਰ ਦੇ ਵਰਗ ਵਿਚ ਭਾਰਤੀ ਮੂਲ ਦੇ ਬਰਤਾਨਵੀ ਸੰਗੀਤਕਾਰ ਜਸਦੀਪ ਸਿੰਘ ਦੇਗਨ ਨੂੰ ਸਨਮਾਨਿਤ ਕੀਤਾ ਗਿਆ। ਡਾ. ਹਰੇਨ ਝੋਟੀ ਨੂੰ ‘ਬਿਜ਼ਨਸ ਪਰਸਨ ਆਫ ਦਿ ਯੀਅਰ’ ਐਵਾਰਡ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਵਿਗਿਆਨ ਅਤੇ ਨਵੀਆਂ ਦਵਾਈਆਂ ਵਿਕਸਿਤ ਕਰਨ ਵਿਚ ਦਿੱਤੇ ਯੋਗਦਾਨ ਲਈ ਦਿੱਤਾ ਗਿਆ। ਮੀਡੀਆ ਵਰਗ ਵਿਚ ਬਰਾਡਕਾਸਟਰ ਅਨੀਲਾ ਧਾਮੀ ਨੂੰ ਸਨਮਾਨਿਤ ਕੀਤਾ ਗਿਆ। -ਪੀਟੀਆਈ