ਕੰਗਨਾ ਦਾ ਬਿਆਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦਾ ਅਪਮਾਨ: ਔਲਖ
ਪ੍ਰਭੂ ਦਿਆਲ
ਸਿਰਸਾ, 25 ਸਤੰਬਰ
ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦਾ ਬਿਆਨ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਦਾ ਅਪਮਾਨ ਹੈ। ਉਹ ਅੱਜ ਕਿਸਾਨ ਅੰਦੋਲਨ ਦੌਰਾਨ ਭਾਵਦੀਨ ਟੌਲ ਪਲਾਜ਼ਾ ’ਤੇ ਸ਼ਹੀਦ ਹੋਏ ਪਿੰਡ ਡਿੰਗ ਮੋੜ ਦੇ ਕਿਸਾਨ ਸੁਖਦੇਵ ਸਿੰਘ ਦੀ ਫੋਟੋ ’ਤੇ ਫਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕਰ ਰਹੇ ਸਨ। ਇਸ ਮੌਕੇ ’ਤੇ ਬੂਟਾ ਸਿੰਘ ਗਾਵੜੀ (ਭਰਾ), ਗਗਨ ਅਮਨ (ਪੁੱਤਰ), ਪਤਨੀ ਗੁਰਮੀਤ ਕੌਰ ਵੀ ਹਾਜ਼ਰ ਸਨ। ਔਲਖ ਨੇ ਦੱਸਿਆ ਕਿ ਸ਼ਹੀਦ ਸੁਖਦੇਵ ਸਿੰਘ ਭਾਵਦੀਨ ਟੌਲ ਪਲਾਜ਼ਾ ਵਿੱਚ ਲੰਗਰ ਕਮੇਟੀ ਦੇ ਮੈਂਬਰ ਸਨ। ਇਸ ਰਸਤੇ ਰਾਹੀਂ ਕਿਸਾਨ ਅੰਦੋਲਨ ਦੌਰਾਨ ਰਾਜਸਥਾਨ, ਪੰਜਾਬ ਅਤੇ ਹਰਿਆਣਾ ਤੋਂ ਆਉਣ-ਜਾਣ ਵਾਲੇ ਕਿਸਾਨਾਂ ਲਈ ਦਿਨ-ਰਾਤ ਲੰਗਰ ਸੇਵਾ ਕਰਦੇ ਹੋਏ ਸ਼ਹੀਦ ਹੋਏ ਸਨ। ਇਹ ਕਿਸਾਨ ਇਨਸਾਫ ਯਾਤਰਾ ਕਾਲਾਂਵਾਲੀ ਅਤੇ ਸਿਰਸਾ ਖੇਤਰ ਦੇ ਪਿੰਡ ਡਿੰਗ ਮੋੜ ਤੋਂ ਸ਼ੁਰੂ ਹੋ ਕੇ ਡਿੰਗ ਮੰਡੀ, ਫੂਲਕਾਂ, ਬਾਜੇਕਾਂ, ਨੇਜੀਆਖੇੜਾ, ਅਲੀ ਮੁਹੰਮਦ, ਸ਼ਾਹਪੁਰ ਬੇਗੂ ਤੋਂ ਹੁੰਦੀ ਹੋਈ ਪਿੰਡ ਕੰਗਣਪੁਰ ਪਹੁੰਚ ਕੇ ਸੰਪੰਨ ਹੋਈ। ਕਿਸਾਨ ਇਨਸਾਫ ਯਾਤਰਾ ਦੌਰਾਨ ਕਿਸਾਨ ਅੰਦੋਲਨ ’ਚ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਅਤਿਆਚਾਰ ਦੀ ਵੀਡੀਓ ਦਿਖਾਈ ਗਈ। ਯਾਤਰਾ ਦੌਰਾਨ ਵੱਖ-ਵੱਖ ਪਿੰਡਾਂ ’ਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਔਲਖ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਤੋਂ ਮੁਆਫ਼ੀ ਮੰਗਦਿਆਂ ਤਿੰਨੋਂ ਖੇਤੀ ਕਾਲੇ ਕਾਨੂੰਨ ਰੱਦ ਤਾਂ ਕੀਤਾ ਪਰ ਉਸ ਸਮੇਂ ਕਿਸਾਨ ਆਗੂਆਂ ਨਾਲ ਕੀਤੇ ਗਏ ਵਾਦਿਆਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਮੁੜ ਤੋਂ ਕਿਸਾਨ ਮੁੜ ਤੋਂ ਅੰਦੋਲਨ ਕਰਨ ਲਈ ਮਜਬੂਰ ਹੋ ਰਹੇ ਹਨ।