ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ 17 ਜਨਵਰੀ ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ, 18 ਨਵੰਬਰ
ਅਦਾਕਾਰਾ ਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਅੱਜ ਆਪਣੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਐਮਰਜੈਂਸੀ’ ਦੇ 17 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਦਾ ਐਲਾਨ ਕੀਤਾ। ਅਦਾਕਾਰਾ ਤੇ ਫਿਲਮ ਨਿਰਮਾਤਾ ਨੇ ਇਕ ਮਹੀਨੇ ਪਹਿਲਾਂ ਕਿਹਾ ਸੀ ਕਿ ਫਿਲਮ ਨੂੰ ਕੇਂਦਰੀ ਫਿਲਮ ਪ੍ਰਮਾਣਕਤਾ ਬੋਰਡ (ਸੀਬੀਐੱਫਸੀ) ਤੋਂ ਸੈਂਸਰ ਪ੍ਰਮਾਣ ਪੱਤਰ ਮਿਲ ਗਿਆ ਹੈ। ਇਸ ਤੋਂ ਪਹਿਲਾਂ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋ ਪਾਈ ਸੀ। ਸ਼੍ਰੋਮਣੀ ਅਕਾਲੀ ਦਲ ਸਣੇ ਕਈ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ’ਤੇ ਸਿੱਖ ਕੌਮ ਨੂੰ ਗਲਤ ਢੰਗ ਨਾਲ ਪੇਸ਼ ਕਰਨ ਅਤੇ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਗਾਏ ਜਾਣ ਕਰ ਕੇ ਇਹ ਫਿਲਮ ਵਿਵਾਦਾਂ ਵਿੱਚ ਘਿਰ ਗਈ ਸੀ।
ਸਿਆਸੀ ਵਿਸ਼ੇ ’ਤੇ ਆਧਾਰਿਤ ਇਸ ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੀ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਦੇ ਆਪਣੇ ਅਧਿਕਾਰਤ ਪੇਜ ’ਤੇ ਫਿਲਮ ਦੀ ਰਿਲੀਜ਼ ਦੀ ਤਰੀਕ ਸਾਂਝੀ ਕੀਤੀ। ਉਸ ਦੀ ਪੋਸਟ ਦਾ ਕੈਪਸ਼ਨ ਸੀ: ‘‘17 ਜਨਵਰੀ 2025 - ਦੇਸ਼ ਦੀ ਸਭ ਤੋਂ ਤਾਕਤਵਰ ਮਹਿਲਾ ਅਤੇ ਉਸ ਵੇਲੇ ਦੀ ਕਹਾਣੀ ਜਿਸ ਨੇ ਭਾਰਤ ਦੀ ਕਿਸਮਤ ਬਦਲ ਦਿੱਤੀ।’’ -ਪੀਟੀਆਈ