Kangana Ranaut ਨੇ ਪ੍ਰਿਯੰਕਾ ਗਾਂਧੀ ਨੂੰ ਫ਼ਿਲਮ 'ਐਮਰਜੈਂਸੀ' ਦੇਖਣ ਦਾ ਸੱਦਾ ਦੇਣ ਦੇ ਪਲ ਕੀਤੇ ਸਾਂਝੇ
ਕੰਗਨਾ ਨੇ ਕਿਹਾ: ਇਸ ਵੇਲੇ ਪ੍ਰਿਯੰਕਾ ਗਾਂਧੀ ਦਾ ਰਵੱਈਆ ਬਹੁਤ ਹਲੀਮੀ ਭਰਿਆ ਤੇ ’ਕਿਰਪਾਲੂ’ ਸੀ
ਮੁੰਬਈ, 8 ਜਨਵਰੀ
ਅਦਾਕਾਰਾ ਕੰਗਨਾ ਰਣੌਤ (Actress Kangana Ranaut), ਜਿਸ ਦੀ ਫਿਲਮ 'ਐਮਰਜੈਂਸੀ' (movie ‘Emergency') ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ, ਨੇ ਸਿਆਸਤਦਾਨ ਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi Vadra) ਨੂੰ ਇਹ ਫ਼ਿਲਮ ਦੇਖਣ ਦਾ ਸੱਦਾ ਦੇਣ ਲਈ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਪਲਾਂ ਨੂੰ ਸਾਂਝਾ ਕੀਤਾ ਹੈ। ਦੱਸਣਯੋਗ ਹੈ ਕਿ ਕੰਗਨਾ ਰਣੌਤ ਖ਼ੁਦ ਵੀ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਲੋਕ ਸਭਾ ਮੈਂਬਰ ਹੈ, ਜਦੋਂਕਿ ਪ੍ਰਿਯੰਕਾ ਗਾਂਧੀ ਵੀ ਹਾਲ ਹੀ ਵਿਚ ਕੇਰਲ ਦੇ ਵਾਇਨਾਡ ਹਲਕੇ ਤੋਂ ਸੰਸਦ ਦੇ ਹੇਠਲੇ ਸਦਨ ਦੀ ਮੈਂਬਰ ਚੁਣੀ ਗਈ ਹੈ।
ਕੰਗਨਾ ਦੀ ਫ਼ਿਲਮ ‘ਐਮਰਜੈਂਸੀ’ 1975 ਤੋਂ 1977 ਤੱਕ ਦੇ 21 ਮਹੀਨਿਆਂ ਦੇ ਸਮੇਂ ਨਾਲ ਸਬੰਧਤ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਨੂੰ ਦਰਪੇਸ਼ ਅੰਦਰੂਨੀ ਅਤੇ ਬਹਿਰੂਨੀ ਖਤਰਿਆਂ ਦਾ ਹਵਾਲਾ ਦੇ ਕੇ ਮੁਲਕ ਵਿੱਚ ਐਮਰਜੈਂਸੀ ਲਾ ਦਿੱਤੀ ਸੀ।
ਫਿਲਮ ਵਿੱਚ ਮਰਹੂਮ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨੇ 17 ਜਨਵਰੀ ਨੂੰ ਹੋ ਰਹੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਆਈਏਐਨਐਸ ਨਾਲ ਇਸ ਬਾਰੇ ਗੱਲਬਾਤ ਕੀਤੀ।
ਉਸ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, "ਮੈਂ ਅਸਲ ਵਿੱਚ ਪ੍ਰਿਯੰਕਾ ਗਾਂਧੀ ਨੂੰ ਸੰਸਦ ਵਿੱਚ ਮਿਲੀ ਸੀ। ਅਤੇ ਪਹਿਲੀ ਗੱਲ ਜੋ ਮੈਂ ਉਸ ਨੂੰ ਕਹੀ ਉਹ ਇਹੋ ਸੀ, 'ਤੁਹਾਨੂੰ ਐਮਰਜੈਂਸੀ ਦੇਖਣੀ ਚਾਹੀਦੀ ਹੈ'। ਇਸ ਮੌਕੇ ਉਸ (ਪ੍ਰਿਯੰਕਾ ਗਾਂਧੀ) ਦਾ ਰਵੱਈਆ ਬਹੁਤ ਹਲੀਮੀ ਭਰਿਆ ਦੇ ਕਿਰਪਾਲੂ ਸੀ'।’’
ਕੰਗਨਾ ਮੁਤਾਬਕ, ‘‘ਇਸ ’ਤੇ ਉਸ (ਪ੍ਰਿਯੰਕਾ ਗਾਂਧੀ) ਨੇ ਕਿਹਾ, 'ਹਾਂ ਸ਼ਾਇਦ'। ਤਾਂ ਆਓ ਦੇਖੀਏ ਕਿ ਕੀ ਉਹ ਫਿਲਮ ਦੇਖਣਾ ਚਾਹੁਣਗੇ (ਜਾਂ ਨਹੀਂ)। ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡੀ ਘਟਨਾ ਅਤੇ ਇੱਕ ਸ਼ਖਸੀਅਤ ਦਾ ਬਹੁਤ ਹੀ ਸੰਵੇਦਨਸ਼ੀਲ ਅਤੇ ਸਮਝਦਾਰੀ ਭਰਿਆ ਚਿੱਤਰਣ ਹੈ। ਅਤੇ ਮੈਂ ਸ੍ਰੀਮਤੀ ਗਾਂਧੀ ਦੀ ਬਹੁਤ ਮਾਣ-ਸਨਮਾਨ ਨਾਲ ਪੇਸ਼ਕਾਰੀ ਦੇਣ ਦਾ ਬਹੁਤ ਖ਼ਿਆਲ ਰੱਖਿਆ ਹੈ।... ਅਤੇ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ।’’
ਕੰਗਨਾ ਨੇ ਕਿਹਾ ਕਿ ਇੰਦਰਾ ਗਾਂਧੀ ਵੀ ਇੱਕ ਬਹੁਤ ਪਿਆਰੀ ਨੇਤਾ ਸੀ। ਉਸ ਨੇ ਆਖਿਆ, "ਐਮਰਜੈਂਸੀ ਦੌਰਾਨ ਜੋ ਕੁਝ ਮਾੜਾ ਹੋਇਆ, ਉਸ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਹੈ। ਮੈਨੂੰ ਜਾਪਦਾ ਹੈ ਕਿ ਉਹ ਬਹੁਤ ਪਿਆਰੀ ਨੇਤਾ ਸੀ। ਤਿੰਨ ਵਾਰ ਪ੍ਰਧਾਨ ਮੰਤਰੀ ਬਣਨਾ ਕੋਈ ਮਜ਼ਾਕ ਨਹੀਂ ਹੈ।’’ -ਆਈਏਐਨਐਸ
Cinema Entertainment Kangana Ranaut Priyanka Gandhi film ‘Emergency'