ਕੰਗਨਾ ਰਣੌਤ, ਹੇਮਾ ਮਾਲਿਨੀ ਤੇ ਸ਼ਤਰੂਘਨ ਸਿਨਹਾ ਅੱਗੇ; ਮੇਰਠ ਤੋਂ ਅਰੁਣ ਗੋਵਿਲ ਪਿੱਛੇ
ਨਵੀਂ ਦਿੱਲੀ, 4 ਜੂਨ
ਅਦਾਕਾਰਾ ਕੰਗਨਾ ਰਣੌਤ ਸੰਸਦ ਮੈਂਬਰ ਬਣਨ ਜਾ ਰਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਉਮੀਦਵਾਰ 75,000 ਵੋਟਾਂ ਤੋਂ ਜ਼ਿਆਦਾ ਦੇ ਫਰਕ ਨਾਲ ਅੱਗੇ ਹੈ। ਇਸ ਦੌਰਾਨ ‘ਰਾਮਾਇਣ’ ਅਦਾਕਾਰ ਅਰੁਣ ਗੋਵਿਲ ਮੇਰਠ ਲੋਕ ਸਭਾ ਹਲਕੇ ਤੋਂ 20,000 ਤੋਂ ਵੱਧ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਦੁਪਹਿਰ 1.30 ਵਜੇ ਤੱਕ ਉਪਲਬਧ ਰੁਝਾਨਾਂ ਅਨੁਸਾਰ ਸਮਾਜਵਾਦੀ ਪਾਰਟੀ ਦੀ ਸੁਨੀਤਾ ਵਰਮਾ ਇਸ ਸੀਟ ਤੋਂ ਅੱਗੇ ਹੈ।
ਪ੍ਰਸਿੱਧ ਅਦਾਕਾਰਾ ਹੇਮਾ ਮਾਲਿਨੀ ਮਥੁਰਾ ਤੋਂ ਲੋਕ ਸਭਾ ਲਈ ਤੀਜੀ ਵਾਰ ਚੋਣ ਲੜ ਰਹੀ ਹੈ, ਉਹ 2 ਲੱਖ ਤੋਂ ਵੱਧ ਵੋਟਾਂ ਨਾਲ ਅੱਗੇ ਹੈ। ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਕਾਂਗਰਸ ਦੇ ਮੁਕੇਸ਼ ਧਨਗਰ ਹਨ। ਕੇਰਲ ਦੇ ਤ੍ਰਿਸ਼ੂਰ ਤੋਂ ਭਾਜਪਾ ਦੇ ਇੱਕ ਹੋਰ ਉਮੀਦਵਾਰ ਅਭਿਨੇਤਾ ਸੁਰੇਸ਼ ਗੋਪੀ 73,000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉੱਘੇ ਅਭਿਨੇਤਾ ਸ਼ਤਰੂਘਨ ਸਿਨਹਾ, ਜਿਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ ਨੇ ਟਿਕਟ ਦਿੱਤੀ ਹੈ, ਵੀ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਚੋਣ ਲੜਨ ਦੀ ਆਪਣੀ ਦਾਅਵੇਦਾਰੀ ਵਿੱਚ ਅੱਗੇ ਹੈ।