ਕੰਗਨਾ ਭਾਜਪਾ ਦੀ ਸੂਬਾਈ ਲੀਡਰਸ਼ਿਪ ਲਈ ਖ਼ਤਰਾ: ਵਿਕਰਮਾਦਿੱਤਿਆ
ਸ਼ਿਮਲਾ, 14 ਅਪਰੈਲ
ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਅਤੇ ਲੋਕ ਸਭਾ ਹਲਕਾ ਮੰਡੀ ਤੋਂ ਕਾਂਗਰਸ ਦੇ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੇ ਅੱਜ ਕਿਹਾ ਕਿ ਅਦਾਕਾਰਾ ਕੰਗਨਾ ਰਣੌਤ ਦੇ ਸੂਬੇ ਦੀ ਰਾਜਨੀਤੀ ਵਿੱਚ ਦਾਖ਼ਲੇ ਨੇ ਰਾਜ ਦੇ ਭਾਜਪਾ ਆਗੂਆਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਭਾਜਪਾ ਨੇ ਕੰਗਨਾ ਨੂੰ ਮੰਡੀ ਸੰਸਦ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਬੁਸ਼ਹਿਰ ਦੀ ਪੂਰਬਲੀ ਰਿਆਸਤ ਦੇ ‘ਰਾਜਾ’ ਵਿਕਰਮਾਦਿੱਤਿਆ ਸਿੰਘ, ਛੇ ਵਾਰ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਹਨ। ਵਿਕਰਮਾਦਿੱਤਿਆ ਸਿੰਘ ਦੀ ਮਾਂ ਪ੍ਰਤਿਭਾ ਸਿੰਘ ਮੰਡੀ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਕਾਂਗਰਸ ਦੀ ਸੂਬਾ ਇਕਾਈ ਦੀ ਪ੍ਰਧਾਨ ਹਨ। ਵਿਕਰਮਾਦਿੱਤਿਆ ਨੇ ਕਿਹਾ ਕਿ ਕੰਗਨਾ ਦਾ ਵੀਰਵਾਰ ਨੂੰ ਮਨਾਲੀ ਵਿੱਚ ਦਿੱਤਾ ਗਿਆ ਭਾਸ਼ਣ ਭਾਜਪਾ ਦੀ ਸੂਬਾਈ ਲੀਡਰਸ਼ਿਪ ਦੀ ਹਮੀਰਪੁਰ ਰੈਲੀ ’ਤੇ ਭਾਰੀ ਪੈ ਗਿਆ, ਜਿੱਥੋਂ ਪਾਰਟੀ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ, ‘‘ਸੂਬੇ ਦੇ ਭਾਜਪਾ ਆਗੂਆਂ ਨੂੰ ਕੰਗਨਾ ਤੋਂ ਖ਼ਤਰਾ ਮਹਿਸੂਸ ਹੋ ਰਿਹਾ ਹੈ, ਜਿਨ੍ਹਾਂ ਨੇ ਆਪਣੇ ਵਿਵਾਦਤ ਬਿਆਨਾਂ ਰਾਹੀਂ ਭਾਜਪਾ ਆਗੂਆਂ ਨੂੰ ਪਿੱਛੇ ਛੱਡਣਾ ਸ਼ੁਰੂ ਕਰ ਦਿੱਤਾ ਹੈ।’’ਕੰਗਨਾ ਨੇ ਆਪਣੀ ਰੈਲੀ ਵਿੱਚ ‘ਵੰਸ਼ਵਾਦੀ ਅਤੇ ਪਰਿਵਾਰ-ਕੇਂਦਰਿਤ ਬੌਲੀਵੁੱਡ ’ਤੇ ਤਨਜ਼ ਕੱਸਿਆ ਸੀ। ਉਨ੍ਹਾਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਸਣੇ ਕੁਝ ਸਿਆਸੀ ਪਰਿਵਾਰਾਂ ’ਤੇ ਵੀ ਤਿੱਖਾ ਹਮਲਾ ਕਰਦੇ ਹੋਏ ਕਾਂਗਰਸੀ ਆਗੂਆਂ ਰਾਹੁਲ ਗਾਂਧੀ ਅਤੇ ਵਿਕਰਮਾਦਿੱਤਿਆ ਸਿੰਘ ਨੂੰ ‘ਵੱਡਾ ਪੱਪੂ ਤੇ ਛੋਟਾ ਪੱਪੂ’ ਕਰਾਰ ਦਿੱਤਾ ਸੀ। -ਪੀਟੀਆਈ