ਕੰਗ ਵੱਲੋਂ ਹਲਕੇ ਦੀਆਂ ਸੜਕਾਂ ਤੇ ਪੁਲਾਂ ਦੀ ਸਾਰ ਲੈਣ ਦੀ ਮੰਗ
ਮਿਹਰ ਸਿੰਘ
ਕੁਰਾਲੀ, 13 ਦਸੰਬਰ
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਹਲਕੇ ਦੀਆਂ ਖਸਤਾ ਹਾਲਤ ਲਿੰਕ ਸੜਕਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਨੂੰ ਪੱਤਰ ਲਿਖ ਕੇ ਸੜਕਾਂ ਦੀ ਸਾਰ ਲੈਣ ਦੀ ਮੰਗ ਕੀਤੀ ਹੈ। ਲਿਖੇ ਪੱਤਰ ਦੀ ਕਾਪੀ ਜਾਰੀ ਕਰਦਿਆਂ ਸ੍ਰੀ ਕੰਗ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹਲਕੇ ਦੀਆਂ ਅਨੇਕਾਂ ਲਿੰਕ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਸੀ । ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ। ਸੈਂਕੜੇ ਪਿੰਡਾਂ ਦੀਆਂ ਸੜਕਾਂ ਖਸਤਾ ਹਾਲਤ ਵਿੱਚ ਪੁੱਜ ਚੁੱਕੀਆਂ ਹਨ ਅਤੇ ਸੜਕਾਂ ਵਿੱਚ ਪਏ ਵੱਡੇ-ਵੱਡੇ ਟੋਏ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ। ਸ੍ਰੀ ਕੰਗ ਨੇ ਕਿਹਾ ਸੜਕਾਂ ਤੋਂ ਇਲਾਵਾ ਹਲਕੇ ਦੇ ਕੁਝ ਪੁਲਾਂ ਦਾ ਕੰਮ ਹੋਣਾ ਵੀ ਸਮੇਂ ਦੀ ਵੱਡੀ ਲੋੜ ਹੈ। ਸ੍ਰੀ ਕੰਗ ਨੇ ਕਿਹਾ ਕਿ ਤੀੜ-ਝਾਮਪੁਰ ਪੁਲ ਫੰਡਾਂ ਦੀ ਘਾਟ ਕਾਰਨ ਅਧੂਰਾ ਪਿਆ ਹੈ, ਇਸ ਤੋਂ ਇਲਾਵਾ ਪਲਹੇੜੀ-ਰੁੜਕੀ ਖਾਮ ਨੂੰ ਜਾਂਦੀ ਸੜਕ ’ਤੇ ਪੁਰਾਣਾ ਬਣਿਆ ਹੋਇਆ ਪੁਲ ਵੀ ਬਣਾਏ ਜਾਣ ਦੀ ਲੋੜ ਹੈ। ਸ੍ਰੀ ਕੰਗ ਨੇ ਸੜਕਾਂ ਦੀ ਸਾਰ ਲਏ ਜਾਣ ਦੀ ਮੰਗ ਕੀਤੀ ਹੈ।