ਕਮਲਾ ਹੈਰਿਸ ਡੈਮੋਕਰੈਟਿਕ ਪਾਰਟੀ ਵੱਲੋਂ ਅਧਿਕਾਰਤ ਉਮੀਦਵਾਰ ਬਣੀ
ਵਾਸ਼ਿੰਗਟਨ, 27 ਜੁਲਾਈ
ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਅਧਿਕਾਰਤ ਤੌਰ ’ਤੇ ਆਪਣੇ ਫਾਰਮ ’ਤੇ ਦਸਤਖ਼ਤ ਕਰਕੇ ਖੁਦ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਅਤੇ ਭਰੋਸਾ ਜ਼ਾਹਿਰ ਕੀਤਾ ਕਿ ਉਹ 5 ਨਵੰਬਰ ਨੂੰ ਹੋਣ ਵਾਲੀਆਂ ਉੱਚ ਪੱਧਰੀ ਚੋਣਾਂ ’ਚ ਜਿੱਤ ਹਾਸਲ ਕਰੇਗੀ। ਭਾਰਤੀ ਤੇ ਅਫਰੀਕੀ ਮੂਲ ਦੀ 59 ਸਾਲਾ ਹੈਰਿਸ ਨੇ ਐਕਸ ’ਤੇ ਲਿਖਿਆ, ‘ਅੱਜ ਮੈਂ ਅਧਿਕਾਰਤ ਤੌਰ ’ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਖੁਦ ਨੂੰ ਉਮੀਦਵਾਰ ਐਲਾਨਣ ਵਾਲੇ ਫਾਰਮ ’ਤੇ ਦਸਤਖਤ ਕੀਤੇ ਹਨ। ਮੈਂ ਹਰ ਵੋਟ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਾਂਗੀ।’ ਉਨ੍ਹਾਂ ਕਿਹਾ ਕਿ ਨਵੰਬਰ ਵਿੱਚ ਸਾਡੇ ਲੋਕਾਂ ਦੀ ਸ਼ਕਤੀਸ਼ਾਲੀ ਮੁਹਿੰਮ ਜਿੱਤੇਗੀ। ਕਮਲਾ ਹੈਰਿਸ ਜੇ ਚੋਣਾਂ ਜਿੱਤਦੀ ਹੈ ਤਾਂ ਉਹ ਨਾ ਸਿਰਫ਼ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ ਬਲਕਿ ਉਹ ਪਹਿਲੀ ਭਾਰਤੀ-ਅਮਰੀਕੀ, ਪਹਿਲੀ ਏਸ਼ਿਆਈ, ਪਹਿਲੀ ਸਿਆਹਫਾਮ ਔਰਤ ਤੇ ਪਹਿਲੀ ਜਮਾਇਕਨ ਵਿਅਕਤੀ ਹੋਵੇਗੀ ਜੋ ਇਸ ਅਹੁਦੇ ’ਤੇ ਬੈਠੇਗੀ। -ਪੀਟੀਆਈ
ਅਮਰੀਕਾ ਦੀ ਸਭ ਤੋਂ ਕੱਟੜ ਰਾਸ਼ਟਰਪਤੀ ਹੋਵੇਗੀ ਕਮਲਾ ਹੈਰਿਸ: ਟਰੰਪ
ਵਾਸ਼ਿੰਗਟਨ: ਅਮਰੀਕਾ ਵਿੱਚ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ’ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਜੇਕਰ ਉਹ ਚੁਣੀ ਗਈ ਤਾਂ ਉਹ ਅਮਰੀਕਾ ਦੇ ਇਤਿਹਾਸ ’ਚ ਸਭ ਤੋਂ ਕੱਟੜਵਾਦੀ ਰਾਸ਼ਟਰਪਤੀ ਸਾਬਤ ਹੋਵੇਗੀ। ਜੋਅ ਬਾਇਡਨ (81) ਦੇ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ’ਚੋਂ ਪਿੱਛੇ ਹਟਣ ਮਗਰੋਂ ਹੁਣ ਉੱਪ ਰਾਸ਼ਟਰਪਤੀ ਕਮਲਾ ਹੈਰਿਸ (59) ਡੈਮੋਕਰੈਟਿਕ ਪਾਰਟੀ ਦੀ ਅਧਿਕਾਰਤ ਉਮੀਦਵਾਰ ਹਨ। ਸਾਬਕਾ ਰਾਸ਼ਟਰਪਤੀ ਟਰੰਪ (78) ਨੇ ਹੈਰਿਸ ਨੂੰ ਪਰਵਾਸ ਤੇ ਗਰਭਪਾਤ ਦੇ ਮੁੱਦਿਆਂ ’ਤੇ ਲੋੜ ਨਾਲੋਂ ਵੱਧ ਉਦਾਰ ਦੱਸਿਆ। -ਪੀਟੀਆਈ