ਕਮਲਾ ਹੈਰਿਸ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰੀ
ਸ਼ਿਕਾਗੋ, 23 ਅਗਸਤ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰ ਕਰ ਲਈ ਹੈ। ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਆਖਰੀ ਦਿਨ ਵੀਰਵਾਰ ਨੂੰ ਹੈਰਿਸ ਨੇ ਕਰੀਬ 40 ਮਿੰਟ ਦੇ ਭਾਸ਼ਣ ਦੌਰਾਨ ਆਪਣੇ ਰਿਪਬਲਿਕਨ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਤਿੱਖੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ। ਜਮਾਇਕਾ ਅਤੇ ਭਾਰਤੀ ਪਰਵਾਸੀਆਂ ਦੀ ਧੀ ਹੈਰਿਸ ਪਹਿਲੀ ਸਿਆਹਫ਼ਾਮ ਮਹਿਲਾ ਅਤੇ ਦੱਖਣ ਏਸ਼ਿਆਈ ਮੂਲ ਦੀ ਆਗੂ ਬਣ ਗਈ ਹੈ ਜੋ ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਲੜੇਗੀ। ਜੇ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ ਤਾਂ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੇਗੀ।
ਆਪਣੇ ਸੰਬੋਧਨ ’ਚ ਕਮਲਾ ਹੈਰਿਸ ਨੇ ਵਾਅਦਾ ਕੀਤਾ ਕਿ ਉਹ ਰਾਸ਼ਟਰਪਤੀ ਬਣਨ ’ਤੇ ਸਾਰੇ ਅਮਰੀਕੀਆਂ ਦੀ ਨੁਮਾਇੰਦਗੀ ਕਰੇਗੀ। ਟਰੰਪ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਗ਼ੈਰ-ਸੰਜੀਦਾ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਵ੍ਹਾਈਟ ਹਾਊਸ ’ਚ ਭੇਜਣ ਦੇ ਗੰਭੀਰ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੂੰ ਆਪਣੇ ਬਚਾਅ ਦਾ ਪੂਰਾ ਹੱਕ ਹੈ ਅਤੇ ਅਮਰੀਕਾ ਉਸ ਦਾ ਹਮੇਸ਼ਾ ਸਾਥ ਦੇਵੇਗਾ। -ਪੀਟੀਆਈ