ਕਮਲਾ ਬਾਈ ਨੂੰ 12 ਸਾਲਾਂ ਬਾਅਦ ਮਿਲਿਆ ਪਰਿਵਾਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਸਤੰਬਰ
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸਥਾਨਕ ਬਰਾਂਚ ਦੀ ਸੰਭਾਲ ਅਤੇ ਇਲਾਜ ਦੀ ਬਦੌਲਤ ਇੱਕ ਔਰਤ ਕਮਲਾ ਬਾਈ ਨੂੰ ਕਰੀਬ 12 ਸਾਲਾਂ ਦੇ ਵਿਛੋੜੇ ਬਾਅਦ ਆਪਣਾ ਘਰ-ਪਰਿਵਾਰ ਨਸੀਬ ਹੋਇਆ ਹੈ। ਕਮਲਾ ਬਾਈ ਦੇ ਪਰਿਵਾਰ ਨੇ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਪਿੰਗਲਵਾੜਾ ਸੁਸਾਇਟੀ ਦੀ ਸੰਗਰੂਰ ਬਰਾਂਚ ਦੇ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਮਾਰਚ-2012 ਵਿਚ ਇੱਕ ਔਰਤ ਨੂੰ ਰੋਹਤਕ (ਹਰਿਆਣਾ) ਦੀ ਭਲਾਈ ਸੰਸਥਾ ਹਰੀ ਓਮ ਸੇਵਾ ਦਲ ਵੱਲੋਂ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਔਰਤ ਦੀ ਦਿਖਾਗ ਹਾਲਤ ਠੀਕ ਨਹੀਂ ਸੀ। ਉਸ ਦਾ ਇਲਾਜ ਤੇ ਸੰਭਾਲ ਪਿੰਗਲਵਾੜਾ ਸੰਸਥਾ ਵੱਲੋਂ ਲਗਾਤਾਰ ਕੀਤੀ ਜਾਂਦੀ ਰਹੀ ਹੈ। ਉਸ ਕੋਲੋਂ ਸੰਖੇਪ ਵਿੱਚ ਕੌਂਸਲਿੰਗ ਸੇਵਾਮੁਕਤ ਇੰਸਪੈਕਟਰ ਜੁਗਰਾਜ ਸਿੰਘ ਸੰਗਰੂਰ ਵੱਲੋਂ ਕੀਤੀ ਗਈ ਤੇ ਉਨ੍ਹਾਂ ਔਰਤ ਦੇ ਪਰਿਵਾਰ ਨੂੰ ਸੂਚਨਾ ਪਹੁੰਚਾਈ। ਫਿਰ ਪਰਿਵਾਰ ਨੇ ਦਿੱਤੇ ਫੋਨ ਨੰਬਰ ’ਤੇ ਸੰਪਰਕ ਕੀਤਾ ਤੇ ਲੋਕੇਸ਼ਨ ਮੰਗਵਾਈ। ਅੱਜ ਕਮਲਾ ਬਾਈ ਦਾ ਭਰਾ ਭੋਮਾ ਰਾਮ, ਜੀਜਾ ਸਰਦਰਾ ਰਾਮ, ਮਾਮੇ ਦਾ ਲੜਕਾ ਗੌਤਮ ਰਾਮ ਬਾੜਮੇਰ, ਰਾਜਸਥਾਨ ਤੋਂ ਸੰਗਰੂਰ ਪਹੁੰਚੇ। ਉਹ ਸਾਰੀ ਕਾਰਵਾਈ ਪੂਰੀ ਕਰ ਕੇ ਕਮਲਾ ਬਾਈ ਨੂੰ ਘਰ ਲੈ ਕੇ ਰਵਾਨਾ ਹੋਏ। ਭਰਾ ਭੋਮਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਮਾਨਸ਼ਿਕ ਪ੍ਰੇਸ਼ਾਨੀ ਕਾਰਨ 12 ਸਾਲ ਪਹਿਲਾਂ ਘਰੋਂ ਚਲੀ ਗਈ ਸੀ। ਭਾਲ-ਕਰਨ ਉਪਰੰਤ ਜਦੋਂ ਕਿਤੋਂ ਨਾ ਮਿਲੀ ਤਾਂ ਉਨ੍ਹਾਂ ਨੇ ਕਮਲਾ ਨੂੰ ਮਰਿਆ ਸਮਝ ਲਿਆ ਸੀ।
ਇਸ ਮੌਕੇ ਮੁੱਖ ਪ੍ਰਬੰਧਕ ਤਿਰਲੋਚਨ ਸਿੰਘ ਚੀਮਾ, ਮਾਸਟਰ ਸੱਤਪਾਲ ਸ਼ਰਮਾ, ਡਾ. ਉਪਾਸਨਾ, ਸਟਾਫ਼ ਮੈਂਬਰ ਰਾਣੀ ਬਾਲਾ, ਰਵਨੀਤ ਕੌਰ ਪਿੰਕੀ, ਮਨਦੀਪ ਕੌਰ, ਰਾਜੇਸ਼ ਕੁਮਾਰ ਆਦਿ ਮੌਜੂਦ ਸਨ।