For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਵਿੱਚ ਤੀਜੀ ਵਾਰ ‘ਕਮਲ’ ਖਿੜਿਆ

07:28 AM Oct 09, 2024 IST
ਹਰਿਆਣਾ ਵਿੱਚ ਤੀਜੀ ਵਾਰ ‘ਕਮਲ’ ਖਿੜਿਆ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਧਾਨ ਸਭਾ ਚੋਣਾਂ ’ਚ ਜੇਤੂ ਐਲਾਨੇ ਜਾਣ ਮਗਰੋਂ ਸਮਰਥਕਾਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 8 ਅਕਤੂਬਰ
ਭਾਜਪਾ ਨੇ ਹਰਿਆਣਾ ਅਸੈਂਬਲੀ ਚੋਣਾਂ ਵਿਚ ਜਿੱਤ ਦੀ ਹੈਟ੍ਰਿਕ ਲਗਾਈ ਹੈ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੇ 48 ’ਤੇ ਜਿੱਤ ਦਰਜ ਕਰਕੇ ਤੀਜੀ ਵਾਰ ਸੂਬੇ ਵਿੱਚ ‘ਕਮਲ’ ਖਿੜਾ ਦਿੱਤਾ ਹੈ ਜਦੋਂਕਿ ਕਾਂਗਰਸ ਨੂੰ 37 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਦੋ ਸੀਟਾਂ ਅਤੇ ਤਿੰਨ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਹਰਿਆਣਾ ਦੀ ਸੱਤਾ ਵਿੱਚੋਂ ‘ਆਪ’ ਤੇ ਜੇਜੇਪੀ-ਏਐੱਸਪੀ ਗੱਠਜੋੜ ਦਾ ਸਫਾਇਆ ਹੋ ਗਿਆ ਹੈ। ਦੋਵਾਂ ਪਾਰਟੀਆਂ ਦੇ ਵੱਡੇ ਸਿਆਸੀ ਆਗੂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। ਇਸ ਤੋਂ ਪਹਿਲਾਂ ਅੱਜ ਸਵੇਰੇ 8 ਵਜੇ ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ ਸ਼ੁਰੂ ਹੁੰਦਿਆ ਹੀ ਕਾਂਗਰਸ ਪਾਰਟੀ ਨੇ ਵੱਡੀ ਲੀਡਤ ਬਣਾ ਲਈ ਸੀ, ਜੋ ਈਵੀਐੱਮਜ਼ ਦੇ ਖੁੱਲ੍ਹਣ ਨਾਲ ਘਟਦੀ ਗਈ। ਹਰਿਆਣਾ ਦੇ ਲੋਕਾਂ ਨੇ 10 ਸਾਲਾਂ ਤੋਂ ਸੱਤਾ ਉੱਤੇ ਕਾਬਜ਼ ਭਾਜਪਾ ਵਿਚ ਭਰੋਸਾ ਜਤਾਉਂਦਿਆ ਤੀਜੀ ਵਾਰ ਮੌਕਾ ਦਿੱਤਾ ਹੈ, ਜਦੋਂ ਕਿ ਲੋਕਾਂ ਨੇ ਵੱਡੀਆਂ-ਵੱਡੀਆਂ ਗਾਰੰਟੀਆਂ ਦੇਣ ਵਾਲੀ ਕਾਂਗਰਸ ਨੂੰ ਨਕਾਰ ਦਿੱਤਾ ਹੈ। ਭਾਜਪਾ ਨੇ 2014 ਤੇ 2019 ਦੇ ਮੁਕਾਬਲੇ ਐਤਕੀਂ ਵੱਧ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਸਾਲ 2014 ਵਿੱਚ ਭਾਜਪਾ ਨੇ 47 ਸੀਟਾਂ ਅਤੇ ਸਾਲ 2019 ਵਿੱਚ 40 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਧਾਨ ਸਭਾ ਹਲਕਾ ਲਾਡਵਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਕਿਲੋਈ ਤੋਂ ਚੋਣ ਜਿੱਤਣ ਵਿਚ ਸਫ਼ਲ ਰਹੇ। ਇਨੈਲੋ ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ, ਜੇਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਸਿੰਘ ਚੌਟਾਲਾ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ‘ਆਪ’ ਦੇ ਸੀਨੀਅਰ ਆਗੂ ਅਨੁਰਾਗ ਢਾਂਡਾ ਸਣੇ ਕਈ ਹੋਰ ਸਾਬਕਾ ਮੰਤਰੀਆਂ ਤੇ ਵੱਡੇ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਲਕਾ ਲਾਡਵਾ ਤੋਂ ਕਾਂਗਰਸੀ ਉਮੀਦਵਾਰ ਮੇਵਾ ਸਿੰਘ ਨੂੰ 16054 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸੀ ਉਮੀਦਵਾਰ ਮੇਵਾ ਸਿੰਘ ਨੂੰ 54123 ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵਿਧਾਨ ਸਭਾ ਹਲਕਾ ਗੜ੍ਹੀ ਸਾਂਪਲਾ ਕਿਲੋਈ ਤੋਂ ਭਾਜਪਾ ਉਮੀਦਵਾਰ ਮੰਜੂ ਹੁੱਡਾ ਨੂੰ 71465 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਵਿਧਾਨ ਸਭਾ ਹਲਕਾ ਏਲਨਾਬਾਦ ਤੋਂ ਇਨੈਲੋ ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਨੂੰ 15 ਹਜ਼ਾਰ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਏਲਨਾਬਾਦ ਤੋਂ ਭਰਤ ਸਿੰਘ ਬੈਨੀਵਾਲ ਨੇ 77865 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਵਿਧਾਨ ਸਭਾ ਹਲਕਾ ਉਚਾਨਾ ਕਲਾਂ ਤੋਂ ਭਾਜਪਾ ਉਮੀਦਵਾਰ ਦਵਿੰਦਰ ਚਤਰਭੁਜ ਅੱਤਰੀ ਨੇ ਸਿਰਫ਼ 32 ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਬ੍ਰੀਜੇਂਦਰ ਸਿੰਘ ਨੂੰ ਹਰਾ ਦਿੱਤਾ ਹੈ। ਭਾਜਪਾ ਉਮੀਦਵਾਰ ਅੱਤਰੀ ਨੂੰ 48,968 ਅਤੇ ਬ੍ਰੀਜੇਂਦਰ ਸਿੰਘ ਨੂੰ 48,936 ਵੋਟਾਂ ਪਈਆਂ ਸਨ। ਦੁਸ਼ਿਅੰਤ ਚੌਟਾਲਾ ਇਸ ਹਲਕੇ ਵਿਚ 7950 ਵੋਟਾਂ ਨਾਲ ਪੰਜਵੀਂ ਥਾਂ ’ਤੇ ਰਹੇ ਤੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ।
ਵਿਧਾਨ ਸਭਾ ਹਲਕਾ ਜੁਲਾਨਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਮੈਦਾਨ ਵਿੱਚ ਨਿੱਤਰੀ ਮਹਿਲਾ ਪਹਿਲਵਾਨ ਵਿਨੇਸ਼ ਫੌਗਾਟ ਨੇ 6015 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਫੋਗਾਟ ਨੂੰ 65,080 ਵੋਟਾਂ ਪਈਆਂ ਸਨ। ਵਿਧਾਨ ਸਭਾ ਹਲਕਾ ਤੋਸ਼ਾਮ ਤੋਂ ਚੌਧਰੀ ਬੰਸੀ ਲਾਲ ਦੀ ਪੋਤੀ ਸ਼ਰੂਤੀ ਚੌਧਰੀ ਨੇ 14257 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਸ਼ਰੂਤੀ ਨੂੰ 76,414 ਵੋਟਾਂ ਪਈਆਂ ਸਨ, ਜਦੋਂ ਕਿ ਕਾਂਗਰਸੀ ਉਮੀਦਵਾਰ ਤੇ ਉਨ੍ਹਾਂ ਦੇ ਚਚੇਰੇ ਭਰਾ ਅਨਿਰੁੱਧ ਚੌਧਰੀ ਨੂੰ 62,157 ਵੋਟਾਂ ਪਈਆਂ। ਵਿਧਾਨ ਸਭਾ ਹਲਕਾ ਹਿਸਾਰ ਤੋਂ ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਸਾਵਿੱਤਰੀ ਦੇਵੀ ਨੇ 49,231 ਵੋਟਾਂ ਹਾਸਲ ਕਰਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਤੇ ਕਾਂਗਰਸੀ ਉਮੀਦਵਾਰ ਰਾਮ ਨਿਵਾਸ ਰਾੜਾ ਨੂੰ 18,941 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਰਾੜਾ ਨੂੰ 30290 ਵੋਟਾਂ ਪਈਆਂ। ਅੰਬਾਲਾ ਕੈਂਟ ਤੋਂ ਭਾਜਪਾ ਦੇ ਸੀਨੀਅਰ ਆਗੂ ਅਨਿਲ ਵਿੱਜ ਨੇ 7277 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਵਿੱਜ ਨੂੰ 59,858 ਵੋਟਾਂ ਪਈਆਂ, ਜਦੋਂ ਕਿ ਇੱਥੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਦੂਜੇ ਨੰਬਰ ’ਤੇ ਰਹੀ ਹੈ, ਜਿਸ ਨੂੰ 52581 ਵੋਟਾਂ ਪਈਆਂ। ਵਿਧਾਨ ਸਭਾ ਹਲਕਾ ਪੰਚਕੂਲਾ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਨੇ 1997 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਚੰਦਰ ਮੋਹਨ ਨੂੰ 67,397 ਵੋਟਾਂ ਪਈਆਂ, ਜਦੋਂ ਕਿ ਭਾਜਪਾ ਉਮੀਦਵਾਰ ਤੇ ਸਪੀਕਰ ਗਿਆਨ ਚੰਦ ਗੁਪਤਾ ਨੂੰ 65,400 ਵੋਟਾਂ ਪਈਆਂ ਸਨ। ਵਿਧਾਨ ਸਭਾ ਹਲਕਾ ਕੈਥਲ ਤੋਂ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਦੇ ਪੁੱਤ ਆਦਿੱਤਿਆ ਸੁਰਜੇਵਾਲਾ ਨੇ 8124 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ।

Advertisement

ਰੋਹਤਕ ਵਿਚ ਮਾਯੂਸ ਖੜ੍ਹੇ ਕਾਂਗਰਸ ਆਗੂ ਭੁਪਿੰਦਰ ਹੁੱਡਾ। (ਵਿਚਾਲੇ) ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਮਰਥਕਾਂ ਦਾ ਪਿਆਰ ਕਬੂਲਦੀ ਹੋਈ। (ਸੱਜੇ) ਹਿਸਾਰ ਤੋਂ ਚੋਣ ਜਿੱਤਣ ਮਗਰੋਂ ਸਾਵਿੱਤਰੀ ਜਿੰਦਲ ਆਪਣੇ ਪੁੱਤਰ ਨਵੀਨ ਜਿੰਦਲ ਨਾਲ। -ਫੋਟੋਆਂ: ਪੀਟੀਆਈ

ਵਿਧਾਨ ਸਭਾ ਹਲਕਾ ਫਿਰੋਜ਼ਪੁਰ ਝੀਰਕਾ ਤੋਂ ਕਾਂਗਰਸੀ ਉਮੀਦਵਾਰ ਮਾਮਮ ਖ਼ਾਨ ਨੇ ਸਭ ਤੋਂ ਵੱਧ 98,441 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਨੇ ਆਪਣੇ ਵਿਰੋਧੀ ਤੇ ਭਾਜਪਾ ਉਮੀਦਵਾਰ ਨਸੀਮ ਅਹਿਮਦ ਨੂੰ ਹਰਾ ਦਿੱਤਾ ਹੈ। ਮਾਮਮ ਖਾਨ ਨੂੰ 130497 ਵੋਟਾਂ ਪਈਆਂ, ਜਦੋਂ ਕਿ ਭਾਜਪਾ ਦੇ ਨਸੀਮ ਅਹਿਮਦ ਨੂੰ 32056 ਵੋਟਾਂ ਪਈਆਂ ਸਨ। ਦੂਜੇ ਪਾਸੇ ਵਿਧਾਨ ਸਭਾ ਹਲਕਾ ਉਚਾਨਾ ਕਲਾਂ ਤੋਂ ਭਾਜਪਾ ਉਮੀਦਵਾਰ ਦਵਿੰਦਰ ਚਤੁਰਭੁਜ ਅੱਤਰੀ ਨੇ ਸਭ ਤੋਂ ਘੱਟ 32 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਅੱਤਰੀ ਨੂੰ 48,968 ਵੋਟਾਂ ਪਈਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਬ੍ਰੀਜੇਂਦਰ ਸਿੰਘ ਨੂੰ 48936 ਵੋਟਾਂ ਪਈਆਂ।

Advertisement

ਹਰਿਆਣਾ ਨੇ ਦੇਸ਼ ਦਾ ਅਪਮਾਨ ਕਰਨ ਵਾਲਿਆਂ ਨੂੰ ਸਬਕ ਸਿਖਾਇਆ: ਸ਼ਾਹ

ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵੋਟ ਬੈਂਕ ਲਈ ਵਿਦੇਸ਼ੀ ਧਰਤੀ ’ਤੇ ਦੇਸ਼ ਦਾ ਅਪਮਾਨ ਕਰਨ ਵਾਲਿਆਂ ਨੂੰ ਕਿਸਾਨਾਂ ਤੇ ਜਵਾਨਾਂ ਦੀ ਧਰਤੀ ਹਰਿਆਣਾ ਨੇ ਸਬਕ ਸਿਖਾ ਦਿੱਤਾ ਹੈ। ਉਨ੍ਹਾਂ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਨੂੰ ਸੇਵਾ ਕਰਨ ਦਾ ਮੌਕਾ ਦੇਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਜਪਾ ਲੋਕ ਹਿੱਤ ਵਿੱਚ ਕੰਮ ਕਰਦੀ ਰਹੇਗੀ। ਸ਼ਾਹ ਨੇ ਕਿਹਾ ਕਿ ਕੇਂਦਰ ਦੇ ਨਾਲ-ਨਾਲ ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਵਿੱਚ ਭਾਜਪਾ ਦੀ ਤੀਜੀ ਵਾਰ ਜਿੱਤ ਪਾਰਟੀ ਵੱਲੋਂ ਲੋਕ ਹਿੱਤ ਵਿੱਚ ਕੀਤੇ ਕੰਮਾਂ ’ਤੇ ਮੋਹਰ ਲਗਾਉਂਦੀ ਹੈ।

ਕਾਂਗਰਸ ਤੇ ‘ਆਪ’ ਗੱਠਜੋੜ ਸਰਕਾਰ ਜ਼ਰੂਰ ਬਣਾਉਦਾ: ਡਾ. ਸੁਸ਼ੀਲ ਗੁਪਤਾ

ਆਮ ਆਦਮੀ ਪਾਰਟੀ (ਆਪ) ਹਰਿਆਣਾ ਦੇ ਪ੍ਰਧਾਨ ਡਾ. ਸੁਸ਼ੀਲ ਗੁਪਤਾ ਨੇ ਕਿਹਾ ਕਿ ਜੇ ਹਰਿਆਣਾ ਵਿੱਚ ਕਾਂਗਰਸ ਤੇ ‘ਆਪ’ ਦਾ ਗੱਠਜੋੜ ਹੁੰਦਾ ਤਾਂ ਇਹ ਗੱਠਜੋੜ 70 ਸੀਟਾਂ ’ਤੇ ਜਿੱਤ ਹਾਸਲ ਕਰਕੇ ਸਰਕਾਰ ਬਣਾਉਂਦਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ‘ਆਪ’ ਨੇ ਵਧੇਰੇ ਮੁਸ਼ਕਲ ਸਮੇਂ ਵਿੱਚ ਚੋਣ ਲੜੀ ਹੈ। ਇਸ ਦੌਰਾਨ ‘ਆਪ’ ਦੀ ਸੀਨੀਅਰ ਲੀਡਰਸ਼ਿਪ ਜੇਲ੍ਹ ਵਿੱਚ ਬੰਦ ਸੀ, ਜਿਸ ਨੂੰ ਚੋਣ ਪ੍ਰਚਾਰ ਕਰਨ ਲਈ ਪੂਰਾ ਸਮਾਂ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ‘ਆਪ’ ਨੇ ਮੁਸ਼ਕਲ ਹਾਲਾਤ ਵਿੱਚ ਚੰਗਾ ਵੋਟ ਸ਼ੇਅਰ ਹਾਸਲ ਕੀਤਾ ਹੈ।

ਭਾਜਪਾ ਵੱਲੋਂ ਕੀਤੇ ਵਾਅਦੇ ਪੂਰੇ ਹੋਣਗੇ: ਨਾਇਬ ਸੈਣੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਜਪਾ ਦੀ ਜਿੱਤ ਲਈ ਹਰਿਆਣਾ ਦੇ 2.80 ਕਰੋੜ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਹਿੱਤ ਵਿੱਚ ਕੀਤੇ ਕੰਮਾਂ ਕਰਕੇ ਅੱਜ ਭਾਜਪਾ ਤੀਜੀ ਵਾਰ ਸਰਕਾਰ ਬਣਾ ਸਕੀ ਹੈ। ਸੈਣੀ ਨੇ ਕਿਹਾ ਕਿ ਭਾਜਪਾ ਨੇ 10 ਸਾਲਾਂ ਵਿੱਚ ਹਰਿਆਣਾ ਦੇ ਲੋਕਾਂ ਲਈ ਮਿਸਾਲੀ ਕੰਮ ਕੀਤੇ ਹਨ ਅਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਵੀ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।

ਹਰਿਆਣਾ ਦੀ ਸਿਆਸੀ ਹਵਾ ਦੇ ਉਲਟ ਹਨ ਚੋਣ ਨਤੀਜੇ: ਹੁੱਡਾ

ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਚੋਣਾਂ ਦੇ ਨਤੀਜੇ ਹਰਿਆਣਾ ਦੀ ਸਿਆਸੀ ਹਵਾ ਦੇ ਬਿਲਕੁਲ ਉਲਟ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਦਾ ਭਾਜਪਾ ਤੋਂ ਭਰੋਸਾ ਖਤਮ ਹੋ ਚੁੱਕਾ ਹੈ, ਜਿਸ ਕਰਕੇ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ 10 ਵਿੱਚੋਂ 5 ਸੀਟਾਂ ਹੀ ਜਿੱਤ ਸਕੀ ਸੀ। ਇਨ੍ਹਾਂ ਚੋਣਾਂ ਦੇ ਨਤੀਜੇ ਸਾਰਿਆਂ ਨੂੰ ਸੋਚ ਵਿੱਚ ਪਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵੋਟਾਂ ਦੀ ਗਿਣਤੀ ਦੌਰਾਨ ਛੇੜਛਾੜ ਅਤੇ ਗਿਣਤੀ ਰੋਕੇ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ, ਪਰ ਲੋਕਾਂ ਦਾ ਫਤਵਾ ਉਨ੍ਹ੍ਵਾਂ ਨੂੰ ਮਨਜ਼ੂਰ ਹੈ।

ਹਰਿਆਣਾ ਦੇ ਚੋਣ ਨਤੀਜੇ ਸਵੀਕਾਰ ਨਹੀਂ: ਕਾਂਗਰਸ

ਨਵੀਂ ਦਿੱਲੀ, 8 ਅਕਤੂਬਰ
ਕਾਂਗਰਸ ਨੇ ਅੱਜ ਕਿਹਾ ਕਿ ਉਹ ਹਰਿਆਣਾ ਅਸੈਂਬਲੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਨਹੀਂ ਕਰ ਸਕਦੀ ਕਿਉਂਕਿ ਕੁਝ ਜ਼ਿਲ੍ਹਿਆਂ ’ਚ ਗਿਣਤੀ ਪ੍ਰਕਿਰਿਆ ਤੇ ਈਵੀਐੱਮ ਦੀ ਕਾਰਜਪ੍ਰਣਾਲੀ ਦੀ ਭਰੋਸੇਯੋਗਤਾ ਸਬੰਧੀ ਕਈ ਗੰਭੀਰ ਮੁੱਦੇ ਸਨ ਅਤੇ ਪਾਰਟੀ ਇਹ ਮੁੱਦਾ ਚੋਣ ਕਮਿਸ਼ਨ ਕੋਲ ਉਠਾਏਗੀ। ਸਾਜ਼ਿਸ਼ ਦਾ ਦੋਸ਼ ਲਾਉਂਦਿਆਂ ਵਿਰੋਧੀ ਪਾਰਟੀ ਨੇ ਆਖਿਆ ਕਿ ਹਰਿਆਣਾ ਵਿੱਚ ‘ਲੋਕਤੰਤਰ ਹਾਰ ਗਿਆ ਤੇ ਸੱਤਾ ਤੰਤਰ ਜਿੱਤ ਗਿਆ ਹੈ।’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਹਰਿਆਣਾ ਦੇ ਚੋਣ ਨਤੀਜੇ ਅਣਕਿਆਸੇ ਹਨ ਅਤੇ ਪਾਰਟੀ ਵੱਲੋਂ ਜਨਤਾ ਦੇ ਫਤਵੇ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਗੱਲਬਾਤ ਕਰਨ, ਪੂਰੀ ਜਾਣਕਾਰੀ ਲੈਣ ਤੇ ਤੱਥਾਂ ਦੀ ਜਾਂਚ ਮਗਰੋਂ ਪਾਰਟੀ ਤਫਸੀਲ ’ਚ ਆਪਣੀ ਪ੍ਰਤੀਕਿਰਿਆ ਦੇਵੇਗੀ।’ ਖੜਗੇ ਨੇ ਕਿਹਾ, ‘ਸਾਡੇ ਮਿਹਨਤੀ ਵਰਕਰਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਅਸੀਂ ਤਾਨਾਸ਼ਾਹੀ ਖ਼ਿਲਾਫ਼ ਲੰਮੀ ਲੜਾਈ ਲੜਨੀ ਹੈ।’ -ਪੀਟੀਆਈ

Advertisement
Author Image

sukhwinder singh

View all posts

Advertisement