ਕਾਮਾਗਾਟਾਮਾਰੂ ਕਮੇਟੀ ਵੱਲੋਂ ਕੰਗਨਾ ਦੇ ਬਿਆਨ ਦਾ ਵਿਰੋਧ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਪੰਜਾਬੀ ਭਵਨ ਲੁਧਿਆਣਾ ਵਿੱਚ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਕੰਗਨਾ ਰਣੌਤ ਬਨਾਮ ਕੁਲਵਿੰਦਰ ਕੌਰ ਸਬੰਧੀ ਭਖਦੇ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਕਥਿਤ ਲਾਜ਼ਮੀ ਸੁਰੱਖਿਆ ਚੈਕਿੰਗ ਦੌਰਾਨ ਕਰਮਚਾਰੀਆਂ ਨਾਲ ਗ਼ੈਰ-ਸਹਿਯੋਗੀ ਅਤੇ ਪੰਜਾਬ ਤੇ ਕਿਸਾਨ ਵਿਰੋਧੀ ਮਾੜੀ ਸ਼ਬਦਾਵਲੀ ਵਰਤਣ ਦੀ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਨੇ ਕਾਨੂੰਨੀ ਤੌਰ ’ਤੇ ਸੁਰੱਖਿਆ ਮਨੋਰਥਾਂ ਅਧੀਨ ਚੈਕਿੰਗ ਕਰ ਰਹੀ ਸੁਰੱਖਿਆ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਵੱਲੋਂ ਪੰਜਾਬੀ ਤੇ ਕਿਸਾਨੀ ਅਣਖ ਤੇ ਗੈਰਤ ਦਾ ਪ੍ਰਗਟਾਵਾ ਕਰਦਿਆਂ ਲਏ ਪੱਖ ਦੀ ਸ਼ਲਾਘਾ ਕੀਤੀ ਹੈ। ਆਗੂਆਂ ਨੇ ਮੰਗ ਕੀਤੀ ਕਿ ਕੰਗਨਾ ਰਣੌਤ ਦੇ ਬਿਆਨ ‘ਪੰਜਾਬ ਤੇ ਇਥੋਂ ਦੇ ਕਿਸਾਨ ਅਤਿਵਾਦੀ ਹਨ, ਪੰਜਾਬ ’ਚ ਅਤਿਵਾਦ ਉੱਭਰ ਰਿਹਾ ਹੈ’ ਲੋਕਾਂ ਦੇ ਜਜ਼ਬਾਤ ਭੜਕਾਉਣ ਅਤੇ ਦੇਸ਼ ਵਿਰੋਧੀ ਕੂੜ ਪ੍ਰਚਾਰ ਕਰਨ ਕਰ ਕੇ ਪੰਜਾਬ ਸਰਕਾਰ ਵੱਲੋਂ ਦੇਸ਼ ਧਰੋਹੀ ਅਤੇ ਸਬੰਧਤ ਕਾਨੂੰਨੀ ਧਾਰਾਵਾਂ ਅਧੀਨ ਫੌਰੀ ਤੌਰ ’ਤੇ ਬਣਦਾ ਕੇਸ ਦਰਜ ਕੀਤਾ ਜਾਵੇ। ਦੂਜੇ ਪਾਸੇ, ਕੁਲਵਿੰਦਰ ਕੌਰ ਸਿਰ ਮੜ੍ਹੇ ਕੇਸ ਨੂੰ ਤੁਰੰਤ ਰੱਦ ਕੀਤਾ ਜਾਵੇ।
ਕਮੇਟੀ ਦੇ ਆਗੂਆਂ ਉਜਾਗਰ ਸਿੰਘ, ਮਲਕੀਤ ਸਿੰਘ, ਗੁਰਦੇਵ ਸਿੰਘ, ਜਸਦੇਵ ਸਿੰਘ ਜੱਸੋਵਾਲ, ਹਰੀ ਸਿੰਘ ਸਾਹਨੀ, ਪ੍ਰੇਮ ਸਿੰਘ, ਜੁਗਿੰਦਰ ਸਿੰਘ, ਕਿਸ਼ੋਰ ਸਿੰਘ ਨੇ ਕਿਹਾ ਕਿ ਜੇ ਅਜਿਹਾ ਨਾ ਕੀਤਾ ਤਾਂ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਸਮੂਹ ਇਨਸਾਫ਼ਪਸੰਦ ਪੰਜਾਬੀਆਂ ਦੇ ਉੱਠਣ ਵਾਲੇ ਹੱਕੀ ਸੰਘਰਸ਼ ’ਚ ਵਧ-ਚੜ੍ਹ ਕੇ ਸ਼ਮੂਲੀਅਤ ਕਰੇਗੀ।