ਕੱਲਰਮਾਜਰੀ ਦਾ ਕਾਵਿ ਸੰਗ੍ਰਹਿ ਲੋਕ ਅਰਪਣ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਨਵੰਬਰ
ਭਾਸ਼ਾ ਵਿਭਾਗ ਪੰਜਾਬ ਅਤੇ ਬਾਣੀ ਵਿਚਾਰ ਮੰਚ ਵੱਲੋਂ ਡਾ. ਗੁਰਮੀਤ ਕੱਲਰਮਾਜਰੀ ਦਾ ਕਾਵਿ ਸੰਗ੍ਰਹਿ ‘ਜਿਥੇ ਬਾਬਾ ਪੈਰ ਧਰਿ’ ਅੱਜ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ’ਚ ਲੋਕ ਅਰਪਣ ਕੀਤਾ ਗਿਆ। ਪੁਸਤਕ ’ਤੇ ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਵਿਦਵਾਨਾਂ ’ਚ ਸਾਹਿਤ ਅਕਾਦਮੀ ਐਵਾਰਡੀ ਡਾ. ਕੁਲਦੀਪ ਦੀਪ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਡਾ. ਅਰਵਿੰਦਰ ਕੌਰ ਕਾਕੜਾ, ਲਕਸ਼ਮੀ ਨਰਾਇਣ ਭੀਖੀ, ਪੰਜਾਬੀ ਵਰਲਡ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ, ਡਾ. ਸੁਖੀ ਆਦਿ ਨੇ ਕਾਵਿ ਸੰਗ੍ਰਹਿ ਨੂੰ ਡਾ. ਗੁਰਮੀਤ ਕੱਲਰਮਾਜਰੀ ਦੀ ਰੂਹਾਨੀਅਤ ਵਿਚ ਵੱਡੀ ਪ੍ਰਾਪਤੀ ਦੱਸਿਆ ਤੇ ਕਿਹਾ ਕਿ ਇਸ ਪੁਸਤਕ ’ਚ ਲਿਖੀਆਂ ਕਵਿਤਾਵਾਂ ਵਿਚ ਬਾਬੇ ਨਾਨਕ ਦੇ ਉਹ ਸ਼ਬਦ ਤੇ ਚਿੱਤਰ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਆਮ ਵਿਅਕਤੀ ਵੱਲੋਂ ਸਮਝਣਾ ਔਖਾ ਕੰਮ ਹੁੰਦਾ ਹੈ। ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਜਿਵੇਂ ਜਿਵੇਂ ਬਾਬਾ ਨਾਨਕ ਦੀਆਂ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਪੜ੍ਹਦੇ ਜਾਂਦੇ ਹਾਂ ਤਾਂ ਨਾਲੋ ਨਾਲ ਸੰਗੀਤ ਦੀਆਂ ਧੁਨਾਂ ਵੀ ਨਾਲੋ ਨਾਲ ਵੱਜਦੀਆਂ ਆਨੰਦ ਦੇ ਰਹੀਆਂ ਹੁੰਦੀਆਂ ਹਨ। ਪ੍ਰਧਾਨਗੀ ਮੰਡਲ ’ਚ ਡਾ. ਸੁਰਿੰਦਰ ਸ਼ਰਮਾ, ਬਲਜਿੰਦਰ ਸਿੰਘ, ਅਵਤਾਰ ਜੀਤ, ਚਰਨ ਬੰਬੀਹਾ ਆਦਿ ਨੇ ਵੀ ਹਾਜ਼ਰੀ ਭਰੀ।