For the best experience, open
https://m.punjabitribuneonline.com
on your mobile browser.
Advertisement

ਸ਼੍ਰੋਮਣੀ ਕਮੇਟੀ ਦੇ ਸਲਾਹਕਾਰ ਬੋਰਡ ਸਬੰਧੀ ਕਾਲਕਾ ਦੇ ਦੋਸ਼ ਬੇਬੁਨਿਆਦ: ਧਾਮੀ

07:42 AM Nov 02, 2024 IST
ਸ਼੍ਰੋਮਣੀ ਕਮੇਟੀ ਦੇ ਸਲਾਹਕਾਰ ਬੋਰਡ ਸਬੰਧੀ ਕਾਲਕਾ ਦੇ ਦੋਸ਼ ਬੇਬੁਨਿਆਦ  ਧਾਮੀ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ।
Advertisement

ਜਗਤਾਰ ਸਿੰਘ ਲਾਂਬਾ/ਬੀਐੱਸ ਚਾਨਾ
ਅੰਮ੍ਰਿਤਸਰ/ਕੀਰਤਪੁਰ ਸਾਹਿਬ, 1 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਵੱਲੋਂ ਬਣਾਏ ਜਾਣ ਵਾਲੇ ਸਲਾਹਕਾਰ ਬੋਰਡ ਸਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਚੁੱਕੇ ਸਵਾਲਾਂ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਾਲਕਾ ਆਪਣੇ ਰਾਜਸੀ ਆਗੂਆਂ ਨੂੰ ਖੁਸ਼ ਕਰਨ ਲਈ ਅਤੇ ਕੇਂਦਰ ਦੀਆਂ ਸਲਾਹ ’ਤੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ’ਤੇ ਪੁੱਜੇ ਮੁੱਦਿਆਂ ਦੇ ਸਰਲੀਕਰਨ ਲਈ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦਾ ਵਿਰੋਧ ਕੀਤਾ ਸੀ। ਸ੍ਰੀ ਕਾਲਕਾ ਨੇ ਕਿਹਾ ਸੀ ਕਿ ਇਸ ਸਲਾਹਕਾਰ ਬੋਰਡ ਦਾ ਮਕਸਦ ਅਕਾਲ ਤਖ਼ਤ ਦੇ ਜਥੇਦਾਰ ਤੇ ਹੋਰ ਜਥੇਦਾਰਾਂ ਦੇ ਫੈਸਲਿਆਂ ਨੂੰ ਖੋਰਾ ਲਗਾਉਣਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਂ ਤਖ਼ਤਾਂ ਦੇ ਜਥੇਦਾਰ ਹੁਣ ਇਕ ਪਰਿਵਾਰ ਦੇ ਗਲਬੇ ਹੇਠੋਂ ਮੁਕਤ ਹੋ ਕੇ ਫੈਸਲੇ ਲੈ ਰਹੇ ਹਨ। ਇਸ ਤੋਂ ਬਾਅਦ ਇੱਥੇ ਸਮਾਗਮ ਵਿਚ ਸ਼ਿਰਕਤ ਕਰਨ ਆਏ ਸ੍ਰੀ ਧਾਮੀ ਨੇ ਕਿਹਾ ਕਿ ਕਾਲਕਾ ਵੱਲੋਂ ਚੁੱਕੇ ਸਵਾਲ ਬੇਬੁਨਿਆਦ ਅਤੇ ਨਿਰਾਧਾਰ ਹਨ। ਉਨ੍ਹਾਂ ਕਿਹਾ ਕਿ ਸਲਾਹਕਾਰ ਬੋਰਡ ਬਣਾਉਣ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਪਾਸ ਹੋਏ ਮਤੇ ਅਨੁਸਾਰ ਕੀਤਾ ਗਿਆ ਹੈ ਅਤੇ ਇਸ ਬੋਰਡ ਦਾ ਮਕਸਦ ਕੇਵਲ ਛੋਟੇ ਮੁੱਦਿਆਂ ਨੂੰ ਵਿਚਾਰਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਾਜਿਆ ਅਕਾਲ ਤਖ਼ਤ ਸਰਬਉੱਚ ਹੈ ਤੇ ਇਸ ਦੇ ਅਧਿਕਾਰਾਂ ਨੂੰ ਕੋਈ ਵੀ ਖੋਰਾ ਨਹੀਂ ਲਗਾ ਸਕਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਲਈ ਵਿਰੋਧੀ ਸਾਜਿਸ਼ਾਂ ਕਰ ਰਹੇ ਹਨ ਅਤੇ ਧਿਆਨ ਭਟਕਾਉਣ ਵਾਲੇ ਮੁੱਦੇ ਚੁੱਕੇ ਜਾ ਰਹੇ ਹਨ।

Advertisement

ਸਿੰਘ ਸਾਹਿਬਾਨ ਦੀ ਰਾਏ ਅਨੁਸਾਰ ਬਣਾਏ ਜਾਣਗੇ ਸਲਾਹਕਾਰ ਬੋਰਡ ਦੇ ਮੈਂਬਰ

ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਲਾਹਕਾਰ ਬੋਰਡ ਪੂਰੀ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਅਤੇ ਨਿਰਦੇਸ਼ਾਂ ਹੇਠ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਸਲਾਹਕਾਰ ਬੋਰਡ ਦੇ ਮੈਂਬਰ ਨਾਮਜ਼ਦ ਕਰਨ ਦੇ ਅਧਿਕਾਰ ਸਬੰਧੀ ਵਿਵਾਦ ਵੀ ਤਰਕਸੰਗਤ ਨਹੀਂ ਹੈ ਕਿਉਂਕਿ ਇਸ ਬੋਰਡ ਵਿੱਚ ਕੇਵਲ ਵਿਦਵਾਨ ਹੀ ਸ਼ਾਮਲ ਕੀਤੇ ਜਾਣੇ ਹਨ ਅਤੇ ਵਿਦਵਾਨ ਸਭ ਦੇ ਸਾਂਝੇ ਹੁੰਦੇ ਹਨ।11 ਮੈਂਬਰਾਂ ਦੀ ਨਾਮਜ਼ਦਗੀ ਵੀ ਸਿੰਘ ਸਾਹਿਬਾਨ ਦੀ ਰਾਏ ਨਾਲ ਹੀ ਹੋਵੇਗੀ ਅਤੇ ਇਸ ਬੋਰਡ ਨੂੰ ਵਿਚਾਰਨ ਵਾਸਤੇ ਮਾਮਲੇ ਵੀ ਜਥੇਦਾਰ ਸਾਹਿਬ ਵੱਲੋਂ ਹੀ ਭੇਜੇ ਜਾਣਗੇ। ਕੋਈ ਵੀ ਮਾਮਲਾ ਇਨ੍ਹਾਂ ਪਾਸ ਸਿੱਧੇ ਤੌਰ ’ਤੇ ਨਹੀਂ ਆਵੇਗਾ। ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਕਾਰਜਸ਼ੈਲੀ ਕਦੇ ਵੀ ਜਥੇਦਾਰ ਸਾਹਿਬਾਨ ਦੇ ਫੈਸਲਿਆਂ ਵਿਚ ਦਖ਼ਲ ਦੇਣ ਵਾਲੀ ਨਹੀਂ ਰਹੀ ਸਗੋਂ ਮਾਮਲਿਆਂ ਦੇ ਹੱਲ ਵਿਚ ਸਪਸ਼ਟਤਾ ਲਈ ਕੰਮ ਕਰਦੀ ਹੈ। ਵਿਸ਼ਵ ਭਰ ਦੇ ਸਿੱਖਾਂ ਅਤੇ ਉਨ੍ਹਾਂ ਦੇ ਮਸਲਿਆਂ ਦੀ ਬਹੁਤਾਤ ਨੂੰ ਵੇਖਦਿਆਂ ਅਜਿਹੇ ਸਲਾਹਕਾਰ ਦੀ ਬੋਰਡ ਦੀ ਸਥਾਪਨਾ ਸਮੇਂ ਦੀ ਲੋੜ ਹੈ।

Advertisement

Advertisement
Author Image

joginder kumar

View all posts

Advertisement