ਕਾਲੀਆ ਵੱਲੋਂ ਕੰਗਨਾ ਰਣੌਤ ਦੇ ਬਿਆਨ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਅਕਤੂਬਰ
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਭਾਜਪਾ ਐੱਮਪੀ ਕੰਗਨਾ ਰਣੌਤ ਵੱਲੋਂ ਮਹਾਤਮਾ ਗਾਂਧੀ ਦੀ 155ਵੀਂ ਜੈਅੰਤੀ ਮੌਕੇ ਸੋਸ਼ਲ ਮੀਡੀਆ ’ਤੇ ਕੀਤੀ ਵਿਵਾਦਤ ਟਿੱਪਣੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਗਨ ਰਣੌਤ ਦੇ ਵਿਵਾਦਤ ਬਿਆਨ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿ ਸਿਆਸਤ ਕੰਗਣਾ ਰਣੌਤ ਦਾ ਖੇਤਰ ਨਹੀਂ ਹੈ। ਉਨ੍ਹਾਂ ਦਾ ਖੇਤਰ ਫਿਲਮਾਂ ਹਨ ਤੇ ਕੰਗਣਾ ਨੂੰ ਸਿਆਸਤ ਦੀ ਥਾਂ ਫਿਲਮਾਂ ਵਾਲੇ ਪਾਸੇ ਹੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਵੀ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਰੋਕਿਆ ਸੀ ਜਿਸ ਬਾਰੇ ਕੰਗਣਾ ਨੇ ਮੁਆਫੀ ਵੀ ਮੰਗੀ ਸੀ। ਸ੍ਰੀ ਕਾਲੀਆ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਗਈ ਸੀ। ਉਹ ਦੇਸ਼ ਦੇ ਸਤਿਕਾਰ ਆਗੂ ਹਨ। ਜ਼ਿਕਰਯੋਗ ਹੈ ਕਿ ਕੰਗਣਾ ਰਣੌਤ ਨੇ ਆਪਣੇ ਇੰਸਟਾਗਖਾਮ ਅਕਾਊਂਟ ’ਤੇ ਲਿਖਿਆ ਹੈ ਕਿ ‘ਦੇਸ਼ ਦਾ ਬਾਪੂ ਨਹੀਂ ਲਾਲ ਹੁੰਦਾ ਹੈ’। ਇਸ ਵਿੱਚ ਉਨ੍ਹਾਂ ਨੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਤਸਵੀਰ ਵੀ ਲਾਈ ਹੋਈ ਹੈ।