ਕਾਲੇ ਪਾਣੀ ਦੇ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਮਿਲਿਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਗਸਤ
ਬੁੱਢੇ ਦਰਿਆ ਰਾਹੀਂ ਸਤਲੁਜ ਵਿੱਚ ਵੱਡੇ ਪੱਧਰ ’ਤੇ ਹੋ ਰਹੇ ਪਾਣੀ ਦੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਚੱਲ ਰਹੇ ਕਾਲੇ ਪਾਣੀ ਦੇ ਮੋਰਚੇ ਨੂੰ ਅੱਜ ਵੱਡਾ ਹੁੰਗਾਰਾ ਮਿਲਿਆ ਜਦੋਂ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਸਣੇ ਕਈ ਕਿਸਾਨ ਜੱਥੇਬੰਦੀਆਂ ਵੱਲੋਂ ਇਸ ਦੇ ਸਮਰਥਨ ਕਰਨ ਦਾ ਭਰੋਸਾ ਦਿਵਾਇਆ ਗਿਆ।
ਨਰੋਆ ਪੰਜਾਬ ਮੰਚ ਅਤੇ ਪੀਏਸੀ ਮੱਤੇਵਾੜਾ ਦੇ ਜਸਕੀਰਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਸ਼ੰਭੂ ਬਾਰਡਰ ਵਿੱਚ ਕਾਲੇ ਪਾਣੀ ਦੇ ਮੋਰਚਾ ਵੱਲੋਂ ਅਮਿਤੋਜ ਮਾਨ, ਲੱਖਾ ਸਿੰਘ ਸਿਧਾਣਾ, ਡਾਕਟਰ ਅਮਨਦੀਪ ਸਿੰਘ ਬੈਂਸ, ਕਪਿਲ ਅਰੋੜਾ, ਕੁਲਦੀਪ ਸਿੰਘ ਖਹਿਰਾ ਅਤੇ ਦਲੇਰ ਸਿੰਘ ਡੋਡ ਦਾ ਵਫ਼ਦ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂਆਂ ਨੂੰ ਮਿਲਿਆ ਸੀ ਅਤੇ ਇਸ ਵਿੱਚ ਐੱਸਕੇਐੱਮ (ਗੈਰ ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਸ਼ਾਮਲ ਹੋਏ ਸਨ। ਲੱਖਾ ਸਿੰਘ ਸਿਧਾਣਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਤਲੁਜ ਦੇ ਹੋ ਰਹੇ ਜ਼ਹਿਰੀਲੇ ਪਾਣੀ ਦੇ ਮਸਲੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਪਾਣੀ ਦੇ ਮੋਰਚੇ ਨੂੰ ਪੂਰਾ ਸਮਰਥਨ ਦਿੱਤਾ ਗਿਆ ਸੀ ਅਤੇ ਲੁਧਿਆਣੇ ਵਿੱਚ ਇਸ ਸਬੰਧੀ ਸਾਂਝੇ ਤੌਰ ’ਤੇ ਉਲੀਕੇ ਜਾਣ ਬਾਰੇ ਵੀ ਸਹਿਮਤੀ ਬਣੀ ਸੀ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂਆਂ ਨਾਲ ਹੁਣ ਤਰੀਕ ਬਾਰੇ ਵੀ ਸਹਿਮਤੀ ਬਣ ਗਈ ਹੈ ਅਤੇ ਇਹ ਰੋਸ ਮਾਰਚ 24 ਅਗਸਤ ਨੂੰ ਲੁਧਿਆਣੇ ਵਿਖੇ ਕੱਢਿਆ ਜਾਵੇਗਾ। ਪੰਜਾਬ ਵਾਤਾਵਰਨ ਚੇਤਨਾ ਲਹਿਰ ਦੇ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਬੀਕੇਯੂ ਖੋਸਾ ਵੱਲੋਂ ਪਹਿਲਾਂ ਹੀ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।