ਹਰਿਆਣਾ ਤੋਂ ਕੇਰਲਾ, ਤਾਮਿਲਨਾਡੂ ਤੇ ਪੁਡੂਚੇਰੀ ਰਵਾਨਾ ਹੋਈ ਕਲਸ਼ ਯਾਤਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਪਰੈਲ
ਕਿਸਾਨ ਅੰਦੋਲਨ-2 ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਨਮਿੱਤ ਹਰਿਆਣਾ ’ਚ 16 ਰੋਜ਼ਾ ਕਲਸ਼ ਯਾਤਰਾ ਮੁਕੰਮਲ ਕਰਨ ਉਪਰੰਤ ਹੁਣ ਤਿੰਨ ਹੋਰ ਰਾਜਾਂ ’ਚ ਕਲਸ਼ ਯਾਤਰਾ ਕੱਢੀ ਜਾ ਰਹੀ ਹੈ। ਇਨ੍ਹਾਂ ਵਿਚ ਦੱਖਣੀ ਸੂਬੇ ਕੇਰਲਾ ਤੇ ਤਾਮਿਲਨਾਡੂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸ਼ਾਮਲ ਹਨ। ਇਸ ਸਬੰਧੀ ਅੱਜ ਤਿੰਨ ਕਲਸ਼ ਲੈ ਕੇ ਕਿਸਾਨਾਂ ਦਾ ਕਾਫਲਾ ਅੱਜ ਸ਼ੰਭੂ ਤੋਂ ਰਵਾਨਾ ਹੋਇਆ। ਇਹ ਕਾਫਲਾ ਜਹਾਜ਼ ਰਾਹੀਂ ਚੰਡੀਗੜ੍ਹ ਤੋਂ ਦਿੱਲੀ ਅਤੇ ਦਿੱਲੀ ਤੋਂ ਅਗਲੇ ਪੜਾਅ ਵੱਲ ਵਧੇਗਾ।
ਇਹ ਕਲਸ਼ ਯਾਤਰਾ ਇਥੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਨਿਆਲ, ਮਨਜੀਤ ਸਿੰਘ ਘੁਮਾਣਾ ਆਦਿ ਨੇ ਰਵਾਨਾ ਕੀਤੀ। ਇਸ ਤੋਂ ਪਹਿਲਾਂ ਇਥੇ ਕਿਸਾਨਾਂ ਨੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਸ਼ੁਭਕਰਨ ਸਿੰਘ ਦੀ 21 ਫਰਵਰੀ ਨੂੰ ਢਾਬੀ ਗੁੱਜਰਾਂ ਬਾਰਡਰ ’ਤੇ ਸਿਰ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਮਗਰੋਂ 15 ਮਾਰਚ ਤੋਂ 31 ਮਾਰਚ ਤੱਕ ਹਰਿਆਣਾ ’ਚ ਕਲਸ਼ ਯਾਤਰਾ ਕੱਢੀ ਗਈ। ਇਸ ਦੀ ਸਮਾਪਤੀ ’ਤੇ ਅੰਬਾਲਾ ਨੇੜੇ ਮੌੜ੍ਹਾ ਮੰਡੀ ਵਿਚ ਸ਼ਰਧਾਂਜਲੀ ਸਮਾਗਮ ਵੀ ਕੀਤਾ ਗਿਆ। ਸਰਵਣ ਪੰਧੇਰ ਨੇ ਅੱਜ ਮੁੜ ਦੁਹਰਾਇਆ ਕਿ ਉਹ ਰੋਕਾਂ ਹਟਾਏ ਜਾਣ ਤੱਕ ਬਾਰਡਰਾਂ ਤੋਂ ਹੀ ਹਕੂਮਤ ਖਿਲਾਫ਼ ਲੜਦੇ ਰਹਿਣਗੇ। ਖਾਸ ਕਰਕੇ ਇਨ੍ਹਾਂ ਚੋਣਾ ਦੌਰਾਨ ਭਾਜਪਾ ਖਿਲਾਫ਼ ਮੁਹਿੰਮ ਚਲਾਈ ਜਾਵੇਗੀ।