For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਹਲਕਾ ਇੰਚਾਰਜ ਦੇ ਫਲੈਕਸਾਂ ’ਤੇ ਕਾਲਖ਼ ਮਲੀ

10:11 AM Feb 28, 2024 IST
‘ਆਪ’ ਦੇ ਹਲਕਾ ਇੰਚਾਰਜ ਦੇ ਫਲੈਕਸਾਂ ’ਤੇ ਕਾਲਖ਼ ਮਲੀ
ਆਪ’ ਦੇ ਹਲਕਾ ਇੰਚਾਰਜ ਦੇ ਫਲੈਕਸ ’ਤੇ ਮਲੀ ਹੋਈ ਕਾਲਖ਼।
Advertisement

ਸਰਬਜੀਤ ਸਾਗਰ
ਦੀਨਾਨਗਰ, 27 ਫਰਵਰੀ
ਇੱਥੋਂ ਦੇ ਪਿੰਡ ਜੰਡੀ ਤੇ ਚੌਂਤਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਦੇ ਵਧਾਈ ਸੰਦੇਸ਼ਾਂ ਵਾਲੇ ਫਲੈਸ ਬੋਰਡਾਂ ’ਤੇ ਕਾਲਖ਼ ਮਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਬਾਕਾਇਦਾ ਪੁਸ਼ਟੀ ਕਰਦਿਆਂ ਪੁਰਾਣੇ ਵਾਲੰਟੀਅਰ ਤੇ ‘ਆਪ’ ਆਗੂ ਚੰਦਰਸ਼ੇਖਰ ਆਜ਼ਾਦ ਨੇ ਕਾਲਖ਼ ਮਲੀਆਂ ਤਸਵੀਰਾਂ ਨੂੰ ਆਪਣੇ ਫੇਸਬੁੱਕ ਅਕਾਊਂਟ ’ਤੇ ਸਾਂਝਾ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਮੰਗੀ ਹੈ। ਆਜ਼ਾਦ ਨੇ ਪੁਲੀਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੀਸੀਟੀਵੀ ਫੁਟੇਜ ਕੱਢਵਾ ਕੇ ਹਲਕਾ ਇੰਚਾਰਜ ਦਾ ਅਕਸ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਲਾਂਕਿ ਚੰਦਰਸ਼ੇਖਰ ਆਜ਼ਾਦ ਦੀ ਇਸ ਹਮਦਰਦੀ ਨੂੰ ਹਲਕਾ ਇੰਚਾਰਜ ਦੇ ਸਮਰਥਕ ਹਜ਼ਮ ਨਹੀਂ ਕਰ ਪਾ ਰਹੇ, ਕਿਉਂਕਿ ਆਜ਼ਾਦ ਪਿਛਲੇ ਲੰਮੇ ਸਮੇਂ ਤੋਂ ਵੱਖਰਾ ਧੜਾ ਬਣਾ ਕੇ ਵੱਖ-ਵੱਖ ਮੁੱਦਿਆਂ ’ਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦਾ ਵਿਰੋਧ ਕਰਦੇ ਆਏ ਹਨ ਅਤੇ ਉਨ੍ਹਾਂ ਨੂੰ ਗੱਦੀਓਂ ਲਾਹੁਣ ਲਈ ਵੀ ਜ਼ੋਰ ਲਗਾ ਚੁੱਕੇ ਹਨ।
ਪਾਰਟੀ ਦੇ ਇੱਕ ਵਫ਼ਾਦਾਰ ਆਗੂ ਨੇ ਕਿਹਾ ਕਿ ਇੰਝ ਲੱਗਦਾ ਹੈ ਜਿਵੇਂ ਚੰਦਰਸ਼ੇਖਰ ਆਜ਼ਾਦ ਨੇ ਕਾਰਵਾਈ ਦੀ ਮੰਗ ਦੇ ਬਹਾਨੇ ਕਾਲਖ਼ ਮਲੀਆਂ ਤਸਵੀਰਾਂ ਵਾਇਰਲ ਕਰਨ ਦਾ ਜ਼ਰੀਆ ਭਾਲਿਆ ਹੈ ਅਤੇ ਹਾਈਕਮਾਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਮਸ਼ੇਰ ਸਿੰਘ ਨੂੰ ਲੋਕ ਹੁਣ ਪਸੰਦ ਨਹੀਂ ਕਰਦੇ। ਉਸ ਵੱਲੋਂ ਬਾਅਦ ਵਿੱਚ ਇਹ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਗਈਆਂ।
ਜਾਣਕਾਰੀ ਅਨੁਸਾਰ ਦੀਨਾਨਗਰ ਦੇ ਪਿੰਡ ਜੰਡੀ ਅਤੇ ਚੌਂਤਾ ਵਾਲੇ ਪਾਸੇ ‘ਆਪ’ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੇ ਲੱਗੇ ਨਵੇਂ ਸਾਲ ਅਤੇ ਲੋਹੜੀ ਦੀ ਵਧਾਈ ਵਾਲੇ ਫਲੈਕਸ ਬੋਰਡਾਂ ’ਤੇ ਕਿਸੇ ਵੱਲੋਂ ਕਾਲਖ਼ ਮਲ ਦਿੱਤੀ ਗਈ।
ਹਾਲਾਂਕਿ ਮੁਲਜ਼ਮਾਂ ਦਾ ਪਤਾ ਅਜੇ ਤੱਕ ਨਹੀਂ ਚੱਲ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਾ ਕਿਸੇ ਵਿਰੋਧੀ ਪਾਰਟੀ ਦਾ ਨਾ ਹੋ ਕੇ ਅਜਿਹੇ ਲੋਕਾਂ ਦਾ ਹੋਵੇ ਜੋ ਹਲਕਾ ਇੰਚਾਰਜ ਤੋਂ ਦੁਖੀ ਹਨ ਅਤੇ ਵਿਰੋਧ ਜਤਾਉਣ ਦੀ ਮਨਸ਼ਾ ਤਹਿਤ ਹੀ ਉਨ੍ਹਾਂ ਵੱਲੋਂ ਅਜਿਹਾ ਕੀਤਾ ਗਿਆ ਹੈ। ਉਂਝ ਇਹ ਘਟਨਾ ਦੋ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ ਪਰ ਇਸ ਦਾ ਰੌਲਾ ਚੰਦਰਸ਼ੇਖਰ ਦੁਆਰਾ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਪੋਸਟਾਂ ਤੋਂ ਬਾਅਦ ਪਿਆ। ਚੰਦਰਸ਼ੇਖਰ ਅਨੁਸਾਰ ਉਸ ਨੇ ਇਹ ਤਸਵੀਰਾਂ ‘ਆਪ’ ਪੰਜਾਬ ਦੇ ਇੱਕ ਗਰੁੱਪ ਸਮੇਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਭੇਜੀਆਂ। ਪੋਸਟਾਂ ਹਟਾਉਣ ਬਾਰੇ ਉਸ ਨੇ ਕਿਹਾ ਕਿ ਇੱਕ ਸਰਕਾਰੀ ਅਧਿਕਾਰੀ ਦਾ ਫੋਨ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਕਰਨਾ ਪਿਆ, ਕਿਉਂਕਿ ਮਾਮਲੇ ਦੀ ਤਫ਼ਤੀਸ਼ ਆਰੰਭ ਹੋ ਗਈ ਹੈ। ਉਸਨੇ ਦਾਅਵਾ ਕੀਤਾ ਕਿ ਉਹ ‘ਆਪ’ ਦੇ ਵਫ਼ਾਦਾਰ ਸਿਪਾਹੀ ਹਨ। ਇਸੇ ਤਰਾਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ‘ਆਪ’ ਉਮੀਦਵਾਰ ਦੇ ਪੋਸਟਰ ’ਤੇ ਚਿੱਕੜ ਮਲ ਕੇ ਵਿਰੋਧ ਜਤਾਇਆ ਗਿਆ ਸੀ।

Advertisement

ਸ਼ਿਕਾਇਤ ਮਿਲਣ ’ਤੇ ਸਖ਼ਤ ਕਾਰਵਾਈ ਕਰਾਂਗੇ: ਡੀਐਸਪੀ

ਡੀਐੱਸਪੀ ਹਲਕਾ ਦੀਨਾਨਗਰ ਸੁਖਵਿੰਦਰ ਪਾਲ ਸਿੰਘ ਨੇ ਕਿਹਾ ਕਿ ਘਟਨਾ ਬਾਰੇ ਸੂਚਨਾ ਤਾਂ ਮਿਲੀ ਹੈ ਪਰ ਅਧਿਕਾਰਿਤ ਤੌਰ ’ਤੇ ਅਜੇ ਤੱਕ ਪੁਲੀਸ ਕੋਲ ਸ਼ਿਕਾਇਤ ਨਹੀਂ ਪਹੁੰਚੀ ਹੈ। ਸ਼ਿਕਾਇਤ ਮਿਲਦੇ ਸਾਰ ਹੀ ਢੁੱਕਵੀਂ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇਗਾ।

Advertisement
Author Image

joginder kumar

View all posts

Advertisement
Advertisement
×