For the best experience, open
https://m.punjabitribuneonline.com
on your mobile browser.
Advertisement

ਕਾਲਚੱਕਰ

11:41 AM Oct 15, 2023 IST
ਕਾਲਚੱਕਰ
Advertisement
ਡਾ. ਗੁਰਤੇਜ ਸਿੰਘ

‘‘ਸਤਿ ਸ੍ਰੀ ਅਕਾਲ ਵੀਰ ਜੀ, ਤੁਸੀ ਤਾਂ ਸਾਨੂੰ ਭੁੱਲ ਹੀ ਗਏ ਹੋ ਤੇ ਮੇਰੇ ਉੱਜੜ ਰਹੇ ਘਰ ਦੀ ਸਾਰ ਹੀ ਨਹੀਂ ਲੈਂਦੇ, ਮਜਬੂਰੀਆਂ ਨੇ ਮੈਨੂੰ ਹਰਾ ਛੱਡਿਆ ਏ।’’ ਜਰਨੈਲ ਸਿੰਘ ਦੀ ਵੱਡੀ ਭੈਣ ਜਗਰੂਪ ਕੌਰ ਦੇ ਉਦਾਸੀ ਭਰੇ ਬੋਲ ਮੋਬਾਈਲ ਫੋਨ ਰਾਹੀਂ ਸ਼ਾਂਤ ਕਮਰੇ ’ਚ ਗੂੰਜ ਰਹੇ ਸਨ। ਜਰਨੈਲ ਨੇ ਹੈਰਾਨ ਹੁੰਦਿਆਂ ਪੁੱਛਿਆ, ‘‘ਕੀ ਗੱਲ ਹੋ ਗਈ ਭੈਣੇ, ਲੋਹੜੀ ਮੌਕੇ ਤਾਂ ਮੈਂ ਤੇਰੇ ਕੋਲ ਆ ਕੇ ਗਿਆ ਸੀ। ਉਦੋਂ ਤੂੰ ਬੇਚੈਨ ਜ਼ਰੂਰ ਸੀ ਪਰ ਬਾਕੀ ਸਭ ਕੁਝ ਤਾਂ ਠੀਕ ਹੀ ਲੱਗਦਾ ਸੀ। ਉਂਝ ਸਭ ਕੁਝ ਤਾਂ ਹੈ ਤੇਰੇ ਘਰੇ ਦੁੱਧ ਪੁੱਤ...।’’ ‘‘ਕੀ ਦੱਸਾਂ ਆਹ ਔਲਾਦ ਦੇ ਦੁੱਖਾਂ ਨੇ ਤਾਂ ਮੇਰੀ ਮੱਤ ਮਾਰ ਛੱਡੀ ਹੈ ਕਿਤੋਂ ਵੀ ਸੁਖ ਦਾ ਸਾਹ ਨਹੀਂ ਲੈਣ ਦਿੰਦੇ,’’ ਜਗਰੂਪ ਕੌਰ ਨੇ ਘਰ ਘਰ ਲੱਗੀ ਅੱਗ ਨੂੰ ਬਿਆਨਦਿਆਂ ਕਿਹਾ। ‘‘ਭੈਣੇ, ਔਲਾਦ ਤਾਂ ਤੇਰੀ ਸੁੱਖੀ-ਸਾਂਦੀ ਵਸਦੀ ਹੈ। ਉਨ੍ਹਾਂ ਨੂੰ ਹੁਣ ਕੀ ਦਿੱਕਤ ਹੋਗੀ?’’ ਜਰਨੈਲ ਸਿੰਘ ਨੇ ਆਪਣੀ ਗੱਲ ਪੂਰੀ ਕੀਤੀ। ‘‘ਕਾਹਦੀ ਸੁੱਖੀ ਸਾਂਦੀ ਵੀਰ ਜੀ, ਆਹ ਬਲਰਾਜ ਨੇ ਤਾਂ ਸਾਡੇ ਨੱਕ ’ਚ ਦਮ ਕਰ ਛੱਡਿਆ। ਉਸ ਦੀਆਂ ਹਰਕਤਾਂ ਨੇ ਸਾਰੇ ਪਿੰਡ ’ਚ ਥੂ-ਥੂ ਕਰਾ ਛੱਡੀ ਹੈ। ਮੇਰੇ ਹੱਸਦੇ ਵਸਦੇ ਘਰ ਨੂੰ ਪਤਾ ਨਹੀਂ ਕਿਹੜੇ ਚੰਦਰੇ ਦੀ ਨਜ਼ਰ ਲੱਗ ਗਈ,’’ ਜਗਰੂਪ ਕੌਰ ਨੇ ਆਪਣੇ ਬਿਖ਼ਰੇ ਹੋਏ ਘਰ ਦਾ ਦੋਸ਼ੀ ਲੋਕਾਂ ਨੂੰ ਠਹਿਰਾਉਦਿਆਂ ਆਖਿਆ। ਜਰਨੈਲ ਸਿੰਘ ਨੇ ਉਸ ਨੂੰ ਧਰਵਾਸ ਦਿੰਦਿਆਂ ਕਿਹਾ, ‘‘ਕੋਈ ਗੱਲ ਨਹੀਂ ਭੈਣੇ, ਤੂੰ ਘਬਰਾ ਨਾ ਅਸੀਂ ਜਿੰਨੇ ਜੋਗੇ ਹਾਂ ਤੇਰੇ ਨਾਲ ਹਾਂ, ਮੈਂ ਕੱਲ ਸਾਝਰੇ ਹੀ ਆ ਜਾਵਾਂਗਾ ਤੇਰੇ ਕੋਲ,’’ ਇਹ ਆਖ ਉਸ ਨੇ ਫੋਨ ਕੱਟ ਦਿੱਤਾ।
ਇਹ ਸਭ ਕੁਝ ਦੇਖ ਕੇ ਜਰਨੈਲ ਦੀ ਪਤਨੀ ਨੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਪੁੱਛਿਆ, ‘‘ਕੀ ਗੱਲ ਹੋ ਗਈ ਬੜੇ ਪ੍ਰੇਸ਼ਾਨ ਹੋ? ਜਗਰੂਪ ਵੀ ਬੇਚੈਨ ਮਾਲੂਮ ਹੁੰਦੀ ਸੀ, ਸਭ ਠੀਕ ਤਾਂ ਹੈ!’’ ਜਰਨੈਲ ਸਿੰਘ ਨੇ ਆਪਣੇ ਪੋਤੇ ਦੇ ਸਿਰ ’ਤੇ ਹੱਥ ਫੇਰਦਿਆਂ ਦੁਚਿੱਤੀ ’ਚ ਆਪਣੇ ਬੁੱਲ੍ਹ ਟੁਕਦਿਆਂ ਆਖਿਆ, ‘‘ਭਾਗਵਾਨੇ, ਕਾਲ ਬੜਾ ਹੀ ਬਲਵਾਨ ਹੈ, ਇਸ ਦਾ ਚੱਕਰ ਘੁੰਮਦੇ ਹੀ ਬਹੁਤ ਕੁਝ ਤੁਰਤੋ-ਫੁਰਤੀ ਬਦਲ ਜਾਂਦਾ ਹੈ। ਸਦਾ ਸਾਰਾ ਕੁਝ ਇੱਕੋ ਜਿਹਾ ਨਹੀਂ ਰਹਿੰਦਾ। ਲੱਗਦਾ ਸਮੇਂ ਨੇ ਆਪਣਾ ਰੰਗ ਵਿਖਾ ਦਿੱਤਾ ਹੈ। ਜੋ ਜਗਰੂਪ ਸਾਡੇ ਸਾਰਿਆਂ ’ਚੋਂ ਸੌਖੀ ਸੀ ਉਹ ਅੱਜ ਸਭਨਾਂ ਤੋਂ ਔਖੀ ਜਾਪਦੀ ਹੈ।’’ ਜਰਨੈਲ ਸਿੰਘ ਦੀ ਪਤਨੀ ਨੇ ਉਸ ਦੀ ਗੱਲ ਨੂੰ ਅਣਗੌਲਿਆ ਕਰਦਿਆਂ ਕਿਹਾ, ‘‘ਲੈ ਔਖੀ ਵਾਲੀ ਕੀ ਗੱਲ, ਵੀਹ ਕਿੱਲਿਆਂ ਦਾ ਟੱਕ ਸੜਕ ’ਤੇ ਲੱਗਦੈ। ਛੋਟਾ ਮੁੰਡਾ ਕਨੇਡਾ ਬੈਠਾ। ਜੇ ਉਹ ਉੱਥੇ ਪੱਕਾ ਹੋ ਗਿਆ ਤਾਂ ਇਨ੍ਹਾਂ ਸਾਰਿਆਂ ਦੀ ਜੂਨ ਸੁਧਰ ਜਾਊ। ਉਸ ਮੁੰਡੇ ਦੀ ਜਨਾਨੀ ਜਗਰੂਪ ਦੀ ਆਗਿਆਕਾਰ ਹੈ ਜਿਸ ਦਾ ਉਹ ਪਲ਼ ਦਾ ਵਿਸਾਹ ਨਹੀਂ ਕਰਦੀ। ਵੱਡਾ ਲੜਕਾ ਬਲਰਾਜ ਇੱਥੇ ਹੀ ਸਰਕਾਰੀ ਨੌਕਰ ਆ, ਐਨਾ ਹੁੰਦੇ ਹੋਏ ਵੀ ਉਹ ਔਖੀ ਹੈ ਤਾਂ ਰੱਬ ਹੀ ਲੈਣ ਆਇਆ ਇਨ੍ਹਾਂ ਨੂੰ,’’ ਇਹ ਬੁੜਬੁੜ ਕਰਦੀ ਉਹ ਆਪਣੀ ਮੰਜੀ ’ਤੇ ਲੰਮੇ ਸਾਹ ਖਿੱਚਦੀ ਹੋਈ ਜਾ ਪਈ। ਜਰਨੈਲ ਸਿੰਘ ਦੀ ਬੇਚੈਨੀ ਵਧਦੀ ਜਾ ਰਹੀ ਸੀ। ਕਮਰੇ ’ਚ ਮੱਧਮ ਰੌਸ਼ਨੀ ਕਾਰਨ ਪਈਆਂ ਵਸਤਾਂ ਤੋਂ ਉਸ ਨੂੰ ਅਜੀਬ ਜਿਹਾ ਭੈਅ ਆਉਣ ਲੱਗਦਾ ਤੇ ਉਹ ਉੱਚੀ ਉੱਚੀ ਵਾਖਰੂ-ਵਾਖਰੂ ਕਰਨ ਲੱਗ ਪੈਂਦਾ। ਉਸ ਦੀ ਪਤਨੀ ਨੇ ਰਾਤ ਨੂੰ ਕਈ ਵਾਰ ਉਸ ਨੂੰ ਪੁੱਛਿਆ ਤਾਂ ਉਹ ‘ਠੀਕ’ ਆਖ ਕੇ ਮੂੰਹ ’ਤੇ ਕੱਪੜਾ ਲੈ ਲੈਂਦਾ, ਕੁਝ ਦੇਰ ਬਾਅਦ ਫਿਰ ਉਹੀ ਗੱਲ...।
ਅਗਲੀ ਸਵੇਰ ਮੂੰਹ ਹਨੇਰੇ ਹੀ ਸਾਈਕਲ ’ਤੇ ਜਰਨੈਲ ਸਿੰਘ ਆਪਣੀ ਭੈਣ ਦੇ ਘਰ ਵੱਲ ਤੁਰ ਪਿਆ। ਚਿੰਤਾ ’ਚ ਸਾਰੀ ਰਾਤ ਉਸ ਦੀ ਅੱਖ ਨਹੀਂ ਸੀ ਲੱਗੀ। ਰਸਤੇ ’ਚ ਆਪਣੀਆਂ ਬਣਾਉਂਦਾ ਢਾਹੁੰਦਾ ਅਤੇ ਜਗਰੂਪ ਕੌਰ ਦੇ ਪਰਿਵਾਰ ਦੀ ਸੁੱਖ ਮੰਗਦਾ ਹੋਇਆ ਉਸ ਦੇ ਘਰ ਪਹੁੰਚ ਗਿਆ ਸੀ। ਉਸ ਦਾ ਜੀਜਾ ਖੁਰਲੀ ’ਚ ਹੱਥ ਮਾਰ ਰਿਹਾ ਸੀ ਤੇ ਜਗਰੂਪ ਚੌਂਕੇ ਕੋਲ ਪੀੜ੍ਹੀ ’ਤੇ ਬੈਠੀ ਸੀ। ਜਰਨੈਲ ਨੂੰ ਦੇਖ ਉਸ ਦੀਆਂ ਉਦਾਸ ਅੱਖਾਂ ’ਚ ਚੰਦ ਪਲ਼ਾਂ ਲਈ ਚਮਕ ਆ ਗਈ, ਫਿਰ ਉਦਾਸੀ ਦੀ ਚਾਦਰ ਫੈਲ ਗਈ। ਵਿਹੜੇ ’ਚ ਮੰਜੀ ’ਤੇ ਬੈਠਦਿਆਂ ਉਸ ਨੇ ਆਪਣੇ ਜੀਜੇ ਨਾਲ ਹੱਥ ਮਿਲਾਇਆ ਜੋ ਅੱਜ ਬੇਜਾਨ ਜਿਹਾ ਜਾਪ ਰਿਹਾ ਸੀ। ਆਪਣੀ ਭੈਣ ਦੇ ਹੱਥੋਂ ਪਾਣੀ ਦਾ ਗਲਾਸ ਫੜ ਕੇ ਉਸ ਦੇ ਗੋਡੀ ਹੱਥ ਲਾਉਂਦਿਆਂ ਜ਼ਰਾ ਕੁ ਨੀਵਾਂ ਹੋਇਆ। ਜਗਰੂਪ ਕੌਰ ਨੇ ਉਸ ਤੋਂ ਉਸ ਦੇ ਘਰ ਦੀ ਸੁੱਖ-ਸਾਂਦ ਪੁੱਛੀ। ਉਂਝ ਜਰਨੈਲ ਦੇ ਘਰ ਦੇ ਹਾਲਾਤ ਵੀ ਉਨ੍ਹਾਂ ਤੋਂ ਲੁਕੇ ਹੋਏ ਨਹੀਂ ਸਨ। ਉਸ ਦੀ ਪਤਨੀ ਨੂੰ ਕੈਂਸਰ ਹੋਣ ਕਰਕੇ ਉਸ ਦੀ ਕਾਫ਼ੀ ਜ਼ਮੀਨ ਵਿਕ ਗਈ ਸੀ ਅਤੇ ਬਾਕੀ ਬਚੀ ਜ਼ਮੀਨ ਕਿਸੇ ਕੋਲ ਗਹਿਣੇ ਪਈ ਹੈ। ਫਿਰ ਵੀ ਉਹ ਜ਼ਿੰਦਾਦਿਲੀ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ ਤੇ ਹਰ ਕਿਸੇ ਦੇ ਦੁੱਖ ਸੁੱਖ ’ਚ ਸ਼ਰੀਕ ਹੁੰਦਾ ਹੈ।
ਚਾਹ ਪੀਂਦੇ ਪੀਂਦੇ ਜਰਨੈਲ ਚੁਫੇਰੇ ਨਜ਼ਰ ਘੁਮਾ ਰਿਹਾ ਸੀ। ਉਨ੍ਹਾਂ ਦਾ ਸੁੰਨਾ-ਸੁੰਨਾ ਪਿਆ ਐਡਾ ਵੱਡਾ ਘਰ ਉਸ ਨੂੰ ਖਾਣ ਨੂੰ ਆ ਰਿਹਾ ਸੀ। ਚਾਹ ਖ਼ਤਮ ਕਰਕੇ ਉੱਘੜ-ਦੁੱਘੜੀ ਦਾੜ੍ਹੀ ’ਤੇ ਹੱਥ ਫੇਰਦਿਆਂ ਉਸ ਨੇ ਪੁੱਛਿਆ, ‘‘ਭੈਣੇ, ਘਰੇ ਕੋਈ ਵੀ ਨਹੀਂ ਦਿਸਦਾ। ਬਾਲ ਬੱਚੇ ਕਿੱਥੇ ਨੇ? ਬਲਰਾਜ ਵੀ ਨਹੀਂ ਦਿਸਦਾ।’’ ਇਹ ਸੁਣ ਕੇ ਉਹ ਦੋਵੇਂ ਜੀਅ ਫਿੱਸ ਪਏ। ਦਿਲ ਦੇ ਦੱਬੇ ਹੋਏ ਦਰਦ ਅੱਖਾਂ ’ਚੋਂ ਵਹਿ ਤੁਰੇ ਸਨ। ਕਾਫ਼ੀ ਦੇਰ ਤੱਕ ਉਹ ਕੁਝ ਨਹੀਂ ਬੋਲੇ ਤੇ ਸਿਰਫ਼ ਅੱਖਾਂ ਰਾਹੀਂ...। ਇਹ ਸਭ ਦੇਖ ਜਰਨੈਲ ਦਾ ਵੀ ਗਲਾ ਭਰ ਆਇਆ ਸੀ।
ਜਰਨੈਲ ਨੇ ਜਗਰੂਪ ਕੌਰ ਦਾ ਮੋਢਾ ਹਲੂਣਦਿਆਂ ਕਿਹਾ, ‘‘ਬਸ ਭੈਣੇ ਬਸ, ਗੱਲ ਤਾਂ ਦੱਸ ਕੀ ਹੋਈ?’’ ‘‘ਆਹ ਦਸ ਦਿਨ ਪਹਿਲਾਂ ਹੀ ਬਲਰਾਜ ਦੇ ਸਹੁਰੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਲੈ ਗਏ। ਅੱਜ ਉਹ ਸਮਾਨ ਚੁੱਕਣ ਆਉਣਗੇ। ਉਹ ਹੋਰ ਕਰਦੇ ਵੀ ਕੀ ਵਿਚਾਰੇ! ਇਸ ਨਾਲਾਇਕ ਨੇ ਉਨ੍ਹਾਂ ਦੀ ਧੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨਰਕ ਜੋ ਬਣਾ ਦਿੱਤੀ ਸੀ। ਨੌਕਰੀ ਤੋਂ ਇਸ ਨੂੰ ਕੱਢ ਦਿੱਤਾ ਸੀ ਲੋਕਾਂ ਪਿੱਛੇ ਲੱਗ ਕੇ ਘਪਲੇ ਕਰਦਾ ਸੀ। ਅਸੀਂ ਸਾਰਿਆਂ ਨੇ ਕਿੰਨੀ ਵਾਰ ਅਫ਼ਸਰਾਂ ਦੀਆਂ ਮਿੰਨਤਾਂ ਕਰ ਕੇ ਇਸ ਨੂੰ ਨੌਕਰੀ ’ਤੇ ਬਹਾਲ ਕਰਵਾਇਆ ਸੀ। ਇਸ ਦੇ ਛੋਟੇ ਭਰਾ ਨੇ ਤਾਂ ਘਪਲਿਆਂ ਦਾ ਹਰਜਾਨਾ ਵੀ ਆਪਣੀ ਹੱਡ ਭੰਨ੍ਹਵੀਂ ਕਮਾਈ ’ਚੋਂ ਭਰ ਦਿੱਤਾ ਸੀ। ਪਰ ਇਹ ਤਾਂ ਬੰਦਾ ਬਣਿਆ ਹੀ ਨਹੀਂ ਸਗੋਂ ਦਾਰੂ ਪੀ ਕੇ ਦਫ਼ਤਰ ਜਾਂਦਾ ਸੀ। ਉੱਥੇ ਸਟਾਫ਼ ਅਤੇ ਲੋਕਾਂ ਨਾਲ ਬਦਤਮੀਜ਼ੀ ਕਰਦਾ ਸੀ,’’ ਜਗਰੂਪ ਨੇ ਦੱਬੀ ਆਵਾਜ਼ ’ਚ ਕਿਹਾ। ‘‘ਭੈਣੇ, ਇੰਨਾ ਕੁਝ ਹੋ ਗਿਆ, ਤੂੰ ਮੇਰੇ ਕੋਲ ਕਿਸੇ ਗੱਲ ਦਾ ਭੋਗ ਹੀ ਨਹੀਂ ਪਾਇਆ। ਇੱਕ ਵਾਰ ਗੱਲ ਤਾਂ ਕਰਦੀ ਕੋਈ ਨਾ ਕੋਈ ਹੱਲ ਕੱਢ ਲੈਂਦੇ,’’ ਜਰਨੈਲ ਨੇ ਆਤਮ-ਵਿਸ਼ਵਾਸ ਨਾਲ ਸ਼ਿਕਵਾ ਦਿੰਦਿਆਂ ਕਿਹਾ। ‘‘ਮੇਰੇ ਤੋਂ ਕਿਹੜਾ ਤੇਰੇ ਘਰ ਦੀ ਹਾਲਤ ਲੁਕੀ ਆ ਵੀਰਾ! ਮੈਂ ਸੋਚਿਆ ਕਿਉਂ ਤੈਨੂੰ ਪਰੇਸ਼ਾਨ ਕਰਾਂ। ਤੂੰ ਕਿਹੜਾ ਘਰੋਂ ਸੌਖਾ ਏਂ।’’ ‘‘ਦਾਰੂ ਪੀ ਕੇ ਤਾਂ ਉਸ ਨੂੰ ਹੋਸ਼ ਨਹੀਂ ਰਹਿੰਦੀ। ਆਹ ਚਿੱਟੇ ਨੂੰ ਵੀ ਮੂੰਹ ਮਾਰਨ ਲੱਗ ਪਿਆ ਹੁਣ ਤਾਂ। ਹਰ ਵੇਲੇ ਮਨ ਨੂੰ ਧੁੜਕੂ ਲੱਗਾ ਰਹਿੰਦਾ ਹੈ ਕਿ ਹੁਣ ਵੀ ਕਿਸੇ ਨਾਲ ਲੜ ਕੇ ਨਾ ਆ ਜਾਵੇ, ਕਿਸੇ ਤੋਂ ਸਿਰ ਪੜਵਾ ਕੇ ਜਾਂ ਪਾੜ ਕੇ ਨਾ ਆ ਜਾਵੇ, ... ਨੇ ਲਹੂ ਪੀ ਰੱਖਿਐ,’’ ਜਰਨੈਲ ਦੇ ਜੀਜੇ ਨੇ ਮੱਥਾ ਫੜਦਿਆਂ ਆਖਿਆ।
‘‘ਹੋਰ ਕੀ ਜਰਨੈਲ ਵੀਰ ਜੀ, ਧੱਕੇ ਤਾਂ ਆਪ ਉਹ ਬਾਹਰ ਖਾਂਦਾ ਹੈ ਤੇ ਦੋਸ਼ ਆਪਣੀ ਘਰਵਾਲੀ ਸਿਰ ਮੜ੍ਹਦਾ ਹੈ ਕਿ ਮੈਨੂੰ ਇਸ ਦੇ ਚਾਲ-ਚਲਨ ’ਤੇ ਸ਼ੱਕ ਹੈ। ਉਹ ਵਿਚਾਰੀ ਤਾਂ ਘਰੋਂ ਬਾਹਰ ਪੈਰ ਨਹੀਂ ਪਾਉਂਦੀ ਸੀ। ਬੱਚਿਆਂ ਨੂੰ ਵੀ ਸਕੂਲੋਂ ਤੇਰੇ ਜੀਜਾ ਜੀ ਲਿਆਉਂਦੇ ਨੇ। ਫਿਰ ਮੈਂ ਕਿਵੇਂ ਉਸ ਨੂੰ ਮਾੜੀ ਆਖਾਂ। ਉਸ ਦੇ (ਬਲਰਾਜ) ਚਾਲ-ਚਲਨ ਨੇ ਤਾਂ ਸਾਰੇ ਪਿੰਡ ’ਚ ਸਾਡੇ ਸਿਰ ਸੁਆਹ ਪਾ ਛੱਡੀ ਹੈ। ਕੰਬਖ਼ਤ ਨੇ ਕਿਤੇ ਸਾਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ। ਤੇਰੇ ਜੀਜਾ ਜੀ ਨੂੰ ਲੋਕ ਸਲਾਮਾਂ ਕਰਦੇ ਨੇ ਪਰ ਇਸ ਨਾਲਾਇਕ ਛੋਹਰ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਹੈ,’’ ਇਹ ਕਹਿੰਦਿਆਂ ਜਗਰੂਪ ਕੌਰ ਨੇ ਚੁੁੰਨੀ ਨਾਲ ਆਪਣੀਆਂ ਅੱਖਾਂ ਪੂੰਝੀਆਂ।
‘‘ਭੈਣੇ, ਰੱਜ ਨੂੰ ਚੱਜ ਹੋਇਆ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ। ਛੋਟੇ ਨੇ ਆਪੇ ਬਾਹਰ ਸੈੱਟ ਹੋ ਜਾਣਾ ਸੀ। ਹੁਣ ਪਤਾ ਨਹੀਂ ਕੀ ਹੋਊ ਰੱਬ ਜਾਣੇ,’’ ਜਰਨੈਲ ਨੇ ਹਉਕਾ ਲੈਂਦਿਆਂ ਕਿਹਾ। ‘‘ਹੋਰ ਭਰਾਵਾ, ਰੱਜ ਨੂੰ ਚੱਜ ਤਾਂ ਹੋਇਆ ਹੀ ਸੀ। ਸਾਡਾ ਵਧੀਆ ਗੁਜ਼ਾਰਾ ਚੱਲਣ ਲੱਗ ਪਿਆ ਸੀ। ਹੌਲੀ ਹੌਲੀ ਅਸੀਂ ਆਪਣੀ ਗਹਿਣੇ ਪਈ ਜ਼ਮੀਨ ਛੁਡਾ ਲੈਣੀ ਸੀ ਜੋ ਛੋਟੇ ਨੂੰ ਬਾਹਰ ਭੇਜਣ ਸਮੇਂ ਗਿਰਵੀ ਰੱਖੀ ਸੀ, ਪਰ ਇਸ ਨੇ ਤਾਂ ਬਚੀ ਨੂੰ ਵੀ ਵਾਢਾ ਧਰ ਰੱਖਿਆ ਹੈ। ਆਪਣਾ ਹਿੱਸਾ ਨਾਂਅ ਕਰਾਉਣ ਲਈ ਇਸ ਨੇ ਤਾਂ ਆਪਣੇ ਬਾਪ ਦੀ ਚਿੱਟੀ ਦਾੜ੍ਹੀ ਨੂੰ ਹੱਥ ਪਾ ਲਿਆ ਸੀ। ਮੇਰੇ ਨਾਲ ਤਾਂ ਬਥੇਰੇ ਵਾਰ ਲੱਤੋ ਲੱਤੀ ਹੋਇਆ, ਅਖੇ, ਤੂੰ ਮੇਰੇ ਪਿਉ ਦੇ ਕੰਨ ਭਰਦੀ ਏਂ, ਇਸੇ ਕਰਕੇ ਬੁੜ੍ਹਾ ਜ਼ਮੀਨ ’ਤੇ ਸੱਪ ਵਾਂਗ ਕੁੰਡਲੀ ਮਾਰੀ ਬੈਠਾ ਹੈ। ਕੁਝ ਤਾਂ ਇਹ ਹਜ਼ਮ ਵੀ ਕਰ ਗਿਆ ਧੱਕੇ ਨਾਲ ਸਾਡੇ ਤੋਂ ਦਸਤਖ਼ਤ ਕਰਵਾ ਕੇ ਅਤੇ ਕੁਝ ਇਸ ਦੇ ਸਹੁਰੇ ਆਪਣੀ ਧੀ ਦਾ ਹਿੱਸਾ ਲੈ ਜਾਣਗੇ। ਉਹ ਬਾਹਰ ਬੈਠਾ ਪ੍ਰਦੇਸੀ ਘਰ-ਬਾਰ ਦਾ ਖਰਚਾ ਚਲਾ ਰਿਹਾ ਹੈ ਤੇ ਆਹ ਘਰੇ ਬੈਠ ਕੇ ਸਾਡੀ ਹੀਰੇ ਵਰਗੀ ਜ਼ਮੀਨ ਅਤੇ ਇੱਜ਼ਤ ਦਾ ਫ਼ਲੂਦਾ ਕਰ ਰਿਹਾ ਹੈ। ਅਜੇ ਕੱਲ੍ਹ ਹੀ ਨਿੱਕੀ ਦਾ ਸਹੁਰਾ ਚੜ੍ਹਾਈ ਕਰ ਗਿਐ, ਉਨ੍ਹਾਂ ਕੁੜਮ ਦਾ ਬਵਾਨ ਕੱਢਿਆ ਸੀ। ਹੁਣ ਜੇ ਉਨ੍ਹਾਂ ਬਵਾਨ ਕੱਢਿਆ ਤਾਂ ਵੱਡਾ ਵੀ ਕਰਨਗੇ, ਪੰਜਾਹ ਸੱਠ ਹਜ਼ਾਰ ਰੁਪਏ ਦਾ ਖਰਚਾ ਸਿਰ ’ਤੇ ਹੈ। ਖਾਲੀ ਹੱਥ ਜਾਂਦੇ ਵੀ ਚੰਗੇ ਨਹੀਂ ਲੱਗਦੇ। ਹੁਣ ਕੁਝ ਤਾਂ ਹੀਲਾ ਕਰਨਾ ਪਊ।’’
‘‘ਆਹ ਫ਼ਾਲਤੂ ਦੀਆਂ ਰਸਮਾਂ ਨੇ ਲੋਕ ਕਰਜ਼ਾਈ ਕਰ ਦਿੱਤੇ ਨੇ। ਲੋਕ ਨਾ ਚਾਹੁੰਦਿਆਂ ਵੀ ਅੱਡੀਆਂ ਚੁੱਕ-ਚੁੱਕ ਕੇ ਫ਼ਾਹਾ ਲੈਂਦੇ ਹਨ। ਦੂਜਾ ਅੱਜਕੱਲ੍ਹ ਦੇ ਜਵਾਕ ਡੱਕਾ ਦੂਹਰਾ ਨਹੀਂ ਕਰਦੇ।’’ ਜਰਨੈਲ ਦੇ ਜੀਜੇ ਨੇ ਸਮਾਜਿਕ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ।
ਜਰਨੈਲ ਨੇ ਉਸ ਦੀ ਗੱਲ ਕੱਟਦਿਆਂ ਆਖਿਆ, ‘‘ਸਾਡੇ ਪਿੰਡ ਦਾ ਸਰਪੰਚ ਇੱਕ ਦਿਨ ਅਖ਼ਬਾਰ ਪੜ੍ਹਦਾ ਸੀ। ਪਤਾ ਨਹੀਂ ਕਿਹੜੇ ਪਿੰਡ ਦੀ ਗੱਲ ਦੱਸਦਾ ਸੀ ਕਿ ਉੱਥੋਂ ਦੀ ਪੰਚੈਤ ਨੇ ਮਤਾ ਪਾ ਕੇ ਬਜ਼ੁਰਗ ਮਰੇ ’ਤੇ ਜਲੇਬੀਆਂ ਪਕਾਉਣ ਅਤੇ ਵਿਆਹ ਵੇਲੇ ਜ਼ਿਆਦਾ ਬਰਾਤ ਲਿਆਉਣ ’ਤੇ ਪਾਬੰਦੀ ਲਗਾਈ ਹੈ।
ਹਾਂ ਸੱਚ ਭੈਣੇ, ਛੋਟੀ ਨੂੰਹ ਪੇਕੇ ਗਈ ਹੈ?’’
‘‘ਕਾਹਨੂੰ ਵੀਰਾ, ਝੱਗਾ ਚੁੱਕਿਆਂ ਢਿੱਡ ਤਾਂ ਆਪਣਾ ਹੀ ਨੰਗਾ ਹੁੰਦਾ ਹੈ। ਕੀ ਦੱਸਾਂ ਉਹ ਤਾਂ ਸ਼ਹਿਰ ਆਪਣੇ ਪੇਕਿਆਂ ਦੇ ਨਜ਼ਦੀਕ ਰਹਿੰਦੀ ਹੈ। ਬੱਚਿਆਂ ਦਾ ਸਕੂਲ ਵੀ ਨੇੜੇ ਹੈ। ਮਜਬੂਰੀਵੱਸ ਉਸ ਨੂੰ ਉੱਥੇ ਭੇਜਣਾ ਪਿਆ, ਨਹੀਂ ਤਾਂ ਉਨ੍ਹਾਂ ਬਿਨਾ ਸਾਡਾ ਪਲ਼ ਨਹੀਂ ਨਿਕਲਦਾ। ਇਹ ਨਾਲਾਇਕ ਇੱਥੇ ਉਸ ਦੀ ਇੱਜ਼ਤ ਤਕਾਉਣ ਲੱਗ ਗਿਆ ਸੀ।’’ ‘‘ਹਾਏ ਉਏ ਮੇਰਿਆ ਰੱਬਾ!’’ ਜਰਨੈਲ ਨੇ ਮੱਥੇ ਹੱਥ ਮਾਰਿਆ।
‘‘ਹੁਣ ਦੱਸ ਵੀਰਾ, ਅਸੀਂ ਕੀ ਕਰੀਏ, ਕਿਹੜੇ ਖੂਹ ਜਾ ਮਰੀਏ? ਇਸ ਨੇ ਤਾਂ ਸਾਡੇ ਸਿਰ ਸੁਆਹ ਪਾ ਦਿੱਤੀ ਹੈ, ਬੁਢਾਪਾ ਸਾਡਾ ਰੋਲ ਕੇ ਰੱਖ ਦਿੱਤਾ ਹੈ। ਸੋਚਿਆ ਸੀ ਅਸੀਂ ਆਪਣੀ ਜ਼ਿੰਮੇਵਾਰੀਆਂ ਨਿਭਾ ਦਿੱਤੀਆਂ ਹਨ ਤੇ ਇਹ ਦੋਵੇਂ ਭਰਾ ਆਪਣੇ ਕਾਰ-ਵਿਹਾਰਾਂ ’ਤੇ ਹੋ ਗਏ ਹਨ। ਬਚਿਆ ਸਮਾਂ ਅਸੀਂ ਪੋਤੇ ਪੋਤੀਆਂ ਨਾਲ ਹੱਸ ਖੇਡ ਕੇ ਕੱਢ ਲਵਾਂਗੇ ਪਰ ਮਾੜੀ ਕਿਸਮਤ...। ਮੈਂ ਇੱਥੇ ਪਿੰਡ ਰਹਿੰਦੀ ਹਾਂ ਤੇ ਉਸ ਜਮਦੂਤ ਨੂੰ ਸੰਭਾਲਦੀ ਹਾਂ, ਉਸ ਨੂੰ ਰੋਟੀ ਥੱਪ ਕੇ ਖੁਆਉਂਦੀ ਹਾਂ। ਇਹ ਸ਼ਹਿਰ ਛੋਟੀ ਨੂੰਹ ਕੋਲ ਜਾਂਦੇ ਨੇ। ਉਸ ਦੇ ਪੇਕੇ ਵੀ ਹੁਣ ਕਿੰਨਾ ਚਿਰ ਉਸ ਨੂੰ ਆਪਣੇ ਕੋਲ ਬਿਠਾਈ ਰੱਖਦੇ। ਉਨ੍ਹਾਂ ਨੇ ਛੋਟੇ ਨਾਲ ਗੱਲ ਕਰ ਕੇ ਇਸ ਨੂੰ ਸ਼ਹਿਰ ’ਚ ਮਕਾਨ ਲੈ ਕੇ ਦਿੱਤਾ ਹੈ ਜਿੱਥੇ ਵਿਚਾਰੀ ਇਹ ਛੋਟੇ ਦੇ ਕਨੇਡਾ ਤੋਂ ਆਉਣ ਦੀ ਉਡੀਕ ’ਚ ਸਮਾਂ ਕੱਟ ਰਹੀ ਹੈ। ਸਾਡਾ ਦੋਵਾਂ ਦਾ ਕੀ ਪਤਾ ਕਿੰਨਾ ਸਮਾਂ ਹੋਰ ਹਾਂ। ਸਾਡੇ ਮਗਰੋਂ ਇਸ ਨਾਲਾਇਕ ਬਲਰਾਜ ਦਾ ਕੀ ਬਣੂਗਾ। ਕੀ ਇਹ ਸਾਰੀ ਉਮਰ ਇੰਝ ਹੀ ਧੱਕੇ ਖਾਂਦਾ ਰਹੂਗਾ। ਹੁਣ ਇਸ ਤੋਂ ਵੀ ਜ਼ਿਆਦਾ ਛੋਟੇ ਦਾ ਫ਼ਿਕਰ ਵੱਢ ਵੱਢ ਖਾਂਦਾ ਹੈ, ਕਦੋਂ ਆ ਕੇ ਮਾਂ ਦੀਆਂ ਆਂਦਰਾਂ ਠਾਰੂਗਾ ਅਤੇ ਗਹਿਣੇ ਪਿਆ ਬੱਚਿਆਂ ਦਾ ਭਵਿੱਖ ਕਦੋਂ ਛੁਡਾਵੇਗਾ। ਹੋਰ ਪਤਾ ਨਹੀਂ ਕਿੰਨੇ ਸਵਾਲ ਹਨ ਜਨਿ੍ਹਾਂ ਦੇ ਜਵਾਬ ਭਵਿੱਖ ਦੀ ਗੋਦ ’ਚ ਹਨ ਜੋ ਸਾਨੂੰ ਦੋਵੇਂ ਜੀਆਂ ਨੂੰ ਚੈਨ ਨਹੀਂ ਲੈਣ ਦਿੰਦੇ।’’ ਇਹ ਕਹਿੰਦੀ ਜਗਰੂਪ ਕੌਰ ਦੇ ਨਾਲ ਤਿੰਨਾਂ ਨੇ ਹੰਝੂ ਪੂੰਝੇ। ਉਨ੍ਹਾਂ ਦੀ ਚਾਹ ਠੰਢੀ ਹੋ ਚੁੱਕੀ ਸੀ ਜੋ ਉਨ੍ਹਾਂ ਦੇ ਅਰਮਾਨਾਂ ਦੇ ਨਿਕਲੇ ਜਨਾਜ਼ੇ ਵਾਂਗ ਉਦਾਸ ਜਾਪਦੀ ਸੀ। ਜਰਨੈਲ ਨੂੰ ਰੋਟੀ ਵਾਸਤੇ ਉਸ ਦੀ ਭੈਣ ਨੇ ਬੜਾ ਜ਼ੋਰ ਲਗਾਇਆ, ਪਰ ਉਸ ਦਾ ਦਿਲ ਨਹੀਂ ਮੰਨਿਆ। ਕਾਫ਼ੀ ਸਮੇਂ ਬਾਅਦ ਉਸ ਨੇ ਵਿਦਾਈ ਮੰਗੀ ਕਿਉਂਕਿ ਸ਼ਾਮ ਵਾਲੀ ਰੇਲਗੱਡੀ ’ਤੇ ਉਸ ਨੇ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਲਈ ਬੀਕਾਨੇਰ ਜਾਣਾ ਸੀ।
ਘਰ ਵੜਦੇ ਸਾਰ ਹੀ ਉਸ ਦੀ ਪਤਨੀ ਨੇ ਪਾਣੀ ਦਾ ਗਲਾਸ ਦਿੰਦਿਆਂ ਉਸ ਨੂੰ ਪੁੱਛਿਆ, ‘‘ਕੀ ਗੱਲ ਸੀ ਜੋ ਜਗਰੂਪ ਇੰਨੀ ਪਰੇਸ਼ਾਨ ਸੀ।’’ ਜਰਨੈਲ ਨੇ ਪਾਣੀ ਦੀਆਂ ਦੋ ਘੁੱਟਾਂ ਪੀਣ ਤੋਂ ਬਾਅਦ ਕਿਹਾ, ‘‘ਸਮਾਂ ਬੜਾ ਬਲਵਾਨ ਹੈ, ਜਦੋਂ ਇਸ ਦਾ ਪਹੀਆ ਘੁੰਮਦੈ ਤਾਂ ਇਹ ਕਿਸੇ ਨੂੰ ਨਹੀਂ ਬਖਸ਼ਦਾ। ਬਸ ਉਹੀ ਜਗਰੂਪ ਦਾ ਸੱਚ ਹੈ। ਕਾਲ ਨੇ ਆਪਣਾ ਰੰਗ ਦਿਖਾ ਦਿੱਤਾ ਹੈ।’’ ‘‘ਆਹੋ ਇਹ ਤਾਂ ਹੋਣਾ ਹੀ ਸੀ। ਉਦੋਂ ਤਾਂ ਜਗਰੂਪ ਕਿਸੇ ਨੂੰ ਬੰਦਾ ਨਹੀਂ ਸਮਝਦੀ ਸੀ। ਹਰ ਵਕਤ ਆਪਣੇ ਟੱਬਰ ਅਤੇ ਬੱਚਿਆਂ ਨੂੰ ਸਲਾਹੁੰਦੀ ਰਹਿੰਦੀ ਸੀ ਤੇ ਆਹ ਬਲਰਾਜ ਦੀਆਂ ਤਾਰੀਫ਼ਾਂ ਕਰਦੀ ਨਹੀਂ ਥੱਕਦੀ ਸੀ। ਸਾਡੇ ਬੱਚਿਆਂ ਨੂੰ ਨਾਲਾਇਕ ਤੇ ਪਛੜੇ ਹੋਏ ਦੱਸਦੀ ਸੀ। ਅਸੀਂ ਤੇ ਸਾਡੀ ਔਲਾਦ ਤਾਂ ਹਾਲਾਤ ਦੇ ਮਾਰੇ ਹੋਏ ਹਾਂ। ਫਿਰ ਵੀ ਸਾਡੇ ਬੱਚੇ ਉਨ੍ਹਾਂ ਤੋਂ ਹਜ਼ਾਰ ਗੁਣਾ ਚੰਗੇ ਹਨ। ਘੱਟੋ ਘੱਟ ਬਲਰਾਜ ਦੀ ਤਰ੍ਹਾਂ ਤਾਂ ਬਿਲਕੁਲ ਨਹੀਂ।’’ ‘‘ਆਹੋ ਜਗਰੂਪ ਦੀ ਮਾਨਸਿਕਤਾ ਉਦੋਂ ਬੜੀ ਨੀਵੀਂ ਸੀ,’’ ਜਰਨੈਲ ਨੇ ਆਪਣੀ ਪਤਨੀ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ।
‘‘ਜਗਰੂਪ ਨੂੰ ਆਪਣੇ ਐੱਨਆਰਆਈ ਪੁੱਤ ਦੇ ਡਾਲਰਾਂ ਦੀ ਕਮਾਈ ਦਾ ਬੜਾ ਘੁਮੰਡ ਸੀ। ਆਖਦੀ ਸੀ ਤੁਸੀਂ ਤਾਂ ਇਹ ਸੌ ਜਨਮਾਂ ’ਚ ਵੀ ਨਹੀਂ ਦੇਖ ਸਕਦੇ, ਕਮਾਉਣੇ ਤਾਂ ਦੂਰ ਦੀ ਗੱਲ। ਇਨ੍ਹਾਂ ਗੱਲਾਂ ਕਰਕੇ ਉਹ ਸਾਰੇ ਰਿਸ਼ਤੇਦਾਰਾਂ ਨਾਲੋਂ ਟੁੱਟ ਗਈ ਸੀ ਜੋ ਹੁਣ ਬੈਠੀ ਦੇਖਦੀ ਹੈ ਕਿ ਕੋਈ ਮੇਰਾ ਪਤਾ ਨਹੀਂ ਲੈਂਦਾ। ਉਂਝ ਜੇ ਉਨ੍ਹਾਂ ਕੋਲ ਉਸ ਸਮੇਂ ਚਾਰ ਪੈਸੇ ਸਨ ਤਾਂ ਕੀ ਹੋਇਆ, ਰੋਟੀ ਤਾਂ ਸਾਰੇ ਖਾ ਕੇ ਹੀ ਸੌਂਦੇ ਨੇ ਕੋਈ ਚੋਪੜੀ ਤੇ ਕੋਈ ਅਣਚੋਪੜੀ। ਬਈ! ਮੈਂ ਤਾਂ ਇੱਕ ਗੱਲ ਜਾਣਦੀ ਹਾਂ ਕਿ ਬੰਦੇ ਨੂੰ ਕਦੇ ਵੀ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ। ਆਉਣ ਵਾਲੇ ਕੱਲ੍ਹ ਤੋਂ ਜ਼ਰੂਰ ਡਰਨਾ ਚਾਹੀਦਾ ਹੈ, ਪਤਾ ਨਹੀਂ ਕਿਹੋ ਜਿਹਾ ਸਮਾਂ ਆ ਜਾਵੇ।’’ ਜਰਨੈਲ ਦੀ ਪਤਨੀ ਨੇ ਇਹ ਸਾਰਾ ਕੁਝ ਇੱਕੋ ਸਾਹੇ ਬਿਆਨ ਦਿੱਤਾ ਸੀ ਤੇ ਜਰਨੈਲ ਅਜੇ ਵੀ ਕਾਲਚੱਕਰ ਬਾਰੇ ਸੋਚ ਰਿਹਾ ਸੀ।
ਸੰਪਰਕ: 95173-96001
ਈ-ਮੇਲ: gurtejsingh72783@gmail.com

Advertisement

Advertisement
Author Image

sanam grng

View all posts

Advertisement
Advertisement
×