ਕਲਾ ਉਤਸਵ: ਸੂਬਾ ਪੱਧਰੀ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਅਕਤੂਬਰ
ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੀ ਤਰਜੀਹ ਸਿੱਖਿਆ, ਮੈਡੀਕਲ ਅਤੇ ਸੁਰੱਖਿਆ ਹੈ। ਇਹ ਤਿੰਨੇ ਬੁਨਿਆਦੀ ਖੇਤਰ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਹਰਿਆਣਾ ਸਾਰੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹੇਗਾ। ਜਾਣਕਾਰੀ ਅਨੁਸਾਰ ਹਰਿਆਣਾ ਸਕੂਲ ਸਿੱਖਿਆ ਯੋਜਨਾ ਪਰਿਸ਼ਦ ਅਤੇ ਸਮਗਰ ਸਿੱਖਿਆ ਅਭਿਆਨ ਦੁਆਰਾ ਕਰਵਾਏ ਰਾਜ ਪੱਧਰੀ ਮੁਕਾਬਲੇ ਕਲਾ ਉਤਸਵ- 2024 ਦੇ ਇਨਾਮ ਵੰਡ ਸਮਾਰੋਹ ਵਿੱਚ ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਭਲਾਈ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੁਰੂਕਸ਼ੇਤਰ ਜ਼ਿਲ੍ਹੇ ਦੀ ਲਾਡਵਾ ਵਿਧਾਨ ਸਭਾ ਤੋਂ ਵਿਧਾਇਕ ਹਨ ਅਤੇ ਜ਼ਿਲ੍ਹੇ ਨੂੰ ਸੀਐੱਮ ਸਿਟੀ ਬਣਨ ਦਾ ਬਹੁਤ ਲਾਭ ਮਿਲੇਗਾ। ਇਸ ਮੌਕੇ ਸਮਗਰ ਸਿੱਖਿਆ ਦੇ ਜ਼ਿਲ੍ਹਾ ਪ੍ਰਾਜੈਕਟ ਕੋਆਰਡੀਨੇਟਰ ਸੰਤੋਸ਼ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮੁੱਚੇ ਸਮਾਗਮ ਦੀ ਰਿਪੋਰਟ ਪੇਸ਼ ਕੀਤੀ| ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਲੜਕੇ ਅਤੇ ਲੜਕੀਆਂ ਦੇ 6 ਵਿਸ਼ਿਆਂ ਵਿੱਚ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 22 ਜ਼ਿਲ੍ਹਿਆਂ ਦੀਆਂ 132 ਟੀਮਾਂ, 600 ਦੇ ਕਰੀਬ ਪ੍ਰਤੀਯੋਗੀਆਂ, 120 ਸਹਾਇਕ ਅਧਿਆਪਕਾਂ ਨੇ ਭਾਗ ਲਿਆ।
ਇਸ ਮੌਕੇ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਸਮਾਪਤੀ ਮੌਕੇ ਪੇਸ਼ਕਾਰੀ ਦੇਣ ਵਾਲੇ ਬੱਚਿਆਂ ਨੂੰ ਇਨਾਮੀ ਰਾਸ਼ੀ ਦੇ ਕੇ ਹੌਸਲਾ-ਅਫਜ਼ਾਈ ਵੀ ਕੀਤੀ। ਇਸ ਮੌਕੇ ਐੱਸਡੀਐੱਮ ਕਪਿਲ ਸ਼ਰਮਾ, ਜ਼ਿਲ੍ਹਾ ਮੁਢਲੀ ਸਿੱਖਿਆ ਅਫ਼ਸਰ ਵਿਨੋਦ ਕੌਸ਼ਿਕ, ਕਲਾ ਉਤਸਵ ਦੇ ਜ਼ਿਲ੍ਹਾ ਕੋਆਰਡੀਨੇਟਰ ਸਤਬੀਰ ਕੌਸ਼ਿਕ, ਸੈਣੀ ਸਮਾਜ ਸਭਾ ਦੇ ਪ੍ਰਧਾਨ ਗੁਰਨਾਮ ਸੈਣੀ ਤੇ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਸੁਰਜੀਤ ਕੌਰ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ਼ਬਦ ਗਾਇਨ ਮੁਕਾਬਲੇ ਵਿੱਚ ਕੈਥਲ ਜ਼ਿਲ੍ਹੇ ਦੀ ਟੀਮ ਪਹਿਲੇ, ਸਿਰਸਾ ਜ਼ਿਲ੍ਹੇ ਦੀ ਟੀਮ ਦੂਜੇ ਅਤੇ ਗੁਰੂਗ੍ਰਾਮ ਜ਼ਿਲ੍ਹੇ ਦੀ ਟੀਮ ਤੀਜੇ ਸਥਾਨ ’ਤੇ ਰਹੀ, ਜਦੋਂ ਕਿ ਲੋਕ ਸੰਗੀਤ ਮੁਕਾਬਲੇ ਵਿੱਚ ਕੈਥਲ ਜ਼ਿਲ੍ਹਾ ਪਹਿਲੇ, ਕਰਨਾਲ ਜ਼ਿਲ੍ਹੇ ਦੂਜੇ ਅਤੇ ਸਿਰਸਾ ਜ਼ਿਲ੍ਹੇ ਤੀਜੇ ਸਥਾਨ ’ਤੇ ਰਿਹਾ। ਸਮੂਹ ਲੋਕ ਨਾਚ ਮੁਕਾਬਲੇ ਵਿੱਚ ਫਰੀਦਾਬਾਦ ਜ਼ਿਲ੍ਹੇ ਦੀ ਟੀਮ ਜੇਤੂ ਰਹੀ ਜਦਕਿ ਗੁਰੂਗ੍ਰਾਮ ਦੀ ਟੀਮ ਦੂਜੇ ਅਤੇ ਭਿਵਾਨੀ ਦੀ ਟੀਮ ਤੀਜੇ ਸਥਾਨ ’ਤੇ ਰਹੀ। ਕਹਾਣੀ ਮੁਕਾਬਲੇ ਵਿੱਚ ਰੇਵਾੜੀ ਜ਼ਿਲ੍ਹਾ ਪਹਿਲੇ, ਪਾਣੀਪਤ ਜ਼ਿਲ੍ਹਾ ਦੂਜੇ ਅਤੇ ਕੈਥਲ ਜ਼ਿਲ੍ਹਾ ਤੀਜੇ ਸਥਾਨ ’ਤੇ ਰਿਹਾ, ਜਦੋਂ ਕਿ ਵਿਜ਼ੂਅਲ ਆਰਟ ਮੁਕਾਬਲੇ ਵਿੱਚ ਸੋਨੀਪਤ ਜ਼ਿਲ੍ਹਾ ਪਹਿਲੇ, ਕਰਨਾਲ ਜ਼ਿਲ੍ਹਾ ਦੂਜੇ ਅਤੇ ਪਾਣੀਪਤ ਜ਼ਿਲ੍ਹੇ ਦੀ ਟੀਮ ਤੀਜੇ ਸਥਾਨ ’ਤੇ ਰਹੀ।