ਕਾਕੂ ਇਲਵੈਨ ਨੇ ਜਿੱਤੀ ਕਿਰਤ ਕ੍ਰਿਕਟ ਅਕੈਡਮੀ ਲੀਗ
ਖੇਤਰੀ ਪ੍ਰਤੀਨਿਧ
ਐਸ.ਐਸ.ਏ.ਨਗਰ(ਮੁਹਾਲੀ), 11 ਜੂਨ
ਪਿੰਡ ਮਨੌਲੀ ਵਿੱਚ ਕਿਰਤ ਕ੍ਰਿਕਟ ਅਕੈਡਮੀ ਲੀਗ-4 ਦਾ ਫਾਈਨਲ ਮੁਕਾਬਲਾ ਕਾਕੂ ਇਲੈਵਨ ਦੀ ਟੀਮ ਨੇ ਆਈਐੱਨਐੱਫ਼-11 ਨੂੰ ਛੇ ਵਿਕਟਾਂ ਨਾਲ ਹਰਾ ਕੇ ਜਿੱਤਿਆ। ਟੂਰਨਾਮੈਂਟ ਵਿੱਚ ਛੇ ਟੀਮਾਂ ਨੇ ਹਿੱਸਾ ਲਿਆ। ਗਗਨ ਗਿੱਲ ਚਿੱਲਾ ਛੇ ਮੈਚਾਂ ਵਿੱਚ ਦਸ ਵਿਕਟਾਂ ਲੈ ਕੇ ਟੂਰਨਾਮੈਂਟ ਦਾ ਸਭ ਤੋਂ ਵਧੀਆ ਗੇਂਦਬਾਜ਼ ਅਤੇ ਕਪਿਲ ਝੰਜੇੜੀ ਪੰਜ ਮੈਂਚਾਂ ਵਿੱਚ 297 ਦੌੜਾਂ ਬਣਾ ਕੇ ਟੂਰਨਾਮੈਂਟ ਦੇ ਸਰਬੋਤਮ ਬੱਲੇਬਾਜ਼ ਬਣਿਆ।
ਫ਼ਾਈਨਲ ਦੇ ਫਸਵੇਂ ਮੁਕਾਬਲੇ ਵਿੱਚ ਕਾਕੂ ਇਲੈਵਨ ਦੇ ਕਪਤਾਨ ਗਗਨ ਗਿੱਲ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਨਿਰਧਾਰਤ 20 ਓਵਰਾਂ ਵਿੱਚ ਆਈਐੱਨਐੱਫ਼ ਦੀ ਟੀਮ ਨੇ 19.3 ਓਵਰਾਂ ਵਿੱਚ ਸਾਰੇ ਖਿਡਾਰੀ ਆਊਟ ਹੋਣ ਤੱਕ 168 ਦੌੜਾਂ ਬਣਾਈਆਂ। ਜਵਾਬ ਵਿੱਚ ਕਾਕੂ ਇਲੈਵਨ ਨੇ ਚਾਰ ਵਿਕਟਾਂ ‘ਤੇ 16.3 ਓਵਰਾਂ ਵਿੱਚ 173 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਜੇਤੂ ਟੀਮ ਦੇ ਸੋਨੂੰ ਬੱਲੇਮਾਜਰਾ ਨੇ 62 ਅਤੇ ਲਖਵੀਰ ਸਿੱਧੂ ਨੇ 36 ਦੌੜਾਂ ਬਣਾਈਆਂ। ਕਿਰਤ ਅਕੈਡਮੀ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਅਤੇ ਕ੍ਰਿਕਟ ਕੋਚ ਸੁਮਿਤ ਓਹਰੀ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।