ਕਕਰਾਲਾ ਤੇ ਅਗੇਤਾ ਨੇ ਸੰਘਰਸ਼ਾਂ ਦੇ ਮੋਹਰੀਆਂ ਨੂੰ ਸੌਂਪੀ ਸਰਪੰਚੀ
ਜੈਸਮੀਨ ਭਾਰਦਵਾਜ
ਨਾਭਾ, 19 ਅਕਤੂਬਰ
ਨੇੜਲੇ ਪਿੰਡ ਕਕਰਾਲਾ ਵਿਖੇ ਬਾਇਓਗੈਸ ਪਲਾਂਟ ਲਈ ਰੱਖੀ ਸ਼ਾਮਲਾਟ ਨੂੰ ਵਾਪਸ ਕਰਾਉਣ ਲਈ ਅਗਵਾਈ ਕਰਦੀ ਟੀਮ ਦਾ ਹਿੱਸਾ ਰਹੇ ਭੁਪਿੰਦਰ ਸਿੰਘ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ। ਇਸ ਪਿੰਡ ਵਿੱਚ ਐੱਸਸੀ ਰਿਜ਼ਰਵ ਸਰਪੰਚੀ ਲਈ ਸੱਤ ਉਮੀਦਵਾਰ ਮੈਦਾਨ ਵਿੱਚ ਸਨ। ਭੁਪਿੰਦਰ ਸਿੰਘ (30) ਨੇ ਚੋਣ ਮੈਨੀਫੈਸਟੋ ਲੋਕਾਂ ਦੇ ਮੋਬਾਈਲ ’ਤੇ ਭੇਜਿਆ ਜਿਸ ਵਿੱਚ ਬਾਕੀ ਵਾਅਦਿਆਂ ਵਿੱਚ ਉਸਨੇ ਐਲਾਨਿਆ ਕਿ ਉਹ ਸਰਪੰਚ ਬਣਨ ਦੀ ਸੂਰਤ ਵਿੱਚ ਸਭ ਤੋਂ ਪਹਿਲਾ ਕੰਮ ਬਾਇਓਗੈਸ ਪਲਾਂਟ ਲਈ ਰੱਖੀ 18 ਏਕੜ ਸ਼ਾਮਲਾਟ ਦੀ ਖੇਤੀ ਖਾਤਰ ਬੋਲੀ ਕਰਾਉਣਗੇ। ਉਨ੍ਹਾਂ ਦੱਸਿਆ ਕਿ ਚੋਣ ਲੜਨ ਵਿੱਚ ਉਨ੍ਹਾਂ ਦੇ ਦਸ ਰੁਪਏ ਵੀ ਖਰਚ ਨਹੀਂ ਹੋਏ ਪਰ ਫਿਰ ਵੀ 154 ਏਕੜ ਸ਼ਾਮਲਾਟ ਵਾਲੇ ਇਸ ਪਿੰਡ ਨੇ ਉਸਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ।
ਇਸੇ ਤਰ੍ਹਾਂ ਅਗੇਤਾ ਪਿੰਡ ਨੇ ਰਾਜਨੀਤੀ ਸ਼ਾਸਤਰ ਵਿੱਚ ਬੀਏ (ਆਨਰਜ਼) ਪਾਸ ਰਮਨਜੀਤ ਕੌਰ (21) ਨੂੰ ਸਰਪੰਚੀ ਦੀ ਜ਼ਿੰਮੇਵਾਰੀ ਸੌਂਪੀ ਹੈ। ਐੱਸਸੀ ਮਹਿਲਾ ਲਈ ਰਾਖਵੀਂ ਇਸ ਸੀਟ ’ਤੇ ਜਿੱਤਣ ਵਾਲੀ ਰਮਨਜੀਤ ਪੜ੍ਹਾਈ ਦੇ ਨਾਲ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਲਈ ਸੰਘਰਸ਼ ਵਿੱਚ ਹਿੱਸਾ ਲੈਂਦੀ ਰਹੀ।
ਪਿੰਡ ਵਾਸੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਰਮਨ ਕਾਨੂੰਨ ਪੜ੍ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਾਉਣ ਤੋਂ ਲੈਕੇ ਉਹਨਾਂ ਲਈ ਅਰਜ਼ੀਆਂ ਲਿਖਣ ਦੇ ਕੰਮ ਵਿੱਚ ਆਪਣੀ ਵਿਦਿਆ ਨੂੰ ਲੇਖੇ ਲਾਉਂਦੀ ਰਹੀ। ਅੱਗੇ ਬੀ ਐਡ ਦੀ ਪੜ੍ਹਾਈ ਕਰਨ ਦੇ ਨਾਲ ਪਾਰਦਰਸ਼ੀ ਤਰੀਕੇ ਨਾਲ ਸਰਪੰਚੀ ਕਰਨ ਨੂੰ ਰਮਨਜੀਤ ਨੇ ਆਪਣਾ ਟੀਚਾ ਦੱਸਿਆ।