ਕਾਹਨੂੰਵਾਨ ਦਾ ਛੋਟਾ ਘੱਲੂਘਾਰਾ
ਰਮੇਸ਼ ਬੱਗਾ ਚੋਹਲਾ
ਸਿੱਖੀ ਦੀ ਨਿਆਰੀ ਅਤੇ ਮਿਆਰੀ ਹਸਤੀ ਕਾਇਮ ਰੱਖਣ ਲਈ ਸਮੇਂ-ਸਮੇਂ ’ਤੇ ਸੰਤਾਂ ਨੂੰ ਸਿਪਾਹੀ ਬਣਨਾ ਪਿਆ। ਜਦੋਂ ਵੀ ਕਦੇ ਆਵ ਕੀ ਅਉਧ ਨਿਦਾਨ ਬਣੀ ਹੈ ਤਦ ਹੀ ਖ਼ਾਲਸਈ ਫ਼ੌਜ ਨੇ ਰਣ ਵਿਚ ਜੂਝ ਕੇ ਪਹਿਲਾਂ ਮਰਨ ਕਬੂਲਿਆ ਹੈ। ਇਸ ਸਿਧਾਂਤ ’ਤੇ ਪਹਿਰਾ ਦੇਣ ਵਾਲੇ ਸਿਰਲੱਥ ਸੂਰਮਿਆਂ ਨੇ ਸਿੱਖ ਇਤਿਹਾਸ ਦੀ ਇਬਾਰਤ ਨਾ ਸਿਰਫ਼ ਆਪਣੇ ਖ਼ੂਨ ਨਾਲ ਲਿਖੀ ਸਗੋਂ ਇਸ ਦਾ ਮਾਣ ਵਧਾਉਣ ਲਈ ਸ਼ਹਾਦਤ ਦੇ ਜਾਮ ਵੀ ਪੀਤੇ। ਇਸ ਇਬਾਰਤ ਦਾ ਹੀ ਅਹਿਮ ਅੰਗ ਹੈ ਸੰਨ 1746 ਵਿਚ ਵਾਪਰਿਆ ਛੋਟਾ ਘੱਲੂਘਾਰਾ।
ਸਿੱਖ ਇਤਿਹਾਸ ਵਿਚ ਦੋ ਘੱਲੂਘਾਰਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾਂਦਾ ਹੈ ਜਿਨ੍ਹਾਂ ’ਚੋਂ ਇੱਕ ਨੂੰ ਵੱਡਾ ਅਤੇ ਦੂਸਰੇ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਵਕਤ ਦੇ ਹਾਕਮਾਂ ਅਤੇ ਗੁਰੂੂਘਰ ਦੇ ਦੋਖੀਆਂ ਨੂੰ ਸਿੱਖੀ ਦੀ ਚੜ੍ਹਦੀਕਲਾ ਕਦੇ ਰਾਸ ਨਹੀਂ ਆਈ ਅਤੇ ਉਹ ਹਮੇਸ਼ਾ ਹੀ ਇਸ ਨੂੰ ਢਾਹ ਲਗਾਉਣ ਦੀਆਂ ਚਾਲਾਂ ਚੱਲਦੇ ਰਹੇ ਹਨ। ਇਨ੍ਹਾਂ ਚਾਲਬਾਜ਼ਾਂ ਵਿਚ ਹੀ ਲਾਹੌਰ ਦਰਬਾਰ ਨਾਲ ਜੁੜੇ ਦੀਵਾਨ (ਵਿੱਤ ਮੰਤਰੀ) ਲਖਪਤ ਰਾਏ ਅਤੇ ਉਸ ਦਾ ਸਕਾ ਭਰਾ ਜਸਪਤ ਰਾਏ ਸ਼ਾਮਲ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਇਨ੍ਹਾਂ ਖੱਤਰੀ ਭਰਾਵਾਂ ਦੇ ਈਰਖਾਲੂ ਅਤੇ ਜ਼ਾਲਮਾਨਾ ਸੁਭਾਅ ਕਾਰਨ ਕਾਹਨੂੰਵਾਨ ਦੀ ਛੰਭ ਵਿਚ ਇੱਕ ਖ਼ੂਨੀ ਦੁਖਾਂਤ ਵਾਪਰਿਆ ਜਿਸ ਨੂੰ ਇਤਿਹਾਸ ਵਿੱਚ ਛੋਟੇ ਘੱਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਲਾਹੌਰ ਦੇ ਸੂਬੇਦਾਰ ਯਹੀਆ ਖਾਨ (ਪੁੱਤਰ ਜ਼ਕਰੀਆ ਖਾਨ) ਨੇ ਇਨ੍ਹਾਂ ਦੋਵੇ ਭਰਾਵਾਂ ਨੂੰ ਵਾਧੂ ਅਧਿਕਾਰ ਦਿੱਤੇ ਹੋਏ ਸਨ। ਇਨ੍ਹਾਂ ਦੀ ਵਰਤੋਂ ਉਹ ਅਕਸਰ ਮਨਮਰਜ਼ੀ ਨਾਲ ਕਰਦੇ ਸਨ। ਇਸ ਮਰਜ਼ੀ ਤਹਿਤ ਹੀ ਜਸਪਤ ਰਾਏ ਨੇ ਜਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ। ਜਸਪਤ ਰਾਏ ਦੀ ਇਸ ਵਧੀਕੀ ਕਾਰਨ ਲੋਕ ਖ਼ਾਲਸੇ ਦੀ ਸ਼ਰਨ ਆਉਣ ਲੱਗੇ।
ਸੰਮਤ 1803 ਵਿਚ ਐਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ’ਤੇ ਸਿੱਖ ਸੰਗਤ ਦਾ ਵਿਸ਼ਾਲ ਇਕੱਠ ਹੋਇਆ ਜਿਹੜਾ ਜਸਪਤ ਰਾਏ ਨੂੰ ਚੰਗਾ ਨਾ ਲੱਗਾ। ਉਸ ਨੇ ਸੰਗਤ ਨੂੰ ਗੁਰਦੁਆਰਾ ਖਾਲੀ ਕਰਨ ਦਾ ਹੁਕਮ ਦਿੱਤਾ। ਸੰਗਤ ਵੱਲੋ ਜਵਾਬ ਵਿਚ ਕਿਹਾ ਗਿਆ ਕਿ ਉਹ ਕਈ ਦਿਨਾਂ ਤੋਂ ਫ਼ਾਕੇ ਹਨ, ਪ੍ਰਸ਼ਾਦਾ-ਪਾਣੀ ਬਣਾ/ਛੱਕ ਕੇ ਸਵੇਰੇ ਇਥੋਂ ਕੂਚ ਕਰ ਜਾਣਗੇ ਪਰ ਜਸਪਤ ਰਾਏ ’ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਉਸ ਨੇ ਧਾੜ ਇਕੱਠੀ ਕਰ ਕੇ ਸਿੱਖਾਂ ਉਪਰ ਹਮਲਾ ਕਰ ਦਿੱਤਾ। ਨਾ ਚਾਹੁੰਦਿਆਂ ਹੋਇਆਂ ਵੀ ਸਿੱਖਾਂ ਨੂੰ ਇਹ ਲੜਾਈ ਲੜਨੀ ਪਈ। ਹਾਥੀ ’ਤੇ ਚੜ੍ਹਿਆ ਜਸਪਤ ਰਾਏ ਸਿੱਖਾਂ ਵੱਲ ਵੱਧ ਰਿਹਾ ਸੀ। ਉਸ ਦੇ ਵਾਧੇ ਨੂੰ ਠੱਲ੍ਹ ਪਾਉਣ ਲਈ ਭਾਈ ਨਿਬਾਹੂ ਸਿੰਘ (ਰੰਗਰੇਟਾ) ਪੂਛ ਦਾ ਸਹਾਰਾ ਲੈ ਕੇ ਹਾਥੀ ਉਪਰ ਜਾ ਚੜ੍ਹੇ ਅਤੇ ਉਸ ਨੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਜਸਪਤ ਰਾਏ ਦੀ ਮੌਤ ਨਾਲ ਮੁਗ਼ਲ ਫ਼ੌਜ ਵਿਚ ਭਗਦੜ ਮੱਚ ਗਈ ਅਤੇ ਉਹ ਮੈਦਾਨ ਛੱਡ ਗਈ।
ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਦੀਵਾਨ ਲਖਪਤ ਰਾਏ ਦਾ ਦਿਮਾਗੀ ਤਵਾਜ਼ਨ ਵਿਗੜ ਗਿਆ ਅਤੇ ਉਸ ਨੇ ਬਦਲਾ ਲੈਣ ਦੀ ਠਾਣ ਲਈ। ਉਸ ਦਾ ਕਹਿਣਾ ਸੀ ਜਦ ਤੱਕ ਉਹ ਸਿੱਖੀ ਨੂੰ ਖ਼ਤਮ ਨਹੀਂ ਕਰ ਲੈਂਦਾ ਤਦ ਤੱਕ ਸਿਰ ’ਤੇ ਪੱਗ ਨਹੀਂ ਬੰਨ੍ਹੇਗਾ।
ਲਾਹੌਰ ਦੇ ਗਵਰਨਰ ਯਹੀਆ ਖਾਂ ਤੋਂ ਸ਼ਾਹੀ ਫ਼ੌਜ ਲੈ ਕੇ ਲਖਪਤ ਰਾਏ ਨੇ ਆਪਣੇ ਜ਼ੁਲਮ ਦੀ ਇਬਤਿਦਾ ਕਰ ਦਿੱਤੀ ਜਿਸ ਤਹਿਤ ਉਹ ਲਾਹੌਰ ਸ਼ਹਿਰ ਦੇ ਆਮ ਸਿੱਖਾਂ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਬਣਾਉਣ ਲੱਗਾ। ਦੀਵਾਨ ਕੌੜਾ ਮੱਲ ਦੀ ਅਗਵਾਈ ਹੇਠ ਕੁੱਝ ਪਤਵੰਤੇ ਹਿੰਦੂਆਂ ਨੇ ਲਖਪਤ ਰਾਏ ਨੂੰ ਅਜਿਹਾ ਕਹਿਰ ਕਮਾਉਣ ਤੋਂ ਵਰਜਿਆ ਪਰ ਉਸ ਦੀ ਸਿਹਤ ’ਤੇ ਕੋਈ ਅਸਰ ਨਾ ਹੋਇਆ। ਲਖਪਤ ਰਾਏ ਨੇ ਐਲਾਨ ਕਰਵਾ ਦਿੱਤਾ ਕਿ ਸਿੱਖਾਂ ਨਾਲ ਕੋਈ ਨੇੜਤਾ ਨਾ ਰੱਖੇ ਅਤੇ ਨਾ ਹੀ ਇਨ੍ਹਾਂ ਦੀ ਬਾਣੀ ਪੜ੍ਹੇ। ਉਸ ਨੇ ਗੁੜ ਦੀ ਥਾਂ ‘ਰੋੜੀ’ ਅਤੇ ਗ੍ਰੰਥ ਦੀ ਥਾਂ ‘ਪੋਥੀ’ ਸ਼ਬਦ ਵਰਤਣ ਲਈ ਕਿਹਾ। ਇੱਥੇ ਹੀ ਬਸ ਨਹੀਂ ਉਸ ਨੇ ਪਾਵਨ ਬੀੜਾਂ ਦੀ ਬੇਅਦਬੀ ਕਰਨ ਲੱਗਿਆਂ ਵੀ ਕੋਈ ਕਸਰ ਬਾਕੀ ਨਹੀਂ ਛੱਡੀ।
ਲਖਪਤ ਰਾਏ ਦੀਆਂ ਆਪ ਹੁਦਰੀਆਂ ਦੀ ਖ਼ਬਰ ਜਦੋਂ ਨਵਾਬ ਕਪੂਰ ਸਿੰੰਘ ਨੂੰ ਮਿਲੀ ਤਾਂ ਉਸ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਿਰਕੱਢ ਆਗੂਆਂ ਨੂੰ ਸੁਨੇਹੇ ਭੇਜ ਕੇ ਕਾਹਨੂੰਵਾਨ ਦੀ ਛੰਭ (ਗੁਰਦਾਸਪੁਰ) ਵਿਖੇ ਇਕੱਠੇ ਹੋਣ ਲਈ ਕਿਹਾ। ਨਵਾਬ ਸਾਹਿਬ ਦੇ ਸੰਦੇਸ਼ ’ਤੇ ਇਸ ਛੰਭ ਵਿਚ ਲਗਪਗ 20,000 ਸਿੱਖ ਇਕੱਠੇ ਹੋ ਗਏ ਜਿਨ੍ਹਾਂ ਵਿਚ ਜੱਸਾ ਸਿੰਘ ਆਹਲੂਵਾਲੀਆ, ਸੁੱਖਾ ਸਿੰਘ ਮਾੜੀ ਕੰਬੋਕੀ, ਗੁਰਦਿਆਲ ਸਿੰਘ ਡੱਲੇਵਾਲੀਆ, ਹਰੀ ਸਿੰਘ ਭੰਗੀ ਅਤੇ ਨੋਧ ਸਿੰਘ ਸ਼ੁਕਰਚੱਕੀਆ ਆਦਿ ਦੇ ਜਥੇ ਹਾਜ਼ਰ ਸਨ। ਇਸ ਇਕੱਠ ਦਾ ਪਤਾ ਜਦੋਂ ਦੀਵਾਨ ਲਖਪਤ ਰਾਏ ਨੂੰ ਲੱਗਾ ਤਾਂ ਉਹ ਭਾਰੀ ਫੌਜ ਲੈ ਕੇ (ਯਹੀਆ ਖਾਨ ਸਮੇਤ) ਹਮਲਾ ਕਰਨ ਲਈ ਛੰਭ ਕੋਲ ਪਹੁੰਚ ਗਿਆ। ਇਸ ਹਮਲੇ ਵਿਚ ਸ਼ਾਹੀ ਫੌਜ ਨੇ ਸਿੱਖਾਂ ਉਪਰ ਤੋਪਾਂ ਦੇ ਗੋਲਿਆਂ ਦਾ ਮੀਂਹ ਵਰਸਾ ਦਿੱਤਾ।
ਸਿੱਖਾਂ ਨੇ ਯਹੀਆ ਖਾਨ ਅਤੇ ਲਖਪਤ ਰਾਏ ਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਲੜਾਈ ਦਾ ਇਹ ਸਿਲਸਲਾ ਕਈ ਰੋਜ਼ ਤੱਕ ਚੱਲਦਾ ਰਿਹਾ। ਇਸ ਸਮੇਂ ਦੌਰਾਨ ਸਿੱਖਾਂ ਦਾ ਲੰਗਰ ਮਸਤਾਨਾ ਹੋ ਗਿਆ ਅਤੇ ਸਿੰਘ ਭੁੱਖਣ-ਭਾਣੇ ਲੜਦੇ ਰਹੇ।
ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਜੰਮੂ ਕਸ਼ਮੀਰ ਭੇਜਿਆ ਜਾਣ ਵਾਲਾ ਰਾਸ਼ਨ ਜਾਣਬੁੱਝ ਕੇ ਉਸ ਰਸਤੇ ਭੇਜ ਦਿੱਤਾ ਅਤੇ ਨਾਲ ਹੀ ਉਸ ਰਾਸ਼ਨ ਨੂੰ ਲੁੱਟ ਲੈਣ ਦਾ ਸੰਦੇਸ਼ (ਗੁਪਤਚਰ ਰਾਹੀਂ) ਭੇਜ ਦਿੱਤਾ। ਸਿੱਖਾਂ ਨੇ ਇਸ ਤਰ੍ਹਾਂ ਹੀ ਕੀਤਾ। ਕੌੜਾ ਮੱਲ ਦੀ ਇਸ ਹਮਦਰਦੀ ਨਾਲ ਖ਼ਾਲਸਾ ਫੌਜ ਨੂੰ ਕੁੱਝ ਰਾਹਤ ਮਹਿਸੂਸ ਹੋਈ ਅਤੇ ਉਹ ਦੀਵਾਨ ਸਾਹਿਬ ਦੀ ਰਿਣੀ ਹੋ ਗਈ। ਇਸ ਪਰਉਪਕਾਰ ਬਦਲੇ ਸਿੱਖ ਇਤਿਹਾਸ ਦੀਵਾਨ ਕੌੜਾ ਮੱਲ ਨੂੰ ਮਿੱਠਾ ਮੱਲ ਕਹਿ ਕੇ ਸਤਿਕਾਰਦਾ ਆ ਰਿਹਾ ਹੈ। ਇਹ ਲੜਾਈ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਦੀ ਰਹੀ ਜਿਸ ਵਿਚ ਰਾਸ਼ਨ (ਕੌੜਾ ਮੱਲ ਵਾਲਾ) ਅਤੇ ਗੋਲੀ-ਸਿੱਕਾ ਖ਼ਤਮ ਹੋਣ ਲੱਗਾ।
ਇਸ ਘਮਸਾਨ ਦੀ ਲੜਾਈ ਵਿਚ ਲਖਪਤ ਰਾਏ ਦਾ ਕਾਫੀ ਨੁਕਸਾਨ ਹੋਇਆ। ਉਸ ਦਾ ਪੁੱਤਰ ਹਰਭਜ ਰਾਏ, ਯਹੀਆ ਖਾਨ ਦਾ ਪੁੱਤਰ ਨਾਹਰ ਖਾਨ ਅਤੇ ਫ਼ੌਜਦਾਰ ਕਰਮ ਬਖਸ਼ ਸਿੱਖਾਂ ਹੱਥੋਂ ਮਾਰੇ ਗਏ। ਭਰਾ ਦੀ ਮੌਤ ਤੋਂ ਬਾਅਦ ਪੁੱਤਰ ਦੀ ਮੌਤ ਉਸ ਲਈ ਹੋਰ ਵੀ ਅਸਹਿ ਸਾਬਤ ਹੋਣ ਲੱਗੀ। ਗੁੱਸੇ ਵਿਚ ਆ ਕੇ ਉਸ ਨੇ ਛੰਭ ਦਾ ਘੇਰਾ ਹੋਰ ਸਖ਼ਤ ਕਰ ਦਿੱਤਾ। ਲਗਾਤਾਰ ਸਰਕਾਰੀ ਸਹਾਇਤਾ ਅਤੇ ਗੋਲੀ ਸਿੱਕਾ ਮਿਲਣ ਕਰ ਕੇ ਉਸ ਦਾ ਪੱਲਾ ਭਾਰੀ ਹੋਣ ਲੱਗਾ।
ਗੁੱਸੇ ਵਿਚ ਪਾਗਲ ਹੋਇਆ ਲਖਪਤ ਰਾਏ ਹੋਛੇ ਹਥਕੰਡੇ ਵਰਤਣ ਲੱਗਾ। ਉਸ ਨੇ ਜੰਗਲ ਦੇ ਦਰਖਤ ਕਟਵਾ ਕੇ ਉਸ ਦੇ ਚਾਰੇ ਪਾਸੇ ਅੱਗ ਲਗਵਾ ਦਿੱਤੀ। ਉਸ ਦੀ ਇਸ ਕਰਤੂਤ ਨੇ ਸਿੱਖਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ। ਇੱਕ ਜੇਠ-ਹਾੜ ਦੀ ਤਪਸ਼, ਦੂਜਾ ਜੰਗਲ ਦੀ ਅੱਗ, ਤੀਜੇ ਗੁਰੂ ਘਰ ਦੇ ਵਿਰੋਧੀ ਪਹਾੜੀ ਰਾਜੇ ਅਤੇ ਚੌਥਾ ਚੜ੍ਹਦੇ ਪਾਸੇ ਵੱਲ ਸ਼ੂਕਦਾ ਦਰਿਆ ਬਿਆਸ। ਅਜਿਹੀ ਸੂਰਤ ਵਿਚ ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਇੱਕ ਮਤਾ ਪਾਸ ਕੀਤਾ। ਇਸ ਮਤੇ ਰਾਹੀਂ ਦੁਸ਼ਮਣ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕੀਤਾ ਗਿਆ। ਫ਼ੈਸਲੇ ਮੁਤਾਬਕ ਸਿੱਖਾਂ ਨੇ ਚੜ੍ਹਦੀਕਲਾ ਦੇ ਜੈਕਾਰੇ ਛੱਡੇ ਅਤੇ ਵੈਰੀਆਂ ਖ਼ਿਲਾਫ਼ ਜੂਝ ਪਏ। ਇਸ ਘੱਲੂਘਾਰੇ ਵਿਚ ਕਈ ਸਿੱਖ ਸ਼ਹੀਦ ਹੋ ਗਏ ਅਤੇ ਕਈ ਜ਼ਖ਼ਮੀ। ਜੱਦੋਜਹਿਦ ਕਰਦਿਆਂ ਕੁੱਝ ਸਿੱਖਾਂ ਨੇ ਦਰਿਆ ਬਿਆਸ ਵਿਚ ਛਾਲਾਂ ਮਾਰ ਦਿੱਤੀਆਂ। ਇਨਾਂ ’ਚੋਂ ਕੁੱਝ ਰੁੜ੍ਹ ਗਏ ਅਤੇ ਕੁੱਝ ਪਹਾੜਾਂ ਵੱਲ ਨੂੰ ਹੋ ਤੁਰੇ। ਕਈ ਸਿੱਖਾਂ ਨੂੰ ਮੁਗਲਾਂ ਨੇ ਕੈਦੀ ਬਣਾ ਲਿਆ ਅਤੇ ਲਾਹੌਰ ਸ਼ਹਿਰ ਦੇ ਨਾਖਾਸ ਚੌਕ ਵਿਚ ਬੜੇ ਵਹਿਸ਼ੀ ਢੰਗ ਨਾਲ ਸ਼ਹੀਦ ਕਰ ਦਿੱਤਾ। ਇਸ ਘੱਲੂਘਾਰੇ ਵਿਚ 7000 ਦੇ ਕਰੀਬ ਸਿੱਖ ਸ਼ਹੀਦ ਹੋਏ ਅਤੇ 3000 ਸਿੱਖਾਂ ਨੂੰ ਕੈਦੀ ਬਣਾਇਆ ਗਿਆ। ਕੁੱਝ ਇਤਿਹਾਸਕਾਰਾਂ ਮੁਤਾਬਕ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਗਿਣਤੀ 11,000 ਅਤੇ ਕੈਦ ਕੀਤਿਆਂ ਦੀ 2000 ਹੈ।
ਇਸ ਘੱਲੂਘਾਰੇ ਵਿਚ ਭਾਵੇਂ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ ਪਰ ਦੀਵਾਨ ਲਖਪਤ ਰਾਏ ਦਾ ਸੁਫਨਾ (ਸਿੱਖੀ ਨੂੰ ਖ਼ਤਮ ਕਰਨ ਦਾ) ਅਧੂਰਾ ਹੀ ਰਹਿ ਗਿਆ। ਇੱਕ ਛਿਮਾਹੀ ਪਿੱਛੋਂ ਸਿੱਖ ਦੁਬਾਰਾ ਅੰਮ੍ਰਿਤਸਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ 30 ਮਾਰਚ 1747 ਈ. ਨੂੰ ਸਰਬੱਤ ਖ਼ਾਲਸਾ ਬੁਲਾ ਕੇ ਅੰਮ੍ਰਿਤਸਰ ਵਿਚ ਪੱਕੀ ਠਹਿਰ ਬਣਾਉਣ ਦਾ ਗੁਰਮਤਾ ਪਾਸ ਕਰ ਦਿੱਤਾ। ਇਸ ਗੁਰਮਤੇ ਮੁਤਾਬਕ ਹੀ ਰਾਮ ਰੌਣੀ ਦੇ ਕਿਲ੍ਹੇ ਦੀ ਉਸਾਰੀ ਆਰੰਭ ਕੀਤੀ ਗਈ।
ਸੰਪਰਕ: 94631-32719